ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਪੰਜਾਬ ਦੇ ਕਿਸਾਨਾਂ ਨੂੰ ਕੀਤੀ ਅਪੀਲ ਨੂੰ ਹਾਂ-ਪੱਖੀ ਹੁੰਗਾਰਾ ਦਿੰਦਿਆਂ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਸ਼ਾਹਬਾਜ਼ਪੁਰ ਵਿਖੇ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਦੀ ਸ਼ੁਰੂਆਤ ਕੀਤੀ ਗਈ, ਜਿੱਥੇ ਕਿਸਾਨ ਓਂਕਾਰ ਸਿੰਘ ਨੇ ਆਪਣੀ 3 ਏਕੜ ਜ਼ਮੀਨ ’ਤੇ ਝੋਨੇ ਦੀ ਸਿੱਧੀ ਬਿਜਾਈ ਕੀਤੀ।ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਉਂਕਾਰ ਸਿੰਘ ਦੇ ਖੇਤਾਂ ਵਿੱਚ ਪਹੁੰਚ ਕੇ, ਡੀ ਐਸ ਆਰ ਵਿਧੀ ਅਪਣਾਉਣ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸ਼ਨਰ ਨੇ ਨੇੜਲੇ ਪਿੰਡਾਂ ਦਾ ਵੀ ਦੌਰਾ ਕੀਤਾ ਅਤੇ ਹੋਰ ਕਿਸਾਨਾਂ ਨੂੰ ਵੀ ਸਿੱਧੀ ਬਿਜਾਈ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਝੋਨੇ ਦੇ ਪਹਿਲਾਂ ਤੋਂ ਉਗਣ ਵਾਲੇ ਬੀਜਾਂ ਨੂੰ ਬਿਨਾਂ ਕਿਸੇ ਤਿਆਰੀ ਜਾਂ ਗਿੱਲੇ ਖੇਤ ਵਿੱਚ ਸਿੱਧਾ ਬੀਜਣ ਲਈ ਸਿੱਧੀ ਬੀਜ ਵਾਲੀ ਮਸ਼ੀਨ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਡੀ ਐਸ ਆਰ ਤਕਨੀਕ ਕਤਾਰਾਂ ਵਿੱਚ ਪੌਦਿਆਂ ਦੀ ਵਿੱਥ ਬਣਾਈ ਰੱਖਣ ਵਿੱਚ ਵੀ ਮਦਦ ਕਰਦਾ ਹੈ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾ ਸਿਰਫ਼ ਸਮੇਂ ਦੀ ਬੱਚਤ ਕਰਦੀ ਹੈ ਬਲਕਿ ਇਸ ਲਈ ਮਾਨਵੀ ਸ਼ਕਤੀ ਵੀ ਘਟ ਖਪਤ ਹੁੰਦੀ ਹੈ।
ਇਸ ਤੋਂ ਅੱਗੇ ਸਭ ਤੋਂ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਬਿਜਾਈ ਦੇ ਰਵਾਇਤੀ ਤਰੀਕਿਆਂ ਵਾਂਗ ਖੇਤਾਂ ਚ ਕੱਦੂ ਕਰਨ ਤੇ ਪਾਣੀ ਖੜ੍ਹਾਉਣ ਦੀ ਲੋੜ ਨਹੀਂ। ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲਿਆਂ ਲਈ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਪ੍ਰੋਤਸਾਹਨ ਦੇਣ ਦਾ ਐਲਾਨ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਡੀ ਐਸ ਆਰ ਤਕਨੀਕ ਦਰਮਿਆਨੀਆ ਤੋਂ ਭਾਰੀ ਜ਼ਮੀਨਾਂ ਚ ਹੀ ਵਰਤੀ ਜਾ ਸਕਦੀ ਹੈ ਕਿਉਂਕਿ ਇਹ ਹਲਕੀ ਮਿੱਟੀ ਲਈ ਢੁਕਵੀਂ ਨਹੀਂ ਹੈ ਅਤੇ ਕਿਸਾਨਾਂ ਨੂੰ ਇਸ ਬਾਰੇ ਅਗਾਊਂ ਜਾਗਰੂਕ ਕੀਤਾ ਜਾ ਚੁੱਕਾ ਹੈ।ਡੀ ਸੀ ਐਨ ਪੀ ਐਸ ਰੰਧਾਵਾ ਨੇ ਕਿਹਾ ਕਿ ਸਿੱਧੀ ਬਿਜਾਈ ਲਾਗਤ ਘਟਾਉਣ ਅਤੇ ਪਾਣੀ ਦੀ ਸੰਭਾਲ ਲਈ ਸਭ ਤੋਂ ਵੱਧ ਵਿਹਾਰਕ ਬਦਲ ਹੈ। ਉਨ੍ਹਾਂ ਕਿਹਾ ਕਿ ਇਸ ਸਾਲ 20380 ਹੈਕਟੇਅਰ ਰਕਬਾ ਡੀ.ਐਸ.ਆਰ ਅਧੀਨ ਲਿਆਂਦਾ ਜਾਵੇਗਾ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਹੈ ਅਤੇ ਪਿਛਲੇ ਸਾਲ ਦੇ 10190 ਹੈਕਟੇਅਰ ਨਾਲੋਂ ਦੁੱਗਣਾ ਹੈ। ਇਸ ਮੌਕੇ ਮੌਜੂਦ ਮੁੱਖ ਖੇਤੀਬਾੜੀ ਅਫ਼ਸਰ ਡਾ: ਰਾਜ ਕੁਮਾਰ ਨੇ ਦੱਸਿਆ ਕਿ ਸਿੱਧੀ ਬਿਜਾਈ ਅਪਣਾਉਣ ਵਾਲੇ ਕਿਸਾਨਾਂ ਦੇ ਰਿਕਾਰਡ ਨੂੰ ਤਸਦੀਕ ਕਰਨ ਲਈ ਇੱਕ ਪੋਰਟਲ ਤਿਆਰ ਕੀਤਾ ਜਾ ਰਿਹਾ ਹੈ ਅਤੇ ਪ੍ਰੋਤਸਾਹਨ ਰਾਸ਼ੀ ਉਨ੍ਹਾਂ ਦੇ ਖਾਤਿਆਂ ਵਿੱਚ ਸਿੱਧੀ ਅਦਾਇਗੀ ਰਾਹੀਂ ਤਬਦੀਲ ਕੀਤੀ ਜਾਵੇਗੀ।