ਕਾਂਗਰਸ ਪਾਰਟੀ ਦੇ ਉਮੀਦਵਾਰ ਐਮ.ਪੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਹ ਲੁਧਿਆਣਾ ਸ਼ਹਿਰ 'ਚ ਇਕ ਪੀ.ਜੀ.ਆਈ ਹਸਪਤਾਲ ਲਿਆਉਣਾ ਚਾਹੁੰਦੇ ਹਨ, ਤਾਂ ਜੋ ਇਥੋਂ ਅਤੇ ਆਲੇ ਦੁਆਲੇ ਦੇ ਖੇਤਰਾਂ ਦੇ ਲੋੜਵੰਦ ਲੋਕਾਂ ਨੂੰ ਸਸਤੇ ਰੇਟਾਂ 'ਤੇ ਵਿਸ਼ਵ ਪੱਧਰੀ ਇਲਾਜ਼ ਮੁਹੱਈਆ ਕਰਵਾਇਆ ਜਾ ਸਕੇ। ਬਿੱਟੂ ਦੇਰ ਸ਼ਾਮ ਕੇਂਦਰੀ ਵਿਧਾਨ ਸਭਾ ਹਲਕੇ ਸਥਿਤ ਹਰਗੋਬਿੰਦ ਨਗਰ ਵਿਖੇ ਆਯੋਜਿਤ ਇਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜਿਸਦਾ ਆਯੋਜਨ ਵਿਧਾਇਕ ਸੁਰਿੰਦਰ ਡਾਵਰ ਤੇ ਇਲਾਕਾ ਕੌਂਸਲਰ ਸੰਜੈ ਤਲਵਾੜ, ਰਾਕੇਸ਼ ਪਰਾਸ਼ਵਰ ਵੱਲੋਂ ਕੀਤਾ ਗਿਆ ਸੀ।ਬਿੱਟੂ ਨੇ ਕਿਹਾ ਕਿ ਲੁਧਿਆਣਾ ਸ਼ਹਿਰ 'ਚ ਕਈ ਵੱਡੇ ਵੱਡੇ ਹਸਪਤਾਲ ਹਨ, ਪਰ ਫਿਰ ਵੀ ਲੋੜਵੰਦ ਲੋਕਾਂ ਨੂੰ ਚੰਗੇ ਇਲਾਜ਼ ਲਈ ਚੰਡੀਗੜ੍ਹ 'ਚ ਪੀ.ਜੀ.ਆਈ ਜਾਂ ਪਟਿਆਲਾ 'ਚ ਰਜਿੰਦਰਾ ਹਸਪਤਾਲ ਜਾਣਾ ਪੈਂਦਾ ਹੈ।
ਉਨ੍ਹਾਂ ਨੇ ਕਿਹਾ ਕਿ ਵਿਕਾਸ ਲੋਕਾਂ ਨੂੰ ਸੱਭ ਤੋਂ ਪਹਿਲਾਂ ਸਿਹਤ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੈ। ਅਜਿਹੇ 'ਚ ਉਨ੍ਹਾਂ ਦਾ ਟੀਚਾ ਲੁਧਿਆਣਾ 'ਚ ਇਕ ਪੀ.ਜੀ.ਆਈ ਹਸਪਤਾਲ ਲਿਆਉਣਾ ਹੈ, ਤਾਂ ਜੋ ਇਸ ਸ਼ਹਿਰ ਤੇ ਆਲੇ ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ ਵਿਸ਼ਵ ਪੱਧਰੀ ਸਿਹਤ ਸੁਵਿਧਾਵਾਂ ਮਿਲ ਸਕਣ। ਬਿੱਟੂ ਨੇ ਕਿਹਾ ਕਿ ਸੂਬੇ ਦੀ ਅਕਾਲੀ ਭਾਜਪਾ ਸਰਕਾਰ ਸਿਹਤ ਤੇ ਹੋਰਨਾਂ ਮੁੱਢਲੀਆਂ ਸੁਵਿਧਾਵਾਂ ਨੂੰ ਲੈ ਕੇ ਬਹੁਤ ਸਾਰੇ ਦਾਅਵੇ ਕੀਤੇ ਜਾ ਰਹੇ ਹਨ। ਪਰ ਇਸ ਬਾਰੇ ਉਨ੍ਹਾਂ ਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈ, ਸੱਚਾਈ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਨੇ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਬਜ਼ੁਰਗਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਹੁਣ ਪੈਨਸ਼ਨ ਵੀ ਨਹੀਂ ਮਿਲ ਰਹੀ।ਇਸ ਮੌਕੇ ਵਿਧਾਇਕ ਡਾਵਰ, ਕੌਂਸਲਰ ਤਲਵਾੜ ਤੇ ਪਰਾਸ਼ਰ ਨੇ ਬਿੱਟੂ ਨੂੰ ਭਾਰੀ ਬਹੁਮਤ ਨਾਲ ਜਿੱਤ ਦਿਲਾਉਣ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਲੋਕ ਅਕਾਲੀ ਭਾਜਪਾ ਸਰਕਾਰ ਦੀ ਧੱਕੇਸ਼ਾਹੀ ਤੋਂ ਬਹੁਤ ਦੁਖੀ ਹਨ ਅਤੇ ਲੋਕ ਸਭਾ ਚੋਣਾਂ ਰਾਹੀਂ ਇਸ ਤਾਨਾਸ਼ਾਹੀ ਗਠਜੋੜ ਤੋਂ ਪਿੱਛਾ ਛੁਡਾਉਣ ਦਾ ਉਨ੍ਹਾਂ ਨੂੰ ਇਕ ਸੁਨਹਿਰਾ ਮੌਕਾ ਮਿਲਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਮਨ ਸੰਧੂ, ਸਾਬਕਾ ਕੌਂਸਲਰ ਜਸਬੀਰ ਚੱਢਾ, ਸ਼ਾਮ ਸੁੰਦਰ ਮਲਹੋਤਰਾ, ਕੈਲਾਸ਼ ਕਪੂਰ, ਗੁਰਸ਼ਰਨ ਸਿੰਘ, ਵਿਨੈ ਵਰਮਾ, ਰਵਿੰਦਰਪਾਲ ਸਿੰਘ ਬਰਾੜ, ਪੰਕਜ ਪ੍ਰਭਾਕਰ, ਸ਼ਾਮ ਲਾਲ ਚਾਵਲਾ, ਰਾਜ ਕੁਮਾਰ ਰਾਜਾ ਵੀ ਮੌਜ਼ੂਦ ਰਹੇ।