ਦਿਵਿਆਂਗਜਨਾਂ ਦੀ ਪ੍ਰਤੀਨਿਧਤਾ ਕਰਨ ਵਾਲੇ ਦਿ ਰਾਇਟਸ ਆਫ ਪਰਸਨਲ ਵਿਦ ਡਿਸੈਬਲਟੀ ਐਕਟ 2016 ਦੇ ਅਧੀਨ ਬਣੀ ਜਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਜਿਸ ਵਿੱਚ ਸਰਕਾਰ ਦੇ ਵੱਖ-ਵੱਖ ਵਿਭਾਗਾਂ ਸਿਹਤ, ਸਿੱਖਿਆ, ਪੀ.ਡਬਲਯੂ.ਡੀ.ਬੀ.ਐਡ.ਆਰ ਦੇ ਜਿਲ੍ਹਾ ਮੁਖੀਆਂ ਦੇ ਨਾਲ-ਨਾਲ ਜਿਲ੍ਹੇ ਵਿੱਚ ਦਿਵਿਆਂਗਜਨਾ ਦੀ ਭਲਾਈ ਲਈ ਕੰਮ ਕਰ ਰਹੀਆਂ ਗੈਰ ਸਰਕਾਰੀ ਸੰਸਥਾਵਾਂ ਦੇ ਮੁੱਖੀ ਮਨਮੋਹਨ ਸਿੰਘ ਜਰਗਰ ਅਤੇ ਗੁਰਿੰਦਰ ਸਿੰਘ ਸੋਨੀ ਨੇ ਭਾਗ ਲਿਆ।
ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਡਿਪਟੀ ਕਮਿਸ਼ਨਰ ਫਤਹਿਗੜ੍ਹ ਸਾਹਿਬ ਦੁਆਰਾ ਸਿਵਲ ਸਰਜਨ, ਸਿਹਤ ਵਿਭਾਗ ਦੁਆਰਾ ਜਾਰੀ ਕੀਤੇ ਜਾ ਰਹੇ ਯੂ.ਡੀ.ਆਈ.ਡੀ. ਕਾਰਡ ਦਾ ਰੀਵਿਊ ਕੀਤਾ ਗਿਆ ਕਿ ਹੁਣ ਤੱਕ 12,482 ਦਿਵਿਆਂਗਜਨ ਵਿਅਕਤੀਆਂ ਦੁਆਰਾ ਯੂ.ਡੀ.ਆਈ.ਡੀ. ਕਾਰਡ ਲੈਣ ਲਈ ਆਨ-ਲਾਇਨ ਅਪਲਾਈ ਕੀਤਾ ਜਾ ਚੁੱਕਾ ਹੈ, ਜਿਹਨਾਂ ਵਿੱਚੋ 7087 ਯੂ.ਡੀ.ਆਈ.ਡੀ. ਕਾਰਡ ਬਣ ਚੁੱਕੇ ਹਨ ਅਤੇ ਬਾਕੀ ਰਹਿੰਦੇ ਕਾਰਡ ਵੀ ਜਲਦੀ ਜਾਰੀ ਕਰ ਦਿੱਤੇ ਜਾਣਗੇ।
ਇਸ ਤੋ ਇਲਾਵਾ ਪੇਂਡੂ ਖੇਂਤਰ ਦੀਆਂ ਦਿਵਿਆਂਗਜਨ ਵਿਦਿਆਰਥਣਾਂ ਨੂੰ ਵਜੀਫਾ ਸਕੀਮ ਬਾਰੇ ਡਿਪਟੀ ਕਮਿਸ਼ਨਰ ਵੱਲੋਂ ਜਿਲ੍ਹਾ ਸਿੱਖਿਆ ਅਫਸਰ, ਸੈਕੰਡਰੀ ਨੂੰ ਹਦਾਇਤ ਕੀਤੀ ਗਈ ਕਿ ਸਕਾਲਰਸ਼ਿਪ ਲਈ ਯੋਗ ਲੋੜਵੰਦ ਲੜਕੀਆਂ ਨੂੰ ਫਾਰਮ ਜਲਦ ਤੋ ਜਲਦ ਮੁਕੰਮਲ ਕਰਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਦੇ ਦਫਤਰ ਭੇਜ ਦਿੱਤੇ ਜਾਣ ਤਾਂ ਜੋ ਉਹਨਾਂ ਨੂੰ ਸਕਾਲਰਸ਼ਿਪ ਦਾ ਲਾਭ ਦਿੱਤਾ ਜਾ ਸਕੇ।
ਇਸ ਤੋ ਇਲਾਵਾ ਡਿਪਟੀ ਕਮਿਸ਼ਨਰ ਦੁਆਰਾ ਨੈਸ਼ਨਲ ਟਰੱਸਟ ਐਕਟ 1999 ਦੇ ਅਧੀਨ ਬਣੀ ਜਿਲ੍ਹਾ ਪੱਧਰੀ ਲੋਕਲ ਲੈਵਲ ਕਮੇਟੀ ਦੇ ਕੰਮਾਂ ਦਾ ਰੀਵਿਊ ਕਰਦੇ ਹੋਏ ਉਹਨਾਂ ਦੇ ਕੰਮਾਂ ਪ੍ਰਤੀ ਤਸੱਲੀ ਪ੍ਰਗਟਾਈ ਗਈ। ਮੀਟਿੰਗ ਵਿੱਚ ਸਵੱਪਨਜੀਤ ਕੌਰ ਸਹਾਇਕ ਸਿਵਲ ਸਰਜਨ, ਮਨਮੋਹਨ ਜਰਗਰ ਰਜਿਸਟਰਡ ਐਨ.ਜੀ.ੳ ਦੇ ਪ੍ਰਤੀਨਿਧ, ਗੁਰਵਿੰਦਰ ਸਿੰਘ ਸੋਨੀ, ਸਰਬੱਤ ਦਾ ਭਲਾ ਸੰਸਥਾ ਵਲੋਂ ਸ਼ਾਮਲ ਹੋਏ। ਇਹ ਮੀਟਿੰਗ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ, ਵਰਿੰਦਰ ਸਿੰਘ ਟਿਵਾਣਾ ਦੁਆਰਾ ਕਨਵੀਨ ਕਰਵਾਈ ਗਈ।