ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਮੁੱਖ ਪ੍ਰਸ਼ਾਸਕ ਗਮਾਡਾ ਪ੍ਰਦੀਪ ਕੁਮਾਰ ਅਗਰਵਾਲ ਨੂੰ ਅਰਧ ਸਰਕਾਰੀ ਪੱਤਰ ਲਿਖ ਕੇ ਬਲੌਂਗੀ ਪੁਲ ਦੀ ਹਾਲਤ ਖਸਤਾ ਹੋਣ ਕਾਰਨ ਇਸ ਨੂੰ ਡਬਲ ਕਰਨ ਲਈ ਇਸਦੀ ਉਸਾਰੀ ਨਵੇਂ ਸਿਰੇ ਤੋਂ ਕਰਨ ਸਬੰਧੀ ਬੇਨਤੀ ਕੀਤੀ ਹੈ।ਮੇਅਰ ਜੀਤੀ ਸਿੱਧੂ ਨੇ ਆਪਣੇ ਪੱਤਰ ਵਿਚ ਲਿਖਿਆ ਹੈ ਕਿ ਸ਼ਮਸ਼ਾਨਘਾਟ ਦੇ ਨਜ਼ਦੀਕ ਨਦੀ ਤੇ ਬਣਿਆ ਇਹ ਪੁਲ ਬਹੁਤ ਜ਼ਿਆਦਾ ਖ਼ਸਤਾ ਹਾਲਤ ਵਿੱਚ ਹੈ। ਇਹ ਪੁਲ ਮੁਹਾਲੀ ਦੇ ਸਨਅਤੀ ਖੇਤਰ ਦੇ ਨਜ਼ਦੀਕ ਹੋਣ ਕਾਰਨ ਮੁਹਾਲੀ ਵਿਖੇ ਸਥਿਤ ਉਦਯੋਗਿਕ ਇਕਾਈਆਂ ਤੋਂ ਮਾਲ ਲਿਆਉਣ ਅਤੇ ਲਿਜਾਣ ਵਾਲੀਆਂ ਜ਼ਿਆਦਾਤਰ ਹੈਵੀ ਵਹੀਕਲਾਂ ਲਈ ਐਂਟਰੀ ਪੁਆਇੰਟ ਵੀ ਹੈ ਜਿਸ ਕਾਰਨ ਇਸ ਪੁਲ ਤੇ ਹਰ ਸਮੇਂ ਦੁਰਘਟਨਾ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਇਹੀ ਨਹੀਂ ਬਰਸਾਤਾਂ ਦੇ ਵੇਲੇ ਇਸ ਪੁਲ ਉਤੇ ਪਾਣੀ ਵੀ ਖੜ੍ਹਾ ਰਹਿੰਦਾ ਹੈ ਅਤੇ ਇਸ ਉੱਤੇ ਪਏ ਖੱਡਿਆਂ ਦਾ ਪਤਾ ਵੀ ਨਹੀਂ ਲੱਗਦਾ। ਮੇਅਰ ਜੀਤੀ ਸਿੱਧੂ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਇਸ ਪੁਲ ਦੇ ਦੋਨਾਂ ਸਿਰਿਆਂ ਤੇ ਚਾਰ ਲੇਨ ਦੀ ਸੜਕ ਹੈ ਇਸ ਲਈ ਵੀ ਇਸ ਪੁਲ ਨੂੰ ਡਬਲ ਕਰਨ ਅਤੇ ਇਸ ਦੀ ਉਸਾਰੀ ਨਵੇਂ ਸਿਰੇ ਤੋਂ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਉਨ੍ਹਾਂ ਆਪਣੇ ਪੱਤਰ ਵਿੱਚ ਕਿਹਾ ਕਿ ਕਿਉਂਕਿ ਇਹ ਪੁਲ ਗਮਾਡਾ ਵਿਭਾਗ ਦੇ ਅਧਿਕਾਰ ਖੇਤਰ ਅਧੀਨ ਹੈ ਇਸ ਲਈ ਫੌਰੀ ਤੌਰ ਤੇ ਪਬਲਿਕ ਦੇ ਹਿੱਤ ਵਿੱਚ ਇਸ ਪੁਲ ਦੀ ਉਸਾਰੀ ਨਵੇਂ ਸਿਰੇ ਤੋਂ ਕਰਵਾਈ ਜਾਵੇ। ਮੇਅਰ ਨੇ ਕਿਹਾ ਕਿ ਵੈਸੇ ਵੀ ਇਹ ਸੜਕ ਮੁਹਾਲੀ ਵਾਸਤੇ ਐਂਟਰੀ ਪੁਆਇੰਟ ਹੈ ਅਤੇ ਇਸ ਪੁਲ ਦੀ ਬਹੁਤ ਬੁਰੀ ਹਾਲਤ ਹੋਣ ਕਾਰਨ ਮੁਹਾਲੀ ਸ਼ਹਿਰ ਦੀ ਦਿੱਖ ਉੱਤੇ ਵੀ ਬਹੁਤ ਮਾੜਾ ਅਸਰ ਪੈਂਦਾ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਹ ਸ਼ਮਸ਼ਾਨਘਾਟ ਵਾਲੀ ਸੜਕ ਇੱਕ ਮੁੱਖ ਸੜਕ ਹੈ ਜੋ ਬਲੌਂਗੀ ਨਾਲ ਜੁੜਦੀ ਹੈ ਅਤੇ ਇਸ ਤੋਂ ਅੱਗੇ ਪੂਰੇ ਪੰਜਾਬ ਨਾਲ ਜੁੜਦੀ ਹੈ। ਇਸ ਕਾਰਨ ਇਸ ਸੜਕ ਉੱਤੇ ਬਹੁਤ ਜ਼ਿਆਦਾ ਟਰੈਫਿਕ ਚੱਲਦੀ ਰਹਿੰਦੀ ਹੈ। ਇਸ ਪੁਲ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਹੋਣ ਕਾਰਨ ਇੱਥੋਂ ਲਾਂਘੇ ਵੇਲੇ ਹਰ ਸਮੇਂ ਹੀ ਕੋਈ ਨਾ ਕੋਈ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਮੇਅਰ ਜੀਤੀ ਸਿੱਧੂ ਨੇ ਕਿਹਾ ਕਿ ਮੋਹਾਲੀ ਸ਼ਹਿਰ ਦੇ ਵਸਨੀਕਾਂ ਸ਼ਹਿਰ ਦੇ ਉਦਯੋਗਪਤੀਆਂ ਅਤੇ ਮੋਹਾਲੀ ਸ਼ਹਿਰ ਦੀ ਦਿੱਖ ਨੂੰ ਵੇਖਦੇ ਹੋਏ ਇਸ ਪੁਲ ਨੂੰ ਡਬਲ ਕਰਨ ਲਈ ਇਸ ਦੀ ਉਸਾਰੀ ਤੁਰੰਤ ਆਰੰਭ ਕਰਵਾਈ ਜਾਵੇ।