ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ 12.23 ਕਰੋੜ ਰੁਪਏ ਦੀ ਲਾਗਤ ਨਾਲ ਬਣਿਆ ਸਰਕਾਰੀ ਡਿਗਰੀ ਕਾਲਜ ਰੋਸ਼ਨਵਾਲਾ ਅੱਜ ਲੋਕ ਅਰਪਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਕੈਬਨਿਟ ਮੰਤਰੀ ਸ਼੍ਰੀ ਸਿੰਗਲਾ ਨੇ ਦੱਸਿਆ ਕਿ 7 ਏਕੜ ਰਕਬੇ ’ਤੇ ਬਣੇ ਇਸ ਸਰਕਾਰੀ ਡਿਗਰੀ ਕਾਲਜ ’ਚ ਚਾਲੂ ਅਕਾਦਮਿਕ ਵਰੇ ਲਈ ਦਾਖਲੇ ਵੀ ਸ਼ੁਰੂ ਕਰਵਾ ਦਿੱਤੇ ਗਏ ਹਨ ਤਾਂ ਜੋ ਨੇੜਲੇ ਇਲਾਕਿਆਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਦੇ ਕੋਰਸਾਂ ਲਈ ਸੰਗਰੂਰ ਜਾਂ ਪਟਿਆਲੇ ਵਰਗੇ ਸ਼ਹਿਰਾਂ ’ਚ ਨਾ ਜਾਣਾ ਪਵੇ। ਉਨਾਂ ਕਿਹਾ ਕਿ ਇਸ ਵਾਰ ਆਰਟਸ ਗਰੁੱਪ ’ਚ ਬੀ.ਏ. ਤੇ ਕਾਮਰਸ ਗਰੁੱਪ ’ਚ ਬੀ.ਕਾਮ ਦੇ ਡਿਗਰੀ ਕੋਰਸਾਂ ਦੇ ਪਹਿਲੇ ਸਾਲ ਲਈ ਦਾਖਲੇ ਸ਼ੁਰੂ ਕਰਵਾਏ ਗਏ ਹਨ। ਉਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀਆਂ ਮੰਗਾਂ ਦੇ ਆਧਾਰ ’ਤੇ ਆਉਣ ਵਾਲੇ ਅਕਾਦਮਿਕ ਸੈਸ਼ਨ ਦੌਰਾਨ ਹੋਰ ਕਿੱਤਾਮੁਖੀ ਕੋਰਸ ਵੀ ਸ਼ੁਰੂ ਕਰਵਾਏ ਜਾਣਗੇ।ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਕਾਲਜ ਲਈ 58,310 ਸਕੁਅੇਰ ਵਰਗ ਫੁੱਟ ਕਵਰਡ ਏਰੀਏ ਦੀ ਆਧੁਨਿਕ ਇਮਾਰਤ ਤਿਆਰ ਕਰਵਾਈ ਗਈ ਹੈ ਜਿਸ ਵਿਚ ਪ੍ਰਬੰਧਕੀ ਬਲਾਕ, ਆਰਟਸ ਤੇ ਸਾਇੰਸ ਸੈਕਸ਼ਨਜ਼ ਲਈ ਦੋ ਸਟੋਰੀ ਕਲਾਸਰੂਮ ਬਲਾਕ; ਕੁੱਲ 17 ਲੈਕਚਰ ਹਾਲ ਤੇ 5 ਲੈਬਜ਼, ਲਾਇਬ੍ਰੇਰੀ ਅਤੇ ਪੜਾਈ ਦੇ ਨਾਲ-ਨਾਲ ਹੋਰ ਕੰਮਾਂ ਲਈ ਮਲਟੀਪਰਪਜ਼ ਹਾਲ ਸ਼ਾਮਲ ਹਨ।
ਸ਼੍ਰੀ ਸਿੰਗਲਾ ਨੇ ਦੱਸਿਆ ਕਿ ਕਾਲਜ ਦੀ ਇਮਾਰਤ ਦੀ ਛੱਤ ’ਤੇ 15 ਕਿਲੋਵਾਟ ਦਾ ਸੋਲਰ ਪਾਵਰ ਸਿਸਟਮ ਵੀ ਲਗਾਇਆ ਗਿਆ ਹੈ ਤਾਂ ਜੋ ਬਿਜਲੀ ਦੇ ਬਿੱਲ ’ਤੇ ਵੀ ਨਿਯੰਤਰਣ ਰੱਖਿਆ ਜਾ ਸਕਦਾ ਹੈ।ਕੈਬਨਿਟ ਮੰਤਰੀ ਨੇ ਦੱਸਿਆ ਕਿ ਭਵਾਨੀਗੜ ਨੇੜੇ ਕੋਈ ਸਰਕਾਰੀ ਡਿਗਰੀ ਕਾਲਜ ਨਾ ਹੋਣ ਕਾਰਨ ਵਿਦਿਆਰਥੀਆਂ ਨੂੰ ਜਾਂ ਤਾਂ ਦੂਰ-ਦਰਾਡੇ ਦੇ ਸ਼ਹਿਰਾਂ ਦੇ ਸਰਕਾਰੀ ਕਾਲਜਾਂ ’ਚ ਜਾਣਾ ਪੈਂਦਾ ਸੀ ਜਾਂ ਫੇਰ ਪ੍ਰਾਇਵੇਟ ਕਾਲਜਾਂ ਦੀਆਂ ਮਹਿੰਗੀਆਂ ਫੀਸਾਂ ਭਰਨੀਆਂ ਪੈਂਦੀਆਂ ਸਨ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਦਾ ਇੱਕ ਹੀ ਟੀਚਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਹਰ ਸਹੂਲਤ ਨੇੜੇ ਤੋਂ ਨੇੜੇ ਮੁਹੱਈਆ ਕਰਵਾਈ ਜਾਵੇ। ਉਨਾਂ ਕਿਹਾ ਕਿ ਇਸ ਸਰਕਾਰੀ ਕਾਲਜ ’ਚ ਖੇਡ ਗਤੀਵਿਧੀਆਂ ਲਈ 200-ਮੀਟਰ ਦਾ ਆਊਟਡੋਰ ਅਥਲੈਟਿਕ ਟਰੈਕ, ਬਾਸਕਿਟਬਾਲ ਕੋਰਟ ਅਤੇ ਵਾਲੀਬਾਲ ਕੋਰਟ ਵੀ ਤਿਆਰ ਕਰਵਾਏ ਗਏ ਹਨ।ਇਸ ਮੌਕੇ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਾਜਿੰਦਰ ਸਿੰਘ ਬੱਤਰਾ, ਕਾਲਜ ਪਿ੍ਰੰਸੀਪਲ ਸੁਖਬੀਰ ਸਿੰਘ, ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਪਿਨ ਬਾਂਸਲ, ਚੇਅਰਮੈਨ ਜ਼ਿਲਾ ਪ੍ਰੀਸ਼ਦ ਜਸਵੀਰ ਕੌਰ, ਸਰਪੰਚ ਪੱਪੂ ਰੋਸ਼ਨਵਾਲਾ, ਚੇਅਰਮੈਨ ਪਰਦੀਪ ਕੱਦ, ਵਾਇਸ ਚੇਅਰਮੈਨ ਹਰੀ ਸਿੰਘ ਫੱਗੂਵਾਲਾ, ਚੇਅਰਮੈਨ ਵਰਿੰਦਰ ਪੰਨਵਾ, ਰਣਜੀਤ ਸਿੰਘ ਤੂਰ, ਵਾਇਸ ਚੇਅਰਮੈਨ ਬਲਜੀਤ ਕੌਰ, ਬਲਵਿੰਦਰ ਸਿੰਘ ਘਾਬਦੀਆ, ਵਰਿੰਦਰ ਮਿੱਤਲ, ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦੇ ਤੇ ਕਾਂਗਰਸੀ ਵਰਕਰ ਵੀ ਹਾਜ਼ਰ ਸਨ।