ਜੇਕਰ ਵਿੱਤੀ ਪੱਖੋਂ ਕਮਜ਼ੋਰ, ਭ੍ਰਿਸ਼ਟਾਚਾਰ ਅਤੇ ਮਾਫ਼ੀਆ ਦੀ ਮਾਰ ਹੇਠ ਆਏ ਪੰਜਾਬ ਦੀ ਥਾਂ ਤੇ ਇਕ ਸਵੈ ਨਿਰਭਰ, ਉਦਯੋਗਿਕ ਖੇਤਰ ਵਿਚ ਮੋਹਰੀ ਸੂਬੇ ਵਜੋਂ ਵਾਲੇ ਨਵੇਂ ਪੰਜਾਬ ਦੀ ਸਥਾਪਨਾ ਕਰਨੀ ਹੈ ਤਾਂ ਭਾਜਪਾ ਦੀ ਇਕ ਸਰਕਾਰ ਪੰਜਾਬ ਵਿਚ ਲਿਆਉਣਾ ਸਮੇਂ ਦੀ ਮੰਗ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੋਹਾਲੀ ਤੋਂ ਭਾਜਪਾ, ਅਕਾਲੀ ਦਲ ਸੰਯੁਕਤ ਅਤੇ ਪੰਜਾਬ ਲੋਕ ਕਾਂਗਰਸ ਦੇ ਉਮੀਦਵਾਰ ਸੰਜੀਵ ਵਿਸ਼ਿਸ਼ਟ ਵੱਲੋਂ ਇੰਡਸਟਰੀਅਲ ਬਿਜ਼ਨੈੱਸ ਉੱਨਰ ਐਸੋਸੀਏਸ਼ਨ ਵੱਲੋਂ ਸੈਕਟਰ 82 ਵਿਚ ਰੱਖੇ ਗਏ ਇਕ ਪ੍ਰੋਗਰਾਮ ਦੌਰਾਨ ਕੀਤਾ। ਸੰਜੀਵ ਵਿਸ਼ਿਸ਼ਟ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਪੰਜ ਸਾਲ ਵਿਚ ਉਦਯੋਗਾਂ,ਦੁਕਾਨਦਾਰਾਂ ਅਤੇ ਵਪਾਰੀਆਂ ਲਈ ਕੁੱਝ ਨਹੀਂ ਕੀਤਾ। ਜਿਸ ਨਾਲ ਵੱਡੀ ਗਿਣਤੀ ਵਿਚ ਉਦਯੋਗ ਮੋਹਾਲੀ ਤੋਂ ਪਲਾਇਨ ਕਰਕੇ ਭਾਜਪਾ ਸਰਕਾਰ ਵਾਲੇ ਰਾਜਾਂ ਵਿਚ ਚਲੇ ਗਏ। ਜਿੱਥੇ ਹਰ ਉਦਯੋਗਪਤੀ ਨੂੰ ਬਿਹਤਰੀਨ ਸੁਵਿਧਾ ਮਿਲ ਰਹੀ ਹੈ।ਵਿਸ਼ਿਸ਼ਟ ਨੇ ਕਿਹਾ ਕਿ ਭਾਜਪਾ ਇਹ ਚੰਗੀ ਤਰਾਂ ਸਮਝਦੀ ਹੈ ਕਿ ਜੇਕਰ ਸੂਬਿਆਂ ਨੂੰ ਆਤਮ ਨਿਰਭਰ ਬਣਾਇਆ ਜਾਵੇਗਾ ਤਾਂ ਹੀ ਦੇਸ਼ ਤਰੱਕੀ ਕਰ ਸਕਦਾ ਹੈ। ਇਸੇ ਲਈ ਭਾਜਪਾ ਸਰਕਾਰ ਵਾਲੇ ਹਰ ਰਾਜ ਵਿਚ ਉਦਯੋਗ ਲਗਾਤਾਰ ਤਰੱਕੀ ਕਰਦੇ ਹੋਏ ਆਪਣੇ ਇਲਾਕੇ ਵਿਚ ਰੁਜ਼ਗਾਰ ਵੀ ਪੈਦਾ ਕਰ ਰਹੇ ਹਨ।ਵਿਸ਼ਿਸ਼ਟ ਨੇ ਕਿਹਾ ਕਿ ਮੋਹਾਲੀ ਦੇ ਅੰਤਰ ਰਾਸ਼ਟਰੀ ਹਵਾਈ ਅੱਡੇ ਤੋਂ ਜੇਕਰ ਅਮਰੀਕਾ,ਯੂਰਪ ਅਤੇ ਹੋਰ ਵੱਡੇ ਦੇਸ਼ਾਂ ਲਈ ਅੰਤਰਰਾਸ਼ਟਰੀ ਉਡਾਣਾਂ ਦੀ ਸ਼ੁਰੂਆਤ ਹੋ ਜਾਵੇ, ਕਈ ਕੌਮਾਂਤਰੀ ਕੰਪਨੀਆਂ ਆਸਾਨੀ ਨਾਲ ਪੰਜਾਬ ਵਿਚ ਵੱਖ ਵੱਖ ਉਦਯੋਗ ਲਗਾਉਣ ਲਈ ਆਕਰਸ਼ਿਤ ਹੋ ਜਾਣਗੀਆਂ।
ਵਿਸ਼ਿਸ਼ਟ ਨੇ ਹਾਜ਼ਰ ਉਦਯੋਗਪਤੀਆਂ ਨਾਲ ਵਾਅਦਾ ਕੀਤਾ ਕਿ ਜਿਸ ਤਰਾਂ ਉਨ੍ਹਾਂ ਆਪਣੀ ਮਿਹਨਤ ਨਾਲ ਮੋਹਾਲੀ ਤੋ ਪਹਿਲੀ ਦੁਬਈ ਲਈ ਅੰਤਰ ਰਾਸ਼ਟਰੀ ਉਡਾਣ ਸ਼ੁਰੂ ਕਰਵਾਈ ਸੀ। ਉਸੇ ਤਰਾਂ ਚੋਣਾਂ ਤੋਂ ਬਾਅਦ ਉਹ ਹੋਰ ਅੰਤਰ ਰਾਸ਼ਟਰੀ ਉਡਾਣਾਂ ਲਈ ਕੇਂਦਰੀ ਹਵਾਬਾਜ਼ੀ ਮੰਤਰਾਲੇ ਵਿਚ ਨਵੀਆਂ ਅੰਤਰ ਰਾਸ਼ਟਰੀ ਉਡਾਣਾਂ ਲਈ ਜ਼ੋਰ ਲਗਾਉਣਗੇ।ਸੰਜੀਵ ਵਿਸ਼ਿਸ਼ਟ ਨੇ ਕਿਹਾ ਕਿ ਕੁੱਝ ਦਿਨਾ ਪਹਿਲਾਂ ਭਾਜਪਾ ਸਹਿਯੋਗੀ ਪਾਰਟੀਆਂ ਵੱਲੋਂ ਗਿਆਰਾਂ ਸੂਤਰੀ ਸੰਕਲਪ ਵਿਚ ਵੀ ਉਦਯੋਗ ਜਗਤ ਅਤੇ ਉਦਯੋਗ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਖ਼ਾਸ ਥਾਂ ਰੱਖੀ ਹੈ। ਜਿਸ ਵਿਚ ਉਦਯੋਗਾਂ ਲਈ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਸਥਾਪਿਤ ਕਰਦੇ ਹੋਏ ਸਾਰੀਆਂ ਲੋੜੀਂਦੀਆਂ ਰਸਮਾਂ ਪੰਦਰਾਂ ਦਿਨ ਵਿਚ ਪੂਰੀਆਂ ਕੀਤੀਆਂ ਜਾਣਗੀਆਂ । ਇਸ ਦੇ ਨਾਲ ਕਾਂਗਰਸ ਰਾਜ ਵਿਚ ਮਿਲ ਰਹੀ ਮਹਿੰਗੀ ਬਿਜਲੀ ਦੇ ਰੇਟਾਂ ਨੂੰ ਵੀ ਘੱਟ ਕਰਕੇ ਛੋਟੇ, ਲਘੂ ਅਤੇ ਮੱਧਮ ਉਦਯੋਗਾਂ ਲਈ ਚਾਰ ਰੁਪਏ ਪ੍ਰਤੀ ਯੂਨਿਟ ਰੇਟ ਵਸੂਲ ਕੀਤਾ ਜਾਵੇਗਾ। ਜਦ ਕਿ ਬਾਕੀ ਉਦਯੋਗਾਂ ਲਈ ਸਿਰਫ਼ ਪੰਜ ਰੁਪਏ ਯੂਨਿਟ ਲੱਗੇਗਾ। ਜੋ ਕਿ ਮੌਜੂਦਾ ਦਿਤੇ ਜਾ ਰਹੇ ਰੇਟਾਂ ਤੋਂ ਕਿਤੇ ਘੱਟ ਹਨ।ਵਿਸ਼ਿਸ਼ਟ ਨੇ ਕਾਂਗਰਸੀ ਵਿਧਾਇਕ ਬਲਬੀਰ ਸਿੱਧੂ ਵੱਲੋਂ ਸਿਹਤ ਮੰਤਰੀ ਹੁੰਦੇ ਹੋਏ ਜੋ ਦੁਰਦਸ਼ਾ ਮੋਹਾਲੀ ਦੇ ਹਸਪਤਾਲਾਂ ਦੀ ਕੀਤੀ ਹੈ ਉਸ ਨੂੰ ਪਹਿਲ ਦੇ ਆਧਾਰ ਤੇ ਚੰਡੀਗੜ੍ਹ ਦੇ ਹਸਪਤਾਲਾਂ ਵਾਂਗ ਹੀ ਅਤਿ ਆਧੁਨਿਕ ਬਣਾਇਆਂ ਜਾਵੇਗਾ। ਇਸ ਦੇ ਨਾਲ ਹੀ ਈ ਐੱਸ ਆਈ ਹਸਪਤਾਲਾਂ ਵਿਚ ਵੀ ਆਧੁਨਿਕ ਮਸ਼ੀਨਰੀ ਲਗਾਉਂਦੇ ਹੋਏ ਉਦਯੋਗਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਸਿਹਤ ਲਈ ਵੀ ਉਪਰਾਲੇ ਕੀਤੇ ਜਾਣਗੇ। ਇਸ ਦੇ ਨਾਲ ਉਨ੍ਹਾਂ ਕਰਮਚਾਰੀਆਂ ਲਈ ਐਕਸੀਡੈਂਟ ਇੰਨਸ਼ੋਰੈਸ਼ ਵੀ ਸ਼ੁਰੂ ਕਰਨ ਦੀ ਗੱਲ ਕਹੀ। ਇਸ ਮੌਕੇ ਤੇ ਵੱਡੀ ਗਿਣਤੀ ਵਿਚ ਉਦਯੋਗਪਤੀ ਹਾਜ਼ਰ ਸੀ।