ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ ਨੌਜਵਾਨਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਵਿੱਚ ਕੋਈ ਗੁਰੇਜ ਨਹੀਂ ਕਰਨਾ ਚਾਹੀਦਾ ਹੈ। ਸਗੋ ਆਪਣੇ ਸਵਿਧਾਨਕ ਵੋਟ ਦੇ ਹੱਕ ਦਾ ਇਸਤੇਮਾਲ ਪੁਰੇ ਉਤਸਾਹ ਨਾਲ ਕਰਨਾ ਚਾਹੀਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ ਨੇ ਸਰਕਾਰੀ ਕਾਲਜ ਫੇਜ਼ 6 ਵਿਖੇ ਨਹਿਰੂ ਯੂਵਾ ਕੇਂਦਰ ਐਸ.ਏ.ਐਸ.ਨਗਰ ਦੇ ਸਹਿਯੋਗ ਨਾਲ ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਤੇ ਇਲੈਕਟੋਰਲ ਪਾਰਟੀਸਪੇਸ਼ਨ (ਸਵੀਪ) ਪ੍ਰੋਗਰਾਮ ਤਹਿਤ ਕਰਵਾਏ ਗਏ ਜ਼ਿਲ੍ਹਾ ਯੂਥ ਕਨਵੈਨਸਨ ਅਤੇ ਯੂਵਾ ਕਰਿਤੀ ਸਮਾਗਮ ਦਾ ਰਸਮੀ ਉਦਘਾਟਨ ਕਰਨ ਉਪਰੰਤ ਆਪਣੇ ਸਬੋਧਨ ਵਿੱਚ ਕੀਤਾ। ਇਸ ਤੋਂ ਪਹਿਲਾ ਉਨਾਂ ਨਹਿਰੂ ਯੂਵਾ ਕੇਂਦਰ ਵੱਲੋ ਚਲਾਏ ਜਾ ਰਹੇ ਸਿਲਾਈ ਕੇਂਦਰਾਂ ਵੱਲੋਂ ਤਿਆਰ ਕੀਤੀਆਂ ਵਸਤਾਂ ਦੀ ਲਗਾਈ ਗਈ ਨੁਮਾਇਸ ਦਾ ਮੁਆਇਨਾ ਵੀ ਕੀਤਾ।ਐਸ.ਡੀ.ਐਮ ਇਸ ਮੌਕੇ ਜੁੜੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੈ ਉਹ ਆਪਣੀ ਵੋਟ ਜਰੂਰ ਬਣਾਉਣ ਅਤੇ 30 ਅਪ੍ਰੈਲ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾ ਵਿੱਚ ਆਪਣੀ ਵੋਟ ਦੀ ਵਰਤੋਂ ਬਿਨ੍ਹਾਂ ਕਿਸੇ ਲਾਲਚ ਤੋਂ ਆਪਣੀ ਮਰਜੀ ਨਾਲ ਕਰਨ। ਉਨ੍ਹਾਂ ਇਸ ਮੋਕੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਸਵੀਪ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਆਪਣੀ ਵੋਟ ਬਣਾਉਣ ਅਤੇ ਵੋਟ ਦੀ ਵਰਤੋਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਵੋਟਰ ਆਪਣੇ ਸਵਿਧਾਨਕ ਵੋਟ ਦੇ ਹੱਕ ਦੀ ਵਰਤੋਂ ਕਰਨ ਨੂੰ ਯਕੀਨੀ ਬਣਾਉਣ। ਐਸ.ਡੀ.ਐਮ ਨੇ ਇਸ ਮੌਕੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਨਸ਼ਾ ਰਹਿਤ ਜਿੰਦਗੀ ਜੀਅ ਕੇ ਸਾਡੇ ਮਹਾਨ ਸਹੀਦਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅੱਗੇ ਆਉਣ ਅਤੇ ਇੱਕ ਚੰਗੇ ਅਤੇ ਨਰੋਏ ਸਮਾਜ ਦੀ ਸਿਰਜਣਾ ਵਿੱਚ ਆਪਣਾ ਵੱਡਮੁਲਾ ਯੋਗਦਾਨ ਪਾਉਣ। ਇਸ ਮੌਕੇ ਡਿਪਟੀ ਡਾਇਰੈਕਟਰ ਨਹਿਰੂ ਯੁਵਾ ਕੇਂਦਰ ਸ੍ਰੀ ਬੀ.ਐਸ ਖੋਸਾ ਨੇ ਵੀ ਸਵੀਪ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਆਪਣੀ ਵੋਟ ਦੀ ਵਰਤੋਂ ਕਰਨ ਲਈ ਜੋਰ ਦਿੰਦਿਆ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਮਨੇ ਜਾਂਦੇ ਲੋਕਤੰਤਰ ਸਾਡੇ ਮੁਲਕ ਵਿੱਚ ਹਰੇਕ ਨਾਗਰਿਕ ਜਿਸ ਦੀ ਉਮਰ 18 ਸਾਲ ਜਾਂ ਇਸ ਤੋ ਵੱਧ ਹੈ ਆਪਣੀ ਵੋਟ ਬਣਾਉਣ ਅਤੇ ਵੋਟ ਦੀ ਮਰਜੀ ਨਾਲ ਵਰਤੋਂ ਕਰਨ ਦਾ ਸਵਿਧਾਨਕ ਹੱਕ ਪ੍ਰਾਪਤ ਹੈ।
ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਸਿਖਲਾਈ ਅਧੀਨ ਡਾ. ਸੁਭਪ੍ਰੀਤ ਕੌਰ, ਕੁਮਾਰੀ ਜਸਨ ਗਿੱਲ ਪੀ.ਸੀ.ਐਸ ਸਿਖਲਾਈ ਅਧੀਨ, ਜ਼ਿਲ੍ਹਾ ਯੁਥ ਕੁਆਡੀਨੇਟਰ ਸ੍ਰ: ਪਰਮਜੀਤ ਸਿੰਘ, ਕਾਲਜ ਦੀ ਪ੍ਰਿੰਸੀਪਲ ਪਵਿੰਦਰ ਕੌਰ, ਪ੍ਰੋਫੈਸਰ ਰਜਿੰਦਰ ਸਿੰਘ, ਸਿਖਲਾਈ ਅਧੀਨ ਤਹਿਸੀਲਦਾਰ ਗੁਰਜਿੰਦਰ ਸਿੰਘ, ਪ੍ਰੋਫੈਸਰ ਮੇਹਰ ਸਿੰਘ ਮੱਲੀ, ਪ੍ਰੋਫੈਸਰ ਸੁਨੀਤਾ ਇਬਰੋਲ, ਡਾ. ਜੀ.ਐਸ ਸੇਖੋ ਸਮੇਤ ਹੋਰ ਪਤਵੰਤੇ ਅਤੇ ਕਾਲਜ ਦੇ ਵਿਦਿਆਰਥੀ ਵੱਡੀ ਗਿਣਤੀ ਵਿੱਚ ਮੌਜੂਦ ਸਨ। ਇਸ ਮੌਕੇ ਅਲੰਕਾਰ ਥਿਏਟਰ ਗਰੁੱਪ ਚੰਡੀਗੜ੍ਹ ਦੇ ਕਲਾਕਾਰਾਂ ਵੱਲੋਂ ਨਾਟਰ ਵੋਟ ਬਣਾਓ ਅਤੇ ਵੋਟ ਪਾਓ ਦਾ ਮੰਚਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਨਹਿਰੂ ਯੂਵਾ ਕੇਂਦਰ ਵੱਲੋਂ ਨਾਟਕ ਇੰਨਕਲਾਬ ਜਿੰਦਾਬਾਦ ਵੀ ਪੇਸ ਕੀਤਾ ਗਿਆ।