ਬਠਿੰਡਾ ਹਲਕੇ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਅੱਜ ਪੰਜਾਬ ਦੇ ਕਾਂਗਰਸੀ ਨੇਤਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਪ੍ਰਵਾਨ ਕਰਨ ਦਾ ਧੰਨਵਾਦ ਕੀਤਾ ਕਿ ਪੀਪਲਜ਼ ਪਾਰਟੀ ਆਫ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਬਾਦਲ ਸਿਆਸੀ ਤੌਰ 'ਤੇ ਖਤਮ ਹੋ ਚੁੱਕੀ ਹਸਤੀ ਹਨ। ਇਹ ਗੱਲ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਅੰਮ੍ਰਿਤਸਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਬੂਲ ਕੀਤੀ ਸੀ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬਠਿੰਡਾ ਅਤੇ ਪੰਜਾਬ ਦੇ ਲੋਕ ਇਹ ਗੱਲ ਚੰਗੀ ਤਰਾਂ ਜਾਣਦੇ ਹਨ ਪਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲੀ ਵਾਰ ਜਨਤਕ ਤੌਰ 'ਤੇ ਇਹ ਗੱਲ ਕਬੂਲਣ ਜੋ ਕਿ ਮੀਡੀਆ ਦੇ ਇਕ ਹਿੱਸੇ ਵਿਚ ਪ੍ਰਕਾਸ਼ਤ ਹੋਈ ਹੈ, ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਮੇਰੇ ਖਿਲਾਫ ਖੜੇ ਕੀਤੇ ਆਪਣੇ ਘੋੜੇ 'ਤੇ ਕਿੰਨਾ ਕੁ ਵਿਸ਼ਵਾਸ ਕਰਦੀ ਹੈ। ਉਹਨਾਂ ਹਿਕਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਬਿਆਨ ਦੇਣ ਨੇ ਸਪਸ਼ਟ ਕਰ ਦਿੱਤਾ ਹੈ ਕਿ ਉਹ ਆਪਣੇ ਬਿਆਨ 'ਤੇ ਕਾਇਮ ਹਨ। ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਇਹ ਭਵਿੱਖਬਾਣੀ ਕੀਤੀ ਸੀ ਕਿ ਵਿਧਾਨ ਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਵਾਵਰੋਲੇ ਵਾਂਗ ਆਪਣੀ ਹੋਂਦ ਗੁਆ ਲੈਣਗੇ।
ਬਠਿੰਡਾ ਦੀ ਸੰਸਦ ਮੈਂਬਰ ਨੇ ਕਿਹਾ ਕਿ ਕਾਂਗਰਸ ਆਗੂ ਵੱਲੋਂ ਲਏ ਸਟੈਂਡ ਨੇ ਮਨਪ੍ਰੀਤ ਬਾਦਲ ਦੀ ਸਥਿਤੀ ਕਸੂਤੀ ਬਣਾ ਦਿੱਤੀ ਹੈ। ਉਹਨਾਂ ਪਹਿਲਾਂ ਇਹ ਕਹਿ ਕੇ ਬਠਿੰਡਾ ਦੇ ਲੋਕਾਂ ਨੂੰ ਮੂਰਖ ਬਣਾਉਣ ਦਾ ਯਤਨ ਕੀਤਾ ਸੀ ਕਿ ਉਹਨਾਂ ਨੇ ਚੰਡੀਗੜ ਵਿਚ ਕੈਪਟਨ ਅਮਰਿੰਦਰ ਸਿੰਘ ਨਾਲ ਸਵੇਰ ਦੇ ਨਾਸ਼ਤੇ 'ਤੇ ਮੀਟਿੰਗ ਕੀਤੀ ਹੈ ਅਤੇ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਬਠਿੰਡਾ ਤੋਂ ਹਮਾਇਤ ਦਾ ਭਰੋਸਾ ਦੁਆਇਆ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੀ. ਪੀ. ਪੀ. ਆਗੂ ਦੇ ਸਵੇਰ ਦੇ ਨਾਸ਼ਤੇ 'ਤੇ ਮੀਟਿੰਗ ਦੀਆਂ ਖਬਰਾਂ ਦਾ ਖੰਡਨ ਕਰ ਦਿੱਤਾ ਸੀ ਤੇ ਮਨਪ੍ਰੀਤ ਦੇ ਝੂਠ ਨੂੰ ਉਜਾਗਰ ਕਰ ਦਿੱਤਾ ਸੀ।ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਮਨਪ੍ਰੀਤ ਸਿੰਘ ਬਾਦਲ ਹੁਣ ਪੂਰੀ ਤਰਾਂ ਕਾਂਗਰਸ 'ਤੇ ਨਿਰਭਰ ਹਨ ਕਿਉਂਕਿ ਉਹਨਾਂ ਦੀ ਆਪਣੀ ਪਾਰਟੀ ਦੇ ਆਗੂ ਉਹਨਾਂ ਨੂੰ ਛੱਡ ਗਏ ਹਨ। ਉਹਨਾਂ ਕਿਹਾ ਕਿ ਉਹ ਹੁਣ ਕਾਂਗਰਸ ਦੇ ਚੋਣ ਨਿਸ਼ਾਨ 'ਤੇ ਚੋਣ ਲੜਨ ਬਾਰੇ ਵੀ ਸੋਚ ਰਹੇ ਹਨ ਜਦਕਿ ਭਗਤ ਸਿੰਘ ਦੇ ਜਨਮ ਅਸਥਾਨ ਖਟਕੜਕਲਾਂ ਵਿਖੇ ਰੈਲੀ ਦੌਰਾਨ ਉਹਨਾਂ ਅਜਿਹਾ ਨਾ ਕਰਨ ਦਾ ਪ੍ਰਣ ਲਿਆ ਸੀ।
ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਹਨਾਂ ਦੀ ਉਮੀਦਵਾਰੀ ਵਿਚ ਬੇਵਿਸਾਹੀ ਦੇ ਪ੍ਰਗਟਾਵੇ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਾਂਗਰਸ ਪਾਰਟੀ ਦੇ ਆਗੂ ਤੇ ਵਰਕਰ ਉਹਨਾਂ ਨੂੰ ਅਪਣਾਉਣ ਨੂੰ ਤਿਆਰ ਨਹੀਂ ਹਨ। ਬਠਿੰਡਾ ਤੋਂ ਸੰਸਦ ਮੈਂਬਰ ਨੇ ਕੈਪਟਨ ਅਮਰਿੰਦਰ ਸਿੰਘ ਦੇ ਉਸ ਬਿਆਨ ਨਾਲ ਅਸਹਿਮਤੀ ਪ੍ਰਗਟ ਕੀਤੀ ਜਿਸ ਵਿਚ ਉਹਨਾਂ ਨੇ ਐਨ ਡੀ ਏ ਦੇ ਪ੍ਰਧਾਨ ਮੰਤਰੀ ਉਮੀਦਵਾਰ ਦੀ ਤੁਲਨਾ ਮਨਪ੍ਰੀਤ ਬਾਦਲ ਨਾਂਲ ਕੀਤੀ ਸੀ। ਉਹਨਾਂ ਹਿਕਾ ਕਿ ਅਜਿਹੀ ਤੁਲਨਾ ਮਨ ਦਾ ਖਿਆਲ ਮਾਤਰ ਹੈ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੋਦੀ ਨੂੰ ਨਿਸ਼ਾਨਾ ਬਣਾਉਣ ਨੇ ਉਹਨਾਂ ਦੀ ਨਿਰਾਸ਼ਾ ਉਜਾਗਰ ਕਰ ਦਿੱਤੀ ਹੈ ਕਿਉਂਕਿ ਹੁਣ ਉਹਨਾਂ ਨੂੰ ਸਪਸ਼ਟ ਹੁੰਦਾ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੇ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਫੈਸਲਾ ਕਰ ਲਿਆ ਹੈ ਅਤੇ ਉਹ ਅੰਮ੍ਰਿਤਸਰ ਤੋਂ ਅਰੁਣ ਜੇਤਲੀ ਦੀ ਚੋਣ ਕਰਨਗੇ। ਇਸ ਕਾਰਨ ਉਹਨਾਂ ਦੇ ਮੱਥੇ 'ਤੇ ਚਿੰਤਾ ਦੀਆਂ ਲਕੀਰਾਂ ਬਣ ਗਈਆਂ ਹਨ ਅਤੇ ਉਹ ਮੋਦੀ 'ਤੇ ਹਮਲੇ ਕਰ ਰਹੇ ਹਨ ਜਦਕਿ ਇਹ ਨਹੀਂ ਜਾਣਦੇ ਕਿ ਇਸ ਨਾਲ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਵਸਨੀਕ ਉਹਨਾਂ ਦੇ ਹੋਰ ਖਿਲਾਫ ਹੋ ਜਾਣਗੇ।