ਮੋਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ ਪਿੰਡ ਬਲੌਂਗੀ ਵਿਖੇ ਮੁਸਲਿਮ ਭਾਈਚਾਰੇ ਨੂੰ ਕਬਰਿਸਤਾਨ ਵਿਚ ਕੰਮਕਾਰ ਮੁਕੰਮਲ ਕਰਵਾਉਣ ਉਪਰੰਤ ਚਾਬੀਆਂ ਸੌਂਪੀਆਂ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਹਾਜਿਰ ਸਨ।ਇਸ ਮੌਕੇ ਬੋਲਦਿਆਂ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਕਿਹਾ ਕਿ ਮੁਸਲਿਮ ਭਾਈਚਾਰੇ ਦੀ ਇੱਥੇ ਬਲੌਂਗੀ ਵਿਚ ਕਬਰਿਸਤਾਨ ਦੀ ਚਿਰੋਕਣੀ ਮੰਗ ਸੀ ਤੇ ਹਲਕਾ ਵਿਧਾਇਕ ਤੇ ਸਾਬਕਾ ਮੰਤਰੀ ਬਲਬੀਬ ਸਿੰਘ ਸਿੱਧੂ ਨੇ ਮੁਸਲਿਮ ਭਾਈਚਾਰੇ ਨੂੰ ਇਹ ਜਗ੍ਹਾ ਦਿਵਾਈ ਸੀ। ਉਨ੍ਹਾਂ ਕਿਹਾ ਕਿ ਇਸ ਜਗ੍ਹਾ ਵਿਚ ਨਗਰ ਨਿਗਮ ਵਲੋਂ ਲੋੜੀਂਦੇ ਕੰਮ ਮੁਕੰਮਲ ਕਰਵਾਉਣ ਅਤੇ ਚਾਰਦੀਵਾਰੀ ਉਪਰੰਤ ਅੱਜ ਇਸਦੀ ਚਾਬੀ ਮੁਸਲਿਮ ਭਾਈਚਾਰੇ ਦੀ ਕਮੇਟੀ ਨੂੰ ਸੌਂਪ ਦਿੱਤੀ ਗਈ ਹੈ।
ਮੇਅਰ ਜੀਤੀ ਸਿੱਧੂ ਨੇ ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਭਾਈਚਾਰੇ ਦੀਆਂ ਹੋਰ ਲੋੜਾਂ ਨੂੰ ਵੀ ਪੂਰਾ ਕੀਤਾ ਜਾਵੇਗਾ ਅਤੇ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁਸਲਿਮ ਭਾਈਚਾਰੇ ਨਾਲ ਡਟ ਕੇ ਖੜ੍ਹੇ ਹਨ।ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਤੇ ਸਾਬਕਾ ਸਿਹਤ ਮੰਤਰੀ ਨੇ ਹਮੇਸ਼ਾਂ ਮੁਸਲਿਮ ਭਾਈਚਾਰੇ ਨੂੰ ਆਪਣਾ ਪਰਿਵਾਰ ਮੰਨਿਆ ਹੈ ਅਤੇ ਭਾਈਚਾਰੇ ਦੀਆਂ ਵੱਖ ਵੱਖ ਸੰਸਥਾਵਾਂ ਨੂੰ ਲੋੜੀਂਦੀਆਂ ਗਰਾਂਟਾਂ ਹਮੇਸ਼ਾ ਦਿੱਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਧੂ ਪਰਿਵਾਰ ਹਮੇਸ਼ਾਂ ਮੁਸਲਿਮ ਭਾਈਚਾਰੇ ਨਾਲ ਇਸੇ ਤਰ੍ਹਾਂ ਡਟ ਕੇ ਖੜ੍ਹਾ ਰਹੇਗਾ।ਇਸ ਮੌਕੇ ਮੁਸਲਿਮ ਭਾਈਚਾਰੇ ਦੇ ਆਗੂ ਇਮਰਾਨ ਖਾਨ, ਨੇਸੀ ਖਾਨ, ਨਸੀਮ ਅਹਿਮਦ, ਨਈਮ ਬਾਈ, ਕਾਮਿਲ ਬਾਈ, ਅਵਜਾਲ ਬਾਈ, ਜਵਾਲੁਦੀਨ, ਗੁਲਫਾਮ ਬਾਈ, ਸੌਦਾਗਰ ਖਾਨ ਮਟੌਰ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਬਲੌਂਗੀ ਦੇ ਇੰਚਾਰਜ ਜੋਗਿੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਪ੍ਰਧਾਨ ਬਲੌਂਗੀ, ਐਕਸੀਅਨ ਰਾਜਬੀਰ ਸਿੰਘ ਸਮੇਤ ਹੋਰ ਅਧਿਕਾਰੀ ਹਾਜਿਰ ਸਨ।