ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ ਈਦ ਦਾ ਤਿਉਹਾਰ : ਬਲਬੀਰ ਸਿੰਘ ਸਿੱਧੂ
ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵੱਖ ਵੱਖ ਪਿੰਡਾਂ ਦੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਈਦ ਦੀ ਵਧਾਈ ਦਿੱਤੀ*
Web Admin
5 Dariya News
ਐਸ. ਏ. ਐਸ. ਨਗਰ , 14 May 2021
Last updated on: May 14, 2021, 00:00 IST
ਈਦ ਦੇ ਪਵਿੱਤਰ ਦਿਹਾੜੇ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਵੱਖ ਵੱਖ ਪਿੰਡਾਂ ਜਿਵੇਂ ਕਿ ਕੁੰਭੜਾ, ਮੌਲੀ ਬੈਦਵਾਣ, ਮਟੌਰ, ਸਨੇਟਾ ਆਦਿ ਦੇ ਮੁਸਲਿਮ ਭਾਈਚਾਰੇ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਕੇ ਉਹਨਾਂ ਨੂੰ ਈਦ ਦੀ ਵਧਾਈ ਦਿੱਤੀ। ਉਹਨਾਂ ਕਿਹਾ ਕਿ ਈਦ ਦੇ ਪਵਿੱਤਰ ਦਿਹਾੜੇ ਉੱਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਲੇਰਕੋਟਲਾ ਨੂੰ ਜ਼ਿਲ੍ਹਾ ਬਨਾਉਣ ਦਾ ਐਲਾਨ ਕਰਨ ਦੇ ਨਾਲ-ਨਾਲ ਉੱਥੇ ਮੈਡੀਕਲ ਕਾਲਜ ਤੇ ਹਸਪਤਾਲ ਅਤੇ ਹੋਰ ਬਹੁਤ ਸਾਰੀਆਂ ਸਹੂਲਤਾ ਦਾ ਐਲਾਨ ਕੀਤਾ ਹੈ, ਜਿਸ ਨਾਲ ਸੂਬੇ ਦੀ ਤਰੱਕੀ ਹੋਰ ਤੇਜ਼ ਹੋਵੇਗੀ। ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਈਦ ਦਾ ਤਿਉਹਾਰ ਲੋਕਾਂ ਦੇ ਆਪਸੀ ਪਿਆਰ, ਸਨੇਹ, ਏਕਤਾ ਅਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਦਾ ਹੈ।ਈਦ ਸਿਰਫ਼ ਮੁਸਲਮਾਨਾਂ ਦਾ ਹੀ ਨਹੀਂ ਸਗੋਂ ਸਾਰੇ ਲੋਕਾਂ ਦਾ ਮੁਕੱਦਸ ਤਿਉਹਾਰ ਹੈ ਅਤੇ ਇਹ ਤਿਉਹਾਰ ਭਾਈਚਾਰਕ ਸਾਂਝ ਅਤੇ ਸਾਂਝੀਵਾਲਤਾ ਦੀ ਸੱਚੀ ਭਾਵਨਾ ਨਾਲ ਮਨਾਇਆ ਜਾਣਾ ਚਾਹੀਦਾ ਹੈ।ਸਿਹਤ ਮੰਤਰੀ ਨੇ ਲੋਕਾਂ ਨੂੰ ਨਫ਼ਰਤੀ ਅਤੇ ਫੁੱਟਪਾਊ ਸ਼ਕਤੀਆਂ ਦੇ ਮੁਕਾਬਲੇ ਲਈ ਪਿਆਰ, ਸਾਂਝ ਅਤੇ ਹਮਰਦਰਦੀ ਦੀ ਭਾਵਨਾ ਨਾਲ ਵਿਚਰਨ ਦਾ ਸੱਦਾ ਦਿਤਾ।ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਧਰਮ ਅਤੇ ਹਰ ਤਬਕੇ ਦੇ ਲੋਕਾਂ ਅਤੇ ਖੇਤਰਾਂ ਦਾ ਬਰਾਬਰ ਵਿਕਾਸ ਕਰਨ ਲਈ ਵਚਨਬੱਧ ਹੈ ਅਤੇ ਸੂਬੇ ਵਿਚ ਵਿਕਾਸ ਕਾਰਜ ਤੇਜ਼ੀ ਨਾਲ ਚੱਲ ਰਹੇ ਹਨ।ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ਼੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਅਵਤਾਰ ਮੁਹੰਮਦ, ਡਾ. ਅਨਵਰ ਹੁਸੈਨ, ਦਿਲਵਰ ਖਾਨ ਮਟੌਰ, ਸੁਦਾਗਰ ਖਾਨ ਮਟੌਰ, ਸਲੀਮ ਮੁਹੰਮਦ ਮੌਲੀ ਬੈਦਵਾਣ, ਡਾ. ਜਮੀਲ, ਬਹਾਦਰ ਖਾਨ ਕੁੰਭੜਾ, ਦਿਲਵਰ ਖਾਨ ਕੁੰਭੜਾ, ਨਵਾਬ ਅਲੀ ਸਨੇਟਾ, ਅਜਗਰ ਅਲੀ ਮੌਲੀ ਬੈਦਵਾਣ, ਅਹਿਲਕਾਰ ਸਨੇਟਾ, ਰੋਸ਼ਨ ਅਲੀ ਸਨੇਟਾ ਹਾਜ਼ਰ ਸਨ।