ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਵਿਕਾਸ ਪੱਖੋਂ ਮੋਹਰੀ ਜ਼ਿਲ੍ਹਾ ਬਣਾਇਆ ਜਾਵੇਗਾ ਅਤੇ ਇਸ ਜਿਲ੍ਹੇ ਦੀ ਜਲਦੀ ਹੀ ਨੁਹਾਰ ਬਦਲ ਜਾਵੇਗੀ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਚੇਅਰਪਰਸਨ ਜ਼ਿਲ੍ਹਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਐਸ.ਏ.ਐਸ.ਨਗਰ ਨੇੜੇ ਪੈਂਦੇ ਪਿੰਡ ਜਗਤਪੁਰਾ ਵਿਖੇ ਲੰਘਦੇ ਜਗਤਪੁਰਾ –ਮੋਹਾਲੀ ਚੋਅ ਤੇ 3 ਕਰੋੜ 41 ਲੱਖ 44 ਹਜ਼ਾਰ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਪੁਲ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ। ਉਹਨਾਂ ਦੱਸਿਆ ਕਿ ਇਸ ਹਾਈ ਲੈਵਲ ਬਣਨ ਵਾਲੇ ਪੁਲ ਨੂੰ 8 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕੀਤਾ ਜਾਵੇਗਾ ਅਤੇ ਇਸ ਪੁਲ ਦੀ ਲੰਬਾਈ 182.43 ਫੁੱਟ ਅਤੇ ਚੌੜਾਈ 42 ਫੁੱਟ ਹੋਵੇਗੀ। ਇਸ ਪੁਲ ਦੇ ਬਣਨ ਨਾਲ ਇਸ ਇਲਾਕੇ ਦੇ 30 ਪਿੰਡਾਂ ਨੂੰ ਲਾਭ ਪੁੱਜੇਗਾ। ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਇਸ ਮੌਕੇ ਪੁਲ ਦੇ ਸ਼ੁਰੂ ਹੋਏ ਨਿਰਮਾਣ ਕਾਰਜ ਦਾ ਜਾਇਜਾ ਵੀ ਲਿਆ। ਉਹਨਾਂ ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਇਸ ਪੁਲ ਨੂੰ ਮਿੱਥੇ ਸਮੇਂ ਤੇ ਮੁਕੰਮਲ ਕੀਤਾ ਜਾਵੇ ਤਾਂ ਜੋ ਆਵਾਜਾਈ ਲਈ ਲੋਕਾਂ ਨੂੰ ਜਲਦੀ ਤੋਂ ਜਲਦੀ ਇਸ ਪੁਲ ਨੂੰ ਸਮਰਪਿਤ ਕੀਤਾ ਜਾ ਸਕੇ।
ਉਹਨਾਂ ਇਸ ਪੁਲ ਦੇ ਨਿਰਮਾਣ ਕਾਰਜਾਂ ਵਿੱਚ ਕਿਸੇ ਕਿਸਮ ਦੀ ਢਿੱਲ ਨਾ ਵਰਤਣ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਤੋਂ ਪਹਿਲਾਂ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਐਸ.ਏ.ਐਸ.ਨਗਰ ਹਲਕੇ ਵਿੱਚ ਪੈਂਦੀਆਂ ਵੱਖ ਵੱਖ ਲਿੰਕ ਸੜਕਾਂ ਦੀ ਮੁਰੰਮਤ ਅਤੇ ਮਜ਼ਬੂਤ ਕਰਨ ਦੇ ਕੰਮਾਂ ਦੇ ਨੀਂਹ ਪੱਥਰ ਵੀ ਰੱਖੇ ਜਿਹਨਾਂ ਤੇ 10 ਕਰੋੜ 36 ਲੱਖ 65 ਹਜ਼ਾਰ ਰੁਪਏ ਖਰਚ ਕੀਤੇ ਜਾਣਗੇ। ਬੀਬੀ ਅਮਨਜੋਤ ਕੌਰ ਰਾਮੂਵਾਲੀਆਂ ਨੇ ਦੱਸਿਆ ਕਿ ਬਾਂਕਰਪੁਰ –ਮਟਰਾ-ਸਿਆਊ-ਪੱਤੋਂ-ਮਾਣਕਪੁਰ ਕੱਲਰ-ਦੈੜੀ ਸੜਕ ਅਤੇ ਚਾਚੂ ਮਾਜਰਾ –ਬਾਂਕਰਪੁਰ-ਝੂੰਗੀਆਂ ਅਪਰੋਚ ਰੋਡ ਤੋਂ ਪਿੰਡ ਮੋਟੇ ਮਾਜਰਾ, ਭਾਗੋਮਾਜਰਾ –ਪਾਤੜਾ- ਸਿਆਊ ਮਾਜਰਾ-ਖਰੜ-ਬਨੂੰੜ ਰੋਡ ਤੋਂ ਰਾਏਪੁਰ ਕਲਾਂ ਅਪਰੋਚ ਰੋਡ ਤੋਂ ਚੂਹੜ ਮਾਜਰਾ , ਬਲੌਂਗੀ ਗੁਰਦੁਆਰਾ ਸਾਹਿਬ ਤੋਂ ਮੇਨ ਰੋਡ-ਕੰਬਾਲਾ –ਪਾਪੜੀ ਸੈਕਟਰ 82 ਤੱਕ ਸੈਕਟਰ 82 ਤੋਂ ਪਿੰਡ ਮਨੌਲੀ , ਬਸਤੀ ਮੌਲੀ, ਸੋਹਾਣਾ –ਬੈਰਮਪੁਰ-ਭਾਗੋਮਾਜਰਾ-ਮਾਣਕ ਮਾਜਰਾ-ਨਾਨੂੰ ਮਾਜਰਾ ਸਮੇਤ ਫਿਰਨੀ ਲਖਨੌਰ, ਖਰੜ –ਚੰਡੀਗੜ੍ਹ ਰੋਡ ਤੋਂ ਬੜ੍ਹਮਾਜਰਾ –ਰਾਏਪੁਰ , ਦਾਊ ਤੋਂ ਹਸ਼ਨਪੁਰ ਤੱਕ ਦੀਆਂ ਸੜਕਾਂ ਦੀ ਮੁਰੰਮਤ ਅਤੇ ਉਹਨਾਂ ਨੂੰ ਮਜ਼ਬੂਤ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਇਹਨਾਂ ਸੜਕਾਂ ਦੀ ਮੁਰੰਮਤ ਹੋਣ ਨਾਲ ਡੇਰਾਬਸੀ -ਜ਼ੀਰਕੁਪਰ-ਚੰਡੀਗੜ੍ਹ -ਬਨੂੰੜ ਵੱਲੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਆਉਣ ਜਾਣ ਵਿੱਚ ਅਸਾਨੀ ਹੋਵੇਗੀ।
ਇਸ ਮੌਕੇ ਐਸ.ਡੀ.ਐਮ ਸ੍ਰੀ ਲਖਮੀਰ ਸਿੰਘ, ਸ੍ਰ ਪਰਮਿੰਦਰ ਸਿੰਘ ਸੋਹਾਣਾ ਉੱਪ ਚੇਅਰਮੈਨ ਲੇਬਰਫੈਡ ਪੰਜਾਬ, ਸੀਨੀਅਰ ਅਕਾਲੀ ਆਗੂ ਸ੍ਰ ਅਰਵਿੰਦਰ ਸਿੰਘ ਭੁੱਲਰ, ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜ਼ਿਲ੍ਹਾ ਮੋਹਾਲੀ ਸ੍ਰ ਬਲਜੀਤ ਸਿੰਘ ਕੁੰਭੜਾ, ਕੌਮੀ ਜਨਰਲ ਸਕੱਤਰ ਯੂਥ ਅਕਾਲੀ ਦਲ ਸ੍ਰ ਪਰਮਜੀਤ ਸਿੰਘ ਕਾਹਲੋਂ, ਐਕਸੀਅਨ ਲੋਕ ਨਿਰਮਾਣ ਵਿਭਾਗ ਸ੍ਰੀ ਗੁਰਸੇਵਕ ਸਿੰਘ ਸਾਂਘਾ, ਅੇਸ.ਡੀ. ਓ ਸ੍ਰੀ ਜਸਵਿੰਦਰ ਸਿੰਘ, ਇੰਜੀਨੀਅਰ ਸ੍ਰੀ ਰਾਜੀਵ ਗੁਪਤਾ, ਸ੍ਰ ਕੁਲਜੀਤ ਸਿੰਘ ਬਾਕਰਪੁਰ, ਜੰਗੀਰ ਸਿੰਘ ਕੰਬਾਲਾ, ਮਾਸਟਰ ਜਸਮੇਰ ਸਿੰਘ ਕੰਬਾਲੀ, ਗੁਰਇਕਬਾਲ ਸਿੰਘ ਗੂਰੀ, ਬਲਜੀਤ ਸਿੰਘ ਜਗਤਪੁਰਾ ਸਮੇਤ ਹੋਰ ਅਧਿਕਾਰੀ ਅਤੇ ਪਿੰਡ ਦੇ ਪਤਵੰਤੇ ਵੀ ਮੌਜੂਦ ਸਨ।