ਸੂਬੇ ਵਿੱਚ ਊਰਜਾ ਸੰਭਾਲ ਐਕਟ-2001 ਨੂੰ ਲਾਗੂ ਕਰਨ ਲਈ ਰਾਜ ਮਨੋਨੀਤ ਏਜੰਸੀ (ਐਸਡੀਏ) ਹੋਣ ਦੇ ਨਾਤੇ ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਵੱਲੋਂ ਅੱਜ ਪੰਜਾਬ ਰਾਜ ਪਾਵਰ ਕਾਰਪੋਰੇਸਨ ਲਿਮਟਿਡ (ਪੀਐਸਪੀਸੀਐਲ) ਦੇ ਸਹਿਯੋਗ ਨਾਲ ਸੂਬਾ ਪੱਧਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ।ਊਰਜਾ ਬਚਾਊ ਤਕਨੀਕਾਂ ਅਤੇ ਊਰਜਾ ਸੰਭਾਲ ਦਿਵਸ ਸਮਾਰੋਹ ‘ਤੇ ਪ੍ਰਦਰਸਨੀ ਦਾ ਉਦਘਾਟਨ ਕਰਦਿਆਂ ਡਿਸਟ੍ਰੀਬਿਊਸਨ, ਪੀਐਸਪੀਸੀਐਲ ਦੇ ਡਾਇਰੈਕਟਰ ਸ. ਡੀਪੀਐਸ ਗਰੇਵਾਲ ਨੇ ਪੰਜਾਬ ਵਿੱਚ ਊਰਜਾ ਸੰਭਾਲ ਅਤੇ ਊਰਜਾ ਕੁਸਲਤਾ ਦੇ ਵਿਸੇ ‘ਤੇ ਸੂਬੇ ਵੱਲੋਂ ਵੱਖ-ਵੱਖ ਖੇਤਰਾਂ ਜਿਵੇਂ ਇਮਾਰਤਾਂ, ਉਦਯੋਗਾਂ, ਨਗਰ ਪਾਲਿਕਾਵਾਂ, ਖੇਤੀਬਾੜੀ, ਡਿਸਕੌਮ, ਟਰਾਂਸਪੋਰਟ ਆਦਿ ਵਿੱਚ ਕੀਤੇ ਜਾ ਰਹੇ ਮਹੱਤਵਪੂਰਨ ਕਾਰਜਾਂ ਬਾਰੇ ਗੱਲ ਕੀਤੀ। ਉਨਾਂ ਨੇ ਭਾਰਤ ਸਰਕਾਰ ਵੱਲੋਂ 14 ਦਸੰਬਰ ਨੂੰ ਦਿੱਤੇ ਸਟੇਟ ਪਰਫਾਰਮੈਂਸ ਐਵਾਰਡ ਵਿੱਚ ਪਹਿਲਾ ਇਨਾਮ ਪ੍ਰਾਪਤ ਕਰਨ ਲਈ ਪੇਡਾ ਦੀ ਸਲਾਘਾ ਕੀਤੀ। ਪੇਡਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ. ਨਵਜੋਤ ਪਾਲ ਸਿੰਘ ਰੰਧਾਵਾ ਨੇ ਬਿਜਲੀ ਦੀ ਮੰਗ ਅਤੇ ਸਪਲਾਈ ਦਰਮਿਆਨ ਪਾੜੇ ਨੂੰ ਪੂਰਨ ਲਈ ਸੂਬੇ ਵਿੱਚ ਊਰਜਾ ਸੰਭਾਲ ਅਤੇ ਊਰਜਾ ਕੁਸਲਤਾ ਦੀ ਲੋੜ ‘ਤੇ ਜੋਰ ਦਿੱਤਾ। ਉਹਨਾਂ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਊਰਜਾ ਸੰਭਾਲ ਤੇ ਊਰਜਾ ਕੁਸਲਤਾ ਦੇ ਉਪਾਵਾਂ ਨੂੰ ਅਪਣਾਉਂਦੇ ਹੋਏ ਸਮਝਦਾਰੀ ਨਾਲ ਇਸ ਦੀ ਵਰਤੋਂ ਕਰਨ ‘ਤੇ ਜੋਰ ਦਿੱਤਾ।
ਭਾਰਤ ਸਰਕਾਰ ਦੇ ਊਰਜਾ ਮੰਤਰਾਲਾ ਦੇ ਊਰਜਾ ਕੁਸਲਤਾ ਬਿਊਰੋ ਵੱਲੋਂ ਕਈ ਨਵੀਆਂ ਪਹਿਲਕਦਮੀਆਂ ਸੁਰੂ ਕੀਤੀਆਂ ਗਈਆਂ ਹਨ ਜਿਵੇਂ ਨੈੱਟ ਜੀਰੋ ਐਨਰਜੀ ਬਿਲਡਿੰਗਜ ਨੂੰ ਉਤਸਾਹਿਤ ਕਰਨ ਲਈ ‘ਸੁਨਿਆ‘ ਲੇਬਲਿੰਗ ਪ੍ਰੋਗਰਾਮ, ਟਾਇਰਾਂ ਲਈ ਸਟੈਂਡਰਡ ਅਤੇ ਲੇਬਲਿੰਗ ਪ੍ਰੋਗਰਾਮ, ਹਾਈ-ਐਨਰਜੀ ਲਿਥੀਅਮ-ਆਇਨ ਟ੍ਰੈਕਸਨ ਬੈਟਰੀ ਪੈਕ ਐਂਡ ਸਿਸਟਮਸ ਲਈ ਸਟੈਂਡਰਡ ਅਤੇ ਲੇਬਲਿੰਗ ਪ੍ਰੋਗਰਾਮ ਅਤੇ ਐਸਐਮਈਜ਼ ਲਈ ਕਲਾਉਡ-ਅਧਾਰਿਤ ਡਾਟਾ ਵਿਸਲੇਸਣ ਟੂਲ ਜੋ ਪੰਜਾਬ ਵਿੱਚ ਵੀ ਲਾਗੂ ਕੀਤਾ ਜਾਵੇਗਾ।ਪੇਡਾ ਦੇ ਡਾਇਰੈਕਟਰ ਸ੍ਰੀ ਐਮ.ਪੀ. ਸਿੰਘ ਵੱਲੋਂ ਸੂਬੇ ਵਿੱਚ ਊਰਜਾ ਸੰਭਾਲ ਪ੍ਰੋਗਰਾਮ ਤਹਿਤ ਕੀਤੀਆਂ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ ਗਿਆ। ਉਨਾਂ ਨੇ ਹਾਜਰੀਨ ਨੂੰ ਵੱਖ-ਵੱਖ ਖੇਤਰਾਂ ਵਿੱਚ ਊਰਜਾ ਦੀ ਸੰਭਾਲ ਅਤੇ ਸਵੱਛ ਊਰਜਾ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ। ਉਨਾਂ ਇਹ ਵੀ ਦੱਸਿਆ ਕਿ ਪੰਜਾਬ ਈਸੀਬੀਸੀ ਨੂੰ ਲਾਗੂ ਕਰਨ ਵਾਲਾ ਮੋਹਰੀ ਸੂਬਾ ਹੈ, 80 ਤੋਂ ਵੱਧ ਸਮਰੱਥਾ ਨਿਰਮਾਣ ਪ੍ਰੋਗਰਾਮ ਕਰਵਾਏ ਗਏ ਹਨ, ਈਸੀਬੀਸੀ ਅਤੇ ਗ੍ਰੀਨ ਬਿਲਡਿੰਗਾਂ ਨੂੰ ਪ੍ਰੋਤਸਾਹਿਤ ਕਰਨ ਵਿੱਚ ਮੋਹਰੀ ਸੂਬਾ ਹੈ, ਪੰਜਾਬ ਖੇਤੀਬਾੜੀ ਅਤੇ ਗੈਰ-ਖੇਤੀ ਖੇਤਰਾਂ ਲਈ ਡਿਸਕੌਮ ਵੱਲੋਂ ਚਲਾਏ ਜਾਣ ਵਾਲੇ ਡੀਐਸਐਮ ਪ੍ਰੋਗਰਾਮਾਂ ਵਿੱਚ ਚੋਟੀ ਦਾ ਪ੍ਰਦਰਸਨ ਕਰਨ ਵਾਲੇ ਸੂਬਿਆਂ ਵਿੱਚੋਂ ਇੱਕ ਹੈ। ਉਹਨਾਂ ਨੇ ਪ੍ਰਦਰਸਨੀ ਪ੍ਰੋਜੈਕਟਾਂ ਨੂੰ ਲਾਗੂ ਕਰਕੇ ਬਚਾਈ ਗਈ ਊਰਜਾ ਬਾਰੇ ਵੀ ਚਾਨਣਾ ਪਾਇਆ ਜਿਸ ਤਹਿਤ ਸੂਬੇ ਵਿੱਚ ਊਰਜਾ ਸੰਭਾਲ ਗਤੀਵਿਧੀਆਂ ਦੇ ਪ੍ਰਭਾਵ ਬਾਰੇ ਰਿਪੋਰਟ ਅਨੁਸਾਰ ਸਾਲ 2019-20 ਵਿੱਚ 998000 ਮੈਗਾਵਾਟ ਪ੍ਰਤੀ ਘੰਟਾ ਊਰਜਾ ਬਚਾਈ ਗਈ। ਸੂਬੇ ਵਿੱਚ 2.16 ਲੱਖ ਊਰਜਾ ਕੁਸਲ ਬੀਈਈ 4 ਸਟਾਰ ਰੇਟਡ ਖੇਤੀ ਪੰਪਸੈੱਟ ਸਥਾਪਿਤ ਕੀਤੇ ਗਏ ਹਨ।ਥਾਪਰ ਯੂਨੀਵਰਸਿਟੀ, ਪਟਿਆਲਾ ਵਿਖੇ ਕਰਵਾਏ ਗਏ ਸੂਬਾ ਪੱਧਰੀ ਊਰਜਾ ਸੰਭਾਲ ਦਿਵਸ 2021 ਸਬੰਧੀ ਸਮਾਗਮ ਦੌਰਾਨ ਪੀਐਸਪੀਸੀਐਲ ਅਤੇ ਪੇਡਾ ਦੀਆਂ ਊਰਜਾ ਸੰਭਾਲ ਡਵੀਜਨਾਂ ਦੇ ਮੁੱਖ ਕਾਰਜਕਾਰੀ ਅਧਿਕਾਰੀ, ਡਾਇਰੈਕਟਰ, ਅਧਿਕਾਰੀ ਅਤੇ ਇੰਜੀਨੀਅਰ ਮੌਜੂਦ ਸਨ।