ਜ਼ਿਲੇ ਵਿਚ ਕੋਵਿਡ ਮਹਾਮਾਰੀ ਨੂੰ ਮਾਤ ਦੇਣ ਹਿੱਤ ਪ੍ਰਸ਼ਾਸਨ ਵੱਲੋਂ ਟੀਕਾਕਰਨ ਮੁਹਿੰਮ ਨੂੰ ਵਿਆਪਕ ਕਰਨ ਲਈ ਰਣਨੀਤੀ ਤਿਆਰ ਕੀਤੀ ਗਈ ਹੈ, ਜਿਸ ਤਹਿਤ ਅੱਜ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਜ਼ਿਲੇ ਦੀਆਂ ਵਪਾਰਕ, ਸਮਾਜਿਕ, ਧਾਰਮਿਕ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਅਹੁਦੇਦਾਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਦੌਰਾਨ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਸਮੂਹ ਜਥੇਬੰਦੀਆਂ ਤੋਂ ਟੀਕਾਕਰਨ ਮੁਹਿੰਮ ਲਈ ਸਹਿਯੋਗ ਦੀ ਮੰਗ ਕੀਤੀ ਗਈ, ਜਿਸ ’ਤੇ ਸਮੂਹ ਸੰਸਥਾਵਾਂ ਨੇ ਜ਼ਿਲੇ ਨੂੰ ਕੋਵਿਡ ਮੁਕਤ ਕਰਨ ਲਈ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਟੀਕਾਕਰਨ ਮੁਹਿੰਮ ਨੂੰ ਸਿਖ਼ਰਾਂ ’ਤੇ ਪਹੁੰਚਾਉਣ ਦਾ ਅਹਿਦ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਇਸ ਮੌਕੇ ਕਿਹਾ ਕਿ ਜ਼ਿਲੇ ਦੀਆਂ ਵੱਖ-ਵੱਖ ਸੰਸਥਾਵਾਂ ਨਾਲ ਸਮਾਜ ਦੇ ਬਹੁਤ ਜਿੰਮੇਵਾਰ ਅਤੇ ਪਤਵੰਤੇ ਵਿਅਕਤੀ ਜੁੜੇ ਹੋਏ ਹਨ, ਜਿਨਾਂ ਦਾ ਲੋਕਾਂ ਵਿਚ ਬੇਹੱਦ ਪ੍ਰਭਾਵ ਹੈ। ਉਨਾਂ ਕਿਹਾ ਕਿ ਉਨਾਂ ਦੀ ਪ੍ਰੋਰਣਾ ਅਤੇ ਜਾਗਰੂਕਤਾ ਸਦਕਾ ਲੋਕ ਬਿਨਾਂ ਕਿਸੇ ਡਰ ਅਤੇ ਸ਼ੰਕਾ ਤੋਂ ਟੀਕਾਕਰਨ ਲਈ ਅੱਗੇ ਆ ਸਕਦੇ ਹਨ। ਇਸ ਲਈ ਉਨਾਂ ਸਮੂਹ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਇਸ ਲੋਕ ਹਿੱਤ ਦੇ ਕੰਮ ਲਈ ਵੱਧ-ਚੜ ਕੇ ਅੱਗੇ ਆਉਣ, ਤਾਂ ਜੋ ਇਸ ਮਹਾਮਾਰੀ ਤੋਂ ਜ਼ਿਲੇ ਨੂੰ ਨਿਜ਼ਾਤ ਦਿਵਾਈ ਜਾ ਸਕੇ। ਉਨਾਂ ਕਿਹਾ ਕਿ ਇਸ ਸਬੰਧੀ ਸ਼ਡਿਊਲ ਤਿਆਰ ਕਰ ਕੇ ਵੱਖ-ਵੱਖ ਥਾਵਾਂ ’ਤੇ ਟੀਕਾਕਰਨ ਕੈਂਪ ਲਗਾਏ ਜਾਣਗੇ, ਤਾਂ ਜੋ ਵੱਧ ਤੋਂ ਵੱਧ ਲੋਕਾਂ ਦਾ ਟੀਕਾਕਰਨ ਕਰਕੇ ਉਨਾਂ ਦੀ ਇਸ ਬਿਮਾਰੀ ਤੋਂ ਰੱਖਿਆ ਕੀਤੀ ਜਾ ਸਕੇ। ਇਸ ਮੌਕੇ ਸਮੂਹ ਸੰਸਥਾਵਾਂ ਦੇ ਅਹੁਦੇਦਾਰਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਆਪਣੇ-ਆਪਣੇ ਆਧਾਰ ਖੇਤਰ ਵਿਚ ਵੱਧ ਤੋਂ ਵੱਧ ਕੈਂਪ ਲਗਵਾ ਕੇ ਟੀਕਾਕਰਨ ਵਿਚ ਸਹਿਯੋਗ ਕਰਨਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਦਾ ਨਵਾਂ ਸਰੂਪ ਤੇਜ਼ੀ ਨਾਲ ਫੈਲਣ ਵਾਲਾ ਅਤੇ ਜ਼ਿਆਦਾ ਖ਼ਤਰਨਾਕ ਹੈ, ਇਸ ਲਈ ਟੀਕਾਕਰਨ ਕਰਵਾਉਣਾ ਬੇਹੱਦ ਜ਼ਰੂਰੀ ਹੈ। ਉਨਾਂ ਕਿਹਾ ਕਿ ਜ਼ਿਲੇ ਵਿਚ ਤੇਜ਼ੀ ਨਾਲ ਵਧ ਰਹੇ ਕੋਵਿਡ ਮਾਮਲਿਆਂ ਦੇ ਮੱਦੇਨਜ਼ਰ ਅਗਲੇ ਕੁਝ ਹਫ਼ਤੇ ਬੇਹੱਦ ਸੰਵੇਦਨਸ਼ੀਲ ਹਨ, ਜਿਸ ਦੌਰਾਨ ਕੇਸ ਉੱਚ ਪੱਧਰ ’ਤੇ ਜਾਣ ਦਾ ਖਦਸ਼ਾ ਹੈ। ਉਨਾਂ ਕਿਹਾ ਕਿ ਅਜਿਹੇ ਹਾਲਾਤ ਤੋਂ ਬਚਾਅ ਦਾ ਇਕੋ-ਇਕ ਹੱਲ ਵੈਕਸੀਨੇਸ਼ਨ ਵਿਚ ਤੇਜ਼ੀ ਲਿਆਉਣਾ ਹੈ। ਉਨਾਂ ਕਿਹਾ ਕਿ ਕੋਵਿਡ ਵੈਕਸੀਨ ਪੂਰੀ ਤਰਾਂ ਸੁਰੱਖਿਅਤ ਹੈ ਅਤੇ ਇਸ ਸਬੰਧੀ ਕਿਸੇ ਵੀ ਤਰਾਂ ਦੀਆਂ ਅਫ਼ਵਾਹਾਂ ’ਤੇ ਯਕੀਨ ਨਹੀਂ ਕਰਨਾ ਚਾਹੀਦਾ ਅਤੇ ਆਪਣੀ ਅਤੇ ਆਪਣੇ ਪਰਿਵਾਰਾਂ ਦੀ ਇਸ ਬਿਮਾਰੀ ਤੋਂ ਰੱਖਿਆ ਕਰਨ ਲਈ ਸਭਨਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਹੋਰਨਾਂ ਨੂੰ ਵੀ ਇਸ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।ਉਨਾਂ ਦੱਸਿਆ ਕਿ ਹੁਣ 45 ਸਾਲ ਤੱਕ ਦਾ ਕੋਈ ਵੀ ਵਿਅਕਤੀ ਆਪਣਾ ਕੋਈ ਵੀ ਫੋਟੋ ਸ਼ਨਾਖ਼ਤੀ ਕਾਰਡ ਦਿਖਾ ਕੇ ਵੈਕਸੀਨ ਲਗਵਾ ਸਕਦਾ ਹੈ। ਉਨਾਂ ਦੱਸਿਆ ਕਿ ਇਸ ਵੇਲੇ ਜ਼ਿਲੇ ਵਿਚ 53 ਸਿਹਤ ਸੰਸਥਾਵਾਂ ਵਿਚ ਹਫ਼ਤੇ ਦੇ ਸਾਰੇ ਸੱਤ ਦਿਨ ਵੈਕਸੀਨੇਸ਼ਨ ਦੀ ਸਹੂਲਤ ਉਪਲਬੱਧ ਹੈ, ਜਿਨਾਂ ਵਿਚ 47 ਸਰਕਾਰੀ ਅਤੇ 6 ਪ੍ਰਾਈਵੇਟ ਸਿਹਤ ਸੰਸਥਾਵਾਂ ਸ਼ਾਮਿਲ ਹਨ। ਉਨਾਂ ਦੱਸਿਆ ਕਿ ਹੁਣ ਕੋਵਿਡ ਟੀਕਾਕਰਨ ਸਾਰੇ ਸਰਕਾਰੀ ਹਸਪਤਾਲਾਂ, ਸਿਹਤ ਤੇ ਤੰਦਰੁਸਤੀ ਕੇਂਦਰਾਂ, ਸਬ ਸੈਂਟਰਾਂ, ਹੋਮਿਓਪੈਥੀ ਅਤੇ ਆਯੁਰਵੈਦਿਕ ਡਿਸਪੈਂਸਰੀਆਂ ਵਿਖੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਉਨਾਂ ਕੋਵਿਡ ਟੀਕਾਕਰਨ ਸਬੰਧੀ ਪਾਏ ਜਾ ਰਹੇ ਸ਼ੰਕਿਆਂ ਦਾ ਨਿਵਾਰਣ ਵੀ ਕੀਤਾ।ਇਸ ਮੌਕੇ ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ ਤੋਂ ਇਲਾਵਾ ਜ਼ਿਲੇ ਦੀਆਂ ਵੱਖ-ਵੱਖ ਸਮਾਜਿਕ, ਵਪਾਰਕ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਅਤੇ ਯੂਨੀਅਨਾਂ ਦੇ ਅਹੁਦੇਦਾਰ ਵੱਡੀ ਗਿਣਤੀ ਵਿਚ ਹਾਜ਼ਰ ਸਨ।