ਖਾਲਸੇ ਦਾ ਪ੍ਰਸਿੱਧ ਕੌਮੀ ਉਤਸਵ ਹੋਲੇ-ਮਹੱਲਾ ਕੌਮ ਦੀ ਵਿਰਾਸਤੀ ਅਤੇ ਜੰਗਜੂ ਖੇਡ ”ਗੱਤਕਾ” ਦੀ ਪ੍ਰਦਰਸ਼ਨੀ ਤੋਂ ਬਿਨਾਂ ਅਧੂਰਾ ਹੈ ਜਿਸ ਲਈ ਗੱਤਕਾ ਫੈਡਰੇਸ਼ਨ ਆਫ ਇੰਡੀਆ ਵੱਲੋਂ ਭਵਿੱਖ ਵਿੱਚ ਖਾਲਸੇ ਦੀ ਜਨਮ ਭੂਮੀ 'ਤੇ ਹਰ ਸਾਲ ਰਾਸ਼ਟਰੀ ਪੱਧਰ ਦੇ ਵਿਰਸਾ ਸੰਭਾਲ ਗੱਤਕਾ ਮੁਕਾਬਲੇ ਕਰਵਾਏ ਜਾਇਆ ਕਰਨਗੇ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਅਤੇ ਕੁਰਹਿਤਾਂ ਤੋਂ ਦੂਰ ਰੱਖਣ, ਤੰਦਰੁਸਤ ਜੀਵਨ ਜਿਉਣ, ਵਿਰਸੇ ਨਾਲ ਜੋੜਨ ਅਤੇ ਬਾਣੀ-ਬਾਣੇ ਨਾਲ ਜੋੜਿਆ ਜਾ ਸਕੇ। ਇਹ ਪ੍ਰਗਟਾਵਾ ਅੱਜ ਇੱਥੇ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਸਰਪ੍ਰਸਤੀ ਹੇਠ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਪੰਜਾਬ ਵੱਲੋਂ ਕਰਵਾਏ ਪਹਿਲੇ ਹੋਲਾ-ਮਹੱਲਾ ਵਿਰਸਾ ਸੰਭਾਲ ਗੱਤਕਾ ਮੁਕਾਬਲਿਆਂ ਨੂੰ ਸ਼ੁਰੂ ਕਰਨ ਮੌਕੇ ਗੱਤਕਾ ਫੈਡਰੇਸ਼ਨ ਦੇ ਸੰਯੁਕਤ ਸਕੱਤਰ ਡਾ. ਦੀਪ ਸਿੰਘ ਚੰਡੀਗੜ੍ਹ ਅਤੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਰਪ੍ਰਸਤ ਗਿਆਨੀ ਰਣਜੀਤ ਸਿੰਘ ਪਟਿਆਲਾ ਨੇ ਸਾਂਝੇ ਤੌਰ 'ਤੇ ਕੀਤਾ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਉਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਵਲੋਂ ਦਵੱਲੀ ਵਿਕਾਸ ਨੀਤੀ ਤਹਿਤ ਮਾਣਮੱਤੀ ਅਤੇ ਵਿਰਾਸਤੀ ਗੱਤਕਾ ਖੇਡ ਨੂੰ ਹਰਮਨ ਪਿਆਰਾ ਤੇ ਘਰ-ਘਰ ਦੀ ਖੇਡ ਬਣਾਉਣ ਲਈ ਨਿਰੰਤਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਪੰਜਾਬ ਸਮੇਤ ਦੇਸ਼ ਭਰ ਵਿੱਚ ਹੁਣ ਤੱਕ 52 ਵਿਰਸਾ ਸੰਭਾਲ ਗੱਤਕਾ ਮੁਕਾਬਲੇ ਅਤੇ 48 ਮੁਫਤ ਗੱਤਕਾ ਸਿਖਲਾਈ ਕੈਂਪ ਲਾਏ ਜਾ ਚੁੱਕੇ ਹਨ। ਉਨਾਂ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਕਿ ਅੱਜ ਦੇ ਦੌਰ ਵਿੱਚ ਗੱਤਕਾ ਖੇਡ ਲੜਕਿਆਂ ਖਾਸ ਕਰਕੇ ਲੜਕੀਆਂ ਲਈ ਸਵੈ-ਰੱਖਿਆ ਦਾ ਬਿਹਤਰ ਅਤੇ ਸਸਤਾ ਬਦਲ ਹੈ ਜਿਸ ਨਾਲ ਖਿਡਾਰੀਆਂ ਨੂੰ ਨਿਰਭਓ ਹੋ ਕੇ ਜਿੰਦਗੀ ਜਿਉਣ ਦਾ ਮੌਕਾ ਪਮਦਾਨ ਹੁੰਦਾ ਹੈ।
ਖਾਲਸੇ ਦੀ ਆਨ, ਬਾਨ ਤੇ ਸ਼ਾਨ ਦਾ ਪ੍ਰਤੀਕ ਗੱਤਕਾ ਖੇਡ ਸਬੰਧੀ ਇਸ ਹੋਲਾ-ਮਹੱਲਾ ਵਿਰਸਾ ਸੰਭਾਲ ਗੱਤਕਾ ਕੱਪ ਮੁਕਾਬਲਿਆਂ ਵਿੱਚ ਪੰਜਾਬ ਅਤੇ ਚੰਡੀਗੜ੍ਹ ਤੋਂ ਕੁੱਲ 8 ਚੋਟੀ ਦੀਆਂ ਟੀਮਾਂ ਨੇ ਭਾਗ ਲਿਆ। ਇਸ ਗੱਤਕਾ ਕੱਪ ਦਾ ਰਸਮੀ ਉਦਘਾਟਨ ਗੱਤਕਾ ਫੈਡਰੇਸ਼ਨ ਦੇ ਸੰਯੁਕਤ ਸਕੱਤਰ ਡਾ. ਦੀਪ ਸਿੰਘ ਚੰਡੀਗੜ੍ਹ, ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਰਪ੍ਰਸਤ ਗਿਆਨੀ ਰਣਜੀਤ ਸਿੰਘ ਪਟਿਆਲਾ, ਪ੍ਰਿੰਸੀਪਲ ਬਲਜਿੰਦਰ ਸਿੰਘ ਤੂਰ ਕਨਵੀਨਰ ਪੰਜਾਬ ਗੱਤਕਾ ਐਸੋਸੀਏਸ਼ਨ ਅਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ ਵੱਲੋਂ ਕੀਤਾ ਗਿਆ। ਭਾਗ ਲੈਣ ਵਾਲੀਆਂ ਗੱਤਕਾ ਟੀਮਾਂ ਵਿੱਚ ਮੁੱਖ ਤੌਰ 'ਤੇ ਚੰਡੀਗੜ੍ਹ ਗੱਤਕਾ ਐਸੋਸੀਏਸ਼ਨ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਗੱਤਕਾ ਅਖਾੜਾ ਚੰਡੀਗੜ੍ਹ, ਜਿਲਾ ਗੱਤਕਾ ਐਸੋਸੀਏਸ਼ਨ ਮੁਹਾਲੀ, ਜਿਲਾ ਗੱਤਕਾ ਐਸੋਸੀਏਸ਼ਨ ਰੂਪਨਗਰ, ਖਾਲਸਾ ਗਰੁੱਪ ਆਫ ਵਾਰੀਅਰਜ਼ ਮਾਛੀਵਾੜਾ ਸਾਹਿਬ, ਜਿਲਾ ਗੱਤਕਾ ਐਸੋਸੀਏਸ਼ਨ ਲੁਧਿਆਣਾ, ਜਿਲਾ ਗੱਤਕਾ ਐਸੋਸੀਏਸ਼ਨ ਪਟਿਆਲਾ ਅਤੇ ਰਣਜੀਤ ਗੱਤਕਾ ਅਖਾੜਾ ਸ੍ਰੀ ਅਨੰਦਪੁਰ ਸਾਹਿਬ ਟੀਮਾਂ ਨੇ ਆਪਣੀ ਜੰਗਜੂ ਕਲਾ ਦੇ ਜੌਹਰ ਦਿਖਾਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗਿਆਨੀ ਮੁਖਤਿਆਰ ਸਿੰਘ ਪਟਿਆਲਾ, ਰਜਿੰਦਰ ਸਿੰਘ ਤੂਰ, ਜਗਦੀਸ਼ ਸਿੰਘ ਕੁਰਾਲੀ, ਲਖਬੀਰ ਸਿੰਘ ਮੋਹਾਲੀ, ਮਾਰਸ਼ਲ ਆਰਟ ਅਕੈਡਮੀ ਦੇ ਵਿੱਤ ਸਕੱਤਰ ਬਲਜੀਤ ਸਿੰਘ ਸੈਣੀ, ਰਾਜਦੀਪ ਸਿੰਘ ਬਾਲੀ, ਰਾਜਵੀਰ ਸਿੰਘ, ਬਿਨੈਦੀਪ ਸਿੰਘ, ਸਿਮਰਨਜੀਤ ਸਿੰਘ ਵਿਸ਼ੇਸ ਤੌਰ 'ਤੇ ਹਾਜਿਰ ਸਨ।