ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਹੈ ਅਗਾਮੀ ਲੋਕ ਸਭਾ ਚੋਣਾਂ ਤੋਂ ਬਾਅਦ ਕੇਂਦਰ ਵਿਚ ਐਨ.ਡੀ.ਏ. ਸਰਕਾਰ ਬਣਨ ਤੇ ਫਾਜ਼ਿਲਕਾ ਸਰਹੱਦ ਵਪਾਰ ਲਈ ਖੋਲ੍ਹ ਦਿੱਤੀ ਜਾਵੇਗੀ ਜਿਸ ਨਾਲ ਨਾ ਕੇਵਲ ਮਾਲਵਾ ਖੇਤਰ ਸਗੋਂ ਸਮੂਚੇ ਪੰਜਾਬ ਨੂੰ ਇਸ ਦਾ ਲਾਭ ਹੋਵੇਗਾ।ਅੱਜ ਇੱਥੇ 24.66 ਕਰੋੜ ਰੁਪਏ ਦੀ ਲਾਗਤ ਨਾਲ ਫਾਜ਼ਿਲਕਾ ਸ਼ਹਿਰ ਵਿਚ 100 ਫੀਸਦੀ ਸੀਵਰੇਜ ਦੀ ਸਹੁਲਤ ਉਪਲਬੱਧ ਕਰਵਾਉਣ ਦੇ ਪ੍ਰੋਜੈਕਟ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਜਨਤਕ ਸਭਾ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਫਾਜ਼ਿਲਕਾ ਦੀ ਸਰਹੱਦ ਵਪਾਰ ਲਈ ਖੁੱਲ ਜਾਣ ਨਾਲ ਇਸ ਇਲਾਕੇ ਤੋਂ ਨਾ ਸਿਰਫ ਪਾਕਿਸਤਾਨ ਸਗੋਂ ਹੋਰ ਅਰਬ ਦੇਸਾਂ ਨਾਲ ਵੀ ਪੰਜਾਬ ਦੇ ਵਪਾਰ ਲਈ ਨਵਾਂ ਰਾਹ ਖੁਲੇਗਾ ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਵੱਡਾ ਹੁਲਾਰਾ ਮਿਲੇਗਾ ਉਥੇ ਇਸ ਨਾਲ ਫਾਜ਼ਿਲਕਾ ਸਮੇਤ ਸਮੂਚੇ ਦੱਖਣੀ ਪੱਛਮੀ ਪੰਜਾਬ ਦੇ ਜ਼ਿਲ੍ਹਿਆਂ ਵਿਚ ਵੀ ਰੁਜਗਾਰ ਦੇ ਨਵੇਂ ਮੌਕੇ ਪੈਦਾ ਹੋਣੇਗੇ। ਉਨ੍ਹਾਂ ਕਿਹਾ ਕਿ ਫਾਜ਼ਿਲਕਾ ਦੀ ਸਾਦਕੀ ਚੌਕੀ ਰਾਹੀਂ ਵਪਾਰ ਸ਼ੁਰੂ ਹੋਣ ਨਾਲ ਇਸ ਸਰਹੱਦੀ ਖੇਤਰ ਵਿਚ ਨਵੇਂ ਉਦਯੋਗ ਲੱਗਣਗੇ ਅਤੇ ਇਸ ਨਾਲ ਇਲਾਕੇ ਦੀ ਖੁਸ਼ਹਾਲੀ ਆਵੇਗੀ।
ਕੇਂਦਰ ਦੀ ਕਾਂਗਰਸ ਅਗਵਾਈ ਵਾਲੀ ਯੁ.ਪੀ.ਏ. ਸਰਕਾਰ ਨੂੰ ਦੇਸ਼ ਵਿਰੋਧੀ ਦੱਸਦਿਆਂ ਸ: ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਸਰਕਾਰ ਦੀਆਂ ਗਲਤ ਆਰਥਿਕ ਨੀਤੀਆਂ ਕਾਰਨ ਦੇਸ਼ ਅੱਜ ਆਰਥਿਕ ਸਮੇਤ ਹਰ ਮੁਹਾਜ ਤੇ ਪਿਛੜ ਰਿਹਾ ਹੈ ਅਤੇ ਦੇਸ਼ ਦੀ ਜਨਤਾ ਲਈ ਮਹਿੰਗਾਈ ਕਾਰਨ ਗੁਜਾਰਾ ਕਰਨਾ ਵੀ ਮੁਸਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਜਨਤਾ ਹੁਣ ਕੇਂਦਰ ਵਿਚੋਂ ਕਾਂਗਰਸ ਨੂੰ ਚੱਲਦਾ ਕਰਕੇ ਦੇਸ਼ ਵਿਚ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਐਨ.ਡੀ.ਏ. ਸਰਕਾਰ ਦਾ ਗਠਨ ਕਰਨ ਦਾ ਪੱਕਾ ਮਨ ਬਣਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਵਰਤਮਾਨ ਸਿਆਸੀ ਹਲਾਤਾਂ ਦੇ ਮੱਦੇਨਜ਼ਰ ਹੁਣ ਇਹ ਤੈਅ ਹੋ ਚੁੱਕਾ ਹੈ ਕਿ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਬਣਨ ਜਾ ਰਹੇ ਹਨ ਅਤੇ ਐਨ.ਡੀ.ਏ. ਸਰਕਾਰ ਬਣਨ ਤੇ ਕੇਂਦਰ ਤੋਂ ਹੋਰ ਵੀ ਵਧੇਰੇ ਧਨ ਪੰਜਾਬ ਦੇ ਵਿਕਾਸ ਲਈ ਮਿਲ ਸਕੇਗਾ। ਉਨ੍ਹਾਂ ਪੰਜਾਬ ਦੇ ਅਵਾਮ ਨੂੰ ਸੱਦਾ ਦਿੱਤਾ ਕਿ ਪੰਜਾਬ ਦੀਆਂ 13 ਦੀਆਂ 13 ਸੀਟਾਂ ਜਿੱਤ ਕੇ ਐਨ.ਡੀ.ਏ. ਦੀ ਝੋਲੀ ਪਾਈਆਂ ਜਾਣ।ਇਸ ਮੌਕੇ ਸ: ਬਾਦਲ ਨੇ ਫਾਜ਼ਿਲਕਾ ਜ਼ਿਲ੍ਹੇ ਲਈ ਵੱਡਾ ਐਲਾਣ ਕਰਦਿਆਂ ਕਿਹਾ ਕਿ ਜਲਦ ਹੀ ਇੱਥੇ ਪੰਜਾਬ ਸਰਕਾਰ ਵੱਲੋਂ 45 ਕਰੋੜ ਦੀ ਲਾਗਤ ਨਾਲ ਇਕ ਵੱਡਾ ਅਤਿ ਅਧੁਨਿਕ ਇਲਾਜ ਸਹੁਲਤਾਂ ਵਾਲਾ ਹਸਪਤਾਲ ਮੰਜੂਰ ਕੀਤਾ ਜਾ ਰਿਹਾ ਹੈ ਜਿਸ ਦੇ ਬਣਨ ਨਾਲ ਲਾਗਲੇ ਜ਼ਿਲ੍ਹਿਆਂ ਦੇ ਲੋਕਾਂ ਨੂੰ ਵੀ ਬਿਹਤਰ ਇਲਾਜ ਸਹੁਲਤਾਂ ਮਿਲ ਸਕਣਗੀਆਂ।
ਉਪ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਕਲਿਆਣਕਾਰੀ ਸਕੀਮਾਂ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਇਕ ਪਾਸੇ ਜਿੱਥੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਦੀ ਸਹੁਲਤ ਦਿੱਤੀ ਜਾ ਰਹੀ ਹੈ ਉੱਥੇ ਗਰੀਬ ਪਰਿਵਾਰਾਂ ਲਈ 1 ਰੁਪਏ ਕਿਲੋ ਆਟਾ ਦੇਣ ਦੀ ਯੋਜਨਾ ਦਾ ਆਗਾਜ ਵੀ ਕਰ ਦਿੱਤਾ ਗਿਆ ਹੈ। ਉਨ੍ਹਾਂ ਵਪਾਰੀਆਂ ਲਈ ਸ਼ੁਰੁ ਕੀਤੀ ਰਾਹਤ ਸਕੀਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਕੀਮ ਤਹਿਤ ਰਜਿਸਟ੍ਰੇਸ਼ਨ ਕਰਵਾਉਣ ਵਾਲੇ ਵਪਾਰੀਆਂ ਨੂੰ ਹਿਸਾਬ ਕਿਤਾਬ ਰੱਖਣ ਦੀ ਛੋਟ ਹੋਵੇਗੀ ਅਤੇ ਵਪਾਰੀ ਨੂੰ ਮਿਲਣ ਵਾਲੇ ਰਾਹਤ ਕਾਰਡ ਤੇ 2 ਲੱਖ ਦਾ ਦੁਰਘਟਨਾ ਬੀਮਾ, 50 ਹਜਾਰ ਦਾ ਸਿਹਤ ਬੀਮਾ ਅਤੇ 5 ਲੱਖ ਤੱਕ ਦਾ ਦੁਕਾਨ ਦੇ ਬੀਮੇ ਦੀ ਸਹੁਲਤ ਵੀ ਮਿਲੇਗੀ।ਇਸ ਤੋਂ ਪਹਿਲਾਂ ਪੰਜਾਬ ਭਾਜਪਾ ਦੇ ਪ੍ਰਧਾਨ ਸ੍ਰੀ ਕਮਲ ਸ਼ਰਮਾ ਨੇ ਆਪਣੇ ਸੰਬੋਧਨ ਵਿਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਿਸਥਾਰ ਸਹਿਤ ਜਿਕਰ ਕੀਤਾ। ਇਸ ਮੌਕੇ ਜ਼ਿਲ੍ਹੇ ਵਿਚ ਵੱਡੇ ਵਿਕਾਸ ਪ੍ਰੋਜੈਕਟਾਂ ਲਈ ਸ: ਬਾਦਲ ਦਾ ਧੰਨਵਾਦ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਜ਼ਿਲ੍ਹੇ ਦੇ ਗਠਨ ਤੋਂ ਲੈ ਕੇ ਹੁਣ ਤੱਕ ਹੋਏ ਅਤੇ ਹੋ ਰਹੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਇਸ ਖੇਤਰ ਦੇ ਵਿਕਾਸ ਤੇ ਵਿਸੇਸ਼ ਤਵੱਜੋਂ ਦੇ ਰਹੀ ਹੈ। ਉਨ੍ਹਾਂ ਨੇ ਸ੍ਰੀ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਐਨ.ਡੀ.ਏ. ਸਰਕਾਰ ਬਣਨ ਤੇ ਪੰਜਾਬ ਦਾ ਹੋਰ ਤੇਜੀ ਨਾਲ ਵਿਕਾਸ ਹੋਵੇਗਾ। ਇਸ ਮੌਕੇ ਮੈਂਬਰ ਲੋਕ ਸਭਾ ਸ: ਸ਼ੇਰ ਸਿੰਘ ਘੁਬਾਇਆ ਨੇ ਵੀ ਸੰਬੋਧਨ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ, ਐਸ.ਐਸ.ਪੀ. ਸ੍ਰੀ ਅਸੋਕ ਬਾਠ, ਏ.ਡੀ.ਸੀ. ਸ੍ਰੀ ਚਰਨਦੇਵ ਸਿੰਘ ਮਾਨ, ਸ੍ਰੀ ਪ੍ਰੇਮ ਵਲੇਚਾ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸ੍ਰੀ ਸੁਬੋਧ ਵਰਮਾ, ਸ੍ਰੀ ਮਨੋਜ ਤ੍ਰਿਪਾਠੀ, ਸ੍ਰੀ ਵਿਨੋਦ ਜਾਗਿਂੜ, ਸ੍ਰੀ ਰਾਕੇਸ ਧੂੜੀਆ, ਬਲਜੀਤ ਸਹੋਤਾ, ਗੁਰਬਿੰਦਰਪਾਲ ਸਿੰਘ ਟਿੱਕਾ, ਸ: ਗੁਰਪਾਲ ਸਿੰਘ ਗਰੇਵਾਲ, ਸੁਖਜਿੰਦਰ ਸਿੰਘ ਭੁੱਲਰ, ਸ੍ਰੀ ਅਸੋਕ ਅਨੇਜਾ, ਗੁਰਪ੍ਰੀਤ ਸਿੰਘ ਲਵਲੀ, ਸਤਿੰਦਰ ਸਿੰਘ ਸਵੀ, ਪਰਮਜੀਤ ਸਿੰਘ ਵੈਰੜ, ਨਰਿੰਦਰ ਸਿੰਘ ਸਵਨਾ, ਸਤਨਾਮ ਸਿੰਘ, ਬਿੱਟੂ ਕਾਠਪਾਲ, ਮਨੂੰ ਰਹੇਜਾ ਆਦਿ ਵੀ ਹਾਜਰ ਸਨ।