ਪ੍ਰਗਤੀਸ਼ੀਲ ਪੰਜਾਬ ਖੇਤਬਾੜੀ ਸੰਮੇਲਨ-2014 ਦੌਰਾਨ ਅੱਜ ਇੱਥੇ ਮੱਛੀ ਪਾਲਣ ਵਿਸ਼ੇ ਤੇ ਆਯੋਜਿਤ ਤਕਨੀਕੀ ਸੈਸ਼ਨ ਦੌਰਾਨ ਵਿਸੇਸ਼ ਤੌਰ ਪੰਜਾਬ ਦੇ ਦੱਖਣੀ ਪੱਛਮੀ ਜ਼ਿਲ੍ਹਿਆਂ ਦੇ ਖਾਰੇ ਪਾਣੀ ਅਤੇ ਸੇਮ ਮਾਰੇ ਇਲਾਕਿਆਂ ਵਿਚ ਮੱਛੀ ਪਾਲਣ ਦੀਆਂ ਸੰਭਾਵਨਾਵਾਂ ਅਤੇ ਚੁਣੌਤੀਆਂ ਤੇ ਚਰਚਾ ਕਰਦਿਆਂ ਮਾਹਿਰਾਂ ਨੇ ਖਾਰੇ ਪਾਣੀ ਦੀਆਂ ਕਿਸਮਾਂ ਨੂੰ ਪੰਜਾਬ ਦੇ ਹਾਲਾਤਾਂ ਅਨੁਸਾਰ ਪਾਲਣ ਦੀ ਤਕਨੀਕ ਵਿਕਸਤ ਕਰਨ ਅਤੇ ਮੱਛੀ ਪਾਲਣ ਦੇ ਧੰਦੇ ਨੂੰ ਮਾਰਕਿਟ ਨਾਲ ਜੋੜੇ ਜਾਣ ਦੀ ਲੋੜ ਤੇ ਜੋਰ ਦਿੱਤਾ ਹੈ। ਸੈਂਟਰਲ ਇਨਲੈਂਡ ਫਿਸਰੀਜ਼ ਰੀਸਰਚ ਇਸੰਟੀਚਿਊਟ ਕਲਕੱਤਾ ਦੇ ਸਾਬਕਾ ਡਾਇਰੈਕਟਰ ਡਾ: ਕੇ.ਕੇ. ਵਾਸ ਦੀ ਪ੍ਰਧਾਨਗੀ ਹੇਠ ਹੋਏ ਇਸ ਸੈਸ਼ਨ ਵਿਚ ਮੱਛੀ ਪਾਲਣ ਨੂੰ ਪੰਜਾਬ ਦੇ ਹਲਾਤਾਂ ਅਨੁਸਾਰ ਢਾਲਣ ਦੀਆਂ ਸੰਭਾਵਨਾਵਾਂ ਤੇ ਵਿਸਥਾਰ ਸਹਿਤ ਚਰਚਾ ਕੀਤੀ ਗਈ। ਇਸ ਮੌਕੇ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਡੀਨ ਡਾ: ਆਸ਼ਾ ਧਵਨ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿਚ 10 ਹਜਾਰ ਹੈਕਟੇਅਰ ਰਕਬੇ ਵਿਚੋਂ 99 ਹਜਾਰ ਟਨ ਮੱਛੀ ਉਤਪਾਦਨ ਹੋ ਰਿਹਾ ਹੈ ਅਤੇ ਪੰਜਾਬ ਪ੍ਰਤੀ ਹੈਕਟੇਅਰ 6.4 ਟਨ ਉਤਪਾਦਨ ਨਾਲ ਦੇਸ਼ ਭਰ ਵਿਚੋਂ ਮੋਹਰੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਛੱਪੜਾਂ ਅਤੇ ਸੇਮ ਮਾਰੇ ਅਤੇ ਖਾਰੇ ਪਾਣੀ ਵਾਲੀਆਂ ਨਕਾਰਾ ਜਮੀਨਾਂ ਨੂੰ ਮੱਛੀ ਪਾਲਣ ਹੇਠ ਲਿਆ ਕੇ ਪੰਜਾਬ ਵਿਚ ਮੱਛੀ ਪਾਲਣ ਦੇ ਖੇਤਰ ਵਿਚ ਸੌਖ ਨਾਲ ਵਾਧਾ ਸੰਭਵ ਹੈ। ਸੈਂਟਰਲ ਇਸਟੀਚਿਊਟ ਆਫ ਫਿਸ਼ਰੀਜ਼ ਐਜੁਕੇਸ਼ਨ ਮੁਬੰਈ ਦੇ ਡਾਇਰੈਕਟਰ ਡਾ: ਡਬਲਯੂ.ਐਸ. ਲਾਕਰਾ ਨੇ ਖਾਰੇ ਪਾਣੀ ਵਿਚ ਮੱਛੀ ਪਾਲਣ ਦੀਆਂ ਸੰਭਾਵਨਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਦੂਨੀਆਂ ਭਰ ਵਿਚ ਸਮੁੰਦਰਾਂ ਅਤੇ ਨਦੀਆਂ ਤੋਂ ਮੱਛੀ ਉਤਪਾਦਨ ਘੱਟ ਰਿਹਾ ਹੈ ਅਤੇ ਇਸ ਲਈ ਮੱਛੀ ਪਾਲਣ ਵਿਚ ਅਪਾਰ ਸੰਭਾਵਨਾਵਾਂ ਹਨ। ਉਨ੍ਹਾਂ ਪੰਜਾਬ ਦੇ ਖਾਰੇ ਪਾਣੀ ਵਾਲੀਆਂ ਜਮੀਨਾਂ ਵਿਚ ਖਾਰੇ ਪਾਣੀ ਵਿਚ ਪਾਲੀਆਂ ਜਾ ਸਕਣ ਵਾਲੀਆਂ ਨਵੀਂਆਂ ਕਿਸਮਾਂ ਦੀ ਕਾਸਤ ਕਰਨ ਦਾ ਸੱਦਾ ਪੰਜਾਬ ਦੇ ਕਿਸਾਨਾਂ ਨੂੰ ਦਿੰਦਿਆਂ ਕਿਹਾ ਕਿ ਇੰਨ੍ਹਾਂ ਕਿਸਮਾਂ ਦੀ ਵਿਦੇਸਾਂ ਵਿਚ ਵੀ ਵੱਡੀ ਮੰਗ ਹੈ ਅਤੇ ਪੰਜਾਬ ਮੱਛੀ ਪਾਲਣ ਰਾਹੀਂ ਵਿਦੇਸ਼ੀ ਮੁਦਰਾ ਵੀ ਕਮਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਵਾਈਟ ਸਰੀਂਫ ਵਰਗੀ ਕਿਸਮ ਦੀਆਂ ਖਾਰੇ ਪਾਣੀ ਦੀਆਂ ਮੱਛੀਆਂ ਤੇ ਹਰਿਆਣਾ ਵਿਚ ਕੀਤੇ ਤਜਰਬਿਆਂ ਦੌਰਾਨ ਉਨ੍ਹਾਂ ਨੂੰ ਪ੍ਰਤੀ ਏਕਤ 7 ਲੱਖ ਰੁਪਏ ਤੱਕ ਦਾ ਲਾਭ ਹੋਇਆ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਕਿਸਾਨਾਂ ਨੂੰ ਖਾਰੇ ਪਾਣੀ ਦੀਆਂ ਮੱਛਲੀਆਂ ਪਾਲਣ ਲਈ ਨਵੀਂਆਂ ਤਕਨੀਕਾਂ ਦੀ ਸਿਖਲਾਈ ਦਿੱਤੇ ਜਾਣ ਦੀ ਜਰੂਰਤ ਹੈ। ਇਸੇ ਤਰਾਂ ਉਨ੍ਹਾਂ ਨੇ ਵੱਡੀਆਂ ਮੱਛਲੀਆਂ ਦੇ ਸੀਡ ਉਤਪਾਦਨ ਲਈ ਨਵੀਂਆਂ ਹੈਚਰੀਆਂ ਸਥਾਪਿਤ ਕਰਨ ਦੀ ਲੋੜ ਦੀ ਗੱਲ ਵੀ ਆਖੀ। ਉਨ੍ਹਾਂ ਕਿਹਾ ਕਿ ਪੰਜਾਬ ਦਾ 1.09 ਲੱਖ ਹੈਕਟੇਅਰ ਰਕਬਾ ਖਾਰੇ ਪਾਣੀ ਨਾਲ ਪ੍ਰਭਾਵਿਤ ਹੈ ਜਿੱਥੇ ਖਾਰੇ ਪਾਣੀ ਦੀਆਂ ਮੱਛਲੀਆਂ ਆਸਾਨੀ ਨਾਲ ਪਾਲੀਆਂ ਜਾ ਸਕਦੀਆਂ ਹਨ। ਇਹ ਸਾਰਾ ਖੇਤਰ ਪੰਜਾਬ ਦੇ ਮਾਲਵਾ ਵਿਚ ਸਥਿਤ ਦੱਖਣੀ ਪੱਛਮੀ ਜ਼ਿਲ੍ਹਿਆਂ ਵਿਚ ਸਥਿਤ ਹੈ। ਡੀ.ਐਫ.ਆਰ.ਐਲ. ਮੈਸੂਰ ਦੇ ਡਾ: ਜਯਾਥਿੱਲੀਕੰਕ ਨੇ ਮੱਛੀ, ਅੰਡੇ ਅਤੇ ਮੀਟ ਦੀ ਪ੍ਰੋਸੈਸਿੰਗ ਨੂੰ ਸਮੇਂ ਦੀ ਜਰੂਰਤ ਦੱਸਦਿਆਂ ਕਿਹਾ ਕਿ ਬਰਿਕਸ਼ ਦੇਸ਼ਾਂ (ਬ੍ਰਾਜ਼ਿਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫ਼ਰੀਕਾ) ਵਿਚ ਦੁਨੀਆਂ ਦੀ 50 ਫੀਸਦੀ ਅਬਾਦੀ ਵਸਦੀ ਹੈ ਅਤੇ ਇਹ ਅਬਾਦੀ ਜਾਨਵਰਾਂ ਤੇ ਅਧਾਰਿਤ ਪ੍ਰੋਟੀਨ ਭੋਜਨ ਲਈ ਪ੍ਰੋਸੈਸ਼ਡ ਪਦਾਰਥਾਂ ਤੇ ਨਿਰਭਰ ਹੈ। ਇਸ ਵੱਡੇ ਬਾਜਾਰ ਤੇ ਕਬਜਾ ਕਰਨ ਲਈ ਮੀਟ, ਅੰਡੇ ਅਤੇ ਮੱਛੀ ਦੀ ਪ੍ਰੋਸੈਸਿੰਗ ਰਾਹੀਂ ਭਾਰਤ ਆਪਣੇ ਕਿਸਾਨਾਂ ਦੀ ਬਿਹਤਰ ਲਈ ਵੱਡਮੁੱਲਾ ਕਾਰਜ ਕਰ ਸਕਦਾ ਹੈ। ਪੰਜਾਬ ਦੇ ਮੱਛੀ ਪਾਲਕ ਕਿਸਾਨਾਂ ਸ: ਮਨਜੀਤ ਸਿੰਘ ਸੰਧੂ ਅਤੇ ਸ: ਗੁਰਜਤਿੰਦਰ ਸਿੰਘ ਵਿਰਕ ਨੇ ਮੱਛੀ ਪਾਲਣ ਨੂੰ ਉਤਸਾਹਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਅਤੇ ਇਸ ਸੰਮੇਲਣ ਦੇ ਆਯੋਜਨ ਲਈ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਹੁਣ ਜਦ ਪੰਜਾਬ ਦੇ ਕਣਕ ਅਤੇ ਚੌਲ ਦੀ ਕੌਮੀ ਬਾਜਾਰ ਵਿਚ ਮੰਗ ਘੱਟ ਰਹੀ ਹੈ ਤਾਂ ਪੰਜਾਬ ਦੇ ਕਿਸਾਨਾਂ ਨੂੰ ਖੇਤੀ ਬਦਲਾਅ ਦੇ ਰਾਹ ਤੁਰਨਾ ਹੀ ਪਵੇਗਾ। ਇਸ ਮੌਕੇ ਡਾ. ਬੀ.ਕੇ. ਸੂਦ ਡਾਇਰੈਕਟਰ ਮੱਛੀ ਪਾਲਣ ਨੇ ਸਭ ਨੂੰ ਇੱਥੇ ਪੁੱਜਣ ਤੇ ਜੀ ਆਇਆਂ ਨੂੰ ਆਖਿਆ।