ਪੰਜਾਬ ਦੇ ਉਪ ਮੁੱਖ-ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ 1984 ਵਿਚ ਸਿੱਖਾਂ ਦੇ ਸਰਵ-ਉਚ ਧਾਰਮਿਕ ਸਥਾਨ ਸ਼੍ਰੀ ਹਰਿਮੰਦਰ ਸਾਹਿਬ 'ਤੇ ਧਾਵਾ ਬੋਲਣ ਤੋਂ ਪਹਿਲਾਂ ਬਰਤਾਨਵੀ ਸਰਕਾਰ ਤੋਂ ਸਲਾਹ ਲੈਣਾ ਬਹੁਤ ਹੀ ਮੰਦਭਾਗਾ ਹੈ, ਜਿਸ ਸਬੰਧੀ ਬ੍ਰਿਟਿਸ਼ ਸਰਕਾਰ ਨੂੰ ਕੇਵਲ ਮੁਆਫੀ ਹੀ ਨਹੀਂ ਮੰਗਣੀ ਚਾਹੀਦੀ, ਸਗੋਂ ਕਾਂਗਰਸੀ ਸਰਕਾਰ ਵਲੋਂ ਮੰਗੀ ਸਲਾਹ ਦੇ ਨਾਲ-ਨਾਲ ਹੋਰ ਤੱਥ ਵੀ ਉਜਾਗਰ ਕਰਨੇ ਚਾਹੀਦੇ ਹਨ। ਉਨ੍ਹਾਂ ਇਹ ਪ੍ਰਗਟਾਵਾ ਅੱਜ ਇਥੇ ਵੱਖ-ਵੱਖ ਸੰਗਤ ਦਰਸ਼ਨ ਪ੍ਰੋਗਰਾਮਾਂ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਬਾਦਲ ਨੇ ਕਿਹਾ ਕਿ ਗਾਂਧੀ ਪਰਿਵਾਰ ਹਮੇਸ਼ਾ ਸਿੱਖਾਂ ਵਿਰੋਧੀ ਰਿਹਾ ਹੈ ਅਤੇ 1984 ਵਿਚ ਸ਼੍ਰੀ ਹਰਿਮੰਦਰ ਸਾਹਿਬ 'ਤੇ ਹੋਇਆ ਹਮਲਾ ਵੀ ਗਾਂਧੀ ਪਰਿਵਾਰ ਦੇ ਇਸੇ ਵਤੀਰੇ ਦਾ ਨਤੀਜਾ ਸੀ। ਉਨ੍ਹਾਂ ਕਿਹਾ ਕਿ ਹਮਲਾ ਕਰਨ ਤੋਂ ਪਹਿਲਾਂ ਵਿਦੇਸ਼ੀ ਸਰਕਾਰ ਤੋਂ ਸਲਾਹ ਮੰਗਣੀ ਬਹੁਤ ਦੀ ਮੰਦਭਾਗੀ ਗੱਲ ਹੈ, ਜਿਸਦਾ ਖਮਿਆਜ਼ਾ ਕਾਂਗਰਸ ਨੂੰ ਭੁਗਤਣਾ ਪਵੇਗਾ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਤੀਜਾ ਫਰੰਟ ਨਹੀਂ, ਬਲਕਿ ਇਕੋ ਫਰੰਟ ਐਨ.ਡੀ.ਏ ਹੀ ਕਮਾਲ ਦਿਖਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਸ਼੍ਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੀ ਦੇਸ਼ ਤਰੱਕੀ ਕਰ ਸਕਦਾ ਹੈ।ਇਸੇ ਦੌਰਾਨ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 1984 ਵਿਚ ਕਾਂਗਰਸ ਵਲੋਂ ਬ੍ਰਿਟਿਸ਼ ਸਰਕਾਰ ਤੋਂ ਮੰਗੀ ਸਲਾਹ ਅਤੇ ਕਾਂਗਰਸ ਦੇ ਸਿੱਖ ਵਿਰੋਧੀ ਵਤੀਰੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਵਲੋਂ ਭਲਕੇ ਵੀਰਵਾਰ ਨੂੰ ਸਦਨ ਦੀ ਕਾਰਵਾਈ ਨਹੀਂ ਚੱਲਣ ਦਿੱਤੀ ਜਾਵੇਗੀ।
ਬੀਬੀ ਬਾਦਲ ਨੇ ਮੰਗ ਕੀਤੀ ਕਿ ਇਸ ਮਾਮਲੇ ਵਿਚ ਉਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ, ਤਾਂ ਜੋ ਸੱਚ ਜਨਤਾ ਸਾਹਮਣੇ ਆ ਸਕੇ। ਉਪ ਮੁੱਖ-ਮੰਤਰੀ ਨੇ ਅੱਜ ਜਿੱਥੇ ਸੰਗਤ ਦਰਸ਼ਨ ਦੌਰਾਨ 27 ਪਿੰਡਾਂ ਦੀਆਂ ਸਮੱਸਿਆਵਾਂ ਦਾ ਨਿਬੇੜਾ ਕੀਤਾ, ਉਥੇ ਕਰੀਬ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਕਰੀਬ 4 ਕਰੋੜ ਰੁਪਏ ਦੀ ਲਾਗਤ ਨਾਲ ਬਣੇ ਬੁਢਲਾਡਾ ਸਬ-ਡਵੀਜ਼ਨ ਕੰਪਲੈਕਸ ਦਾ ਉਦਘਾਟਨ ਕਰਨ ਤੋਂ ਇਲਾਵਾ ਬਹਾਦਰਪੁਰ ਵਿਖੇ 10 ਏਕੜ ਦੀ ਜਗ੍ਹਾ ਵਿਚ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸਰਕਾਰੀ ਡਿਗਰੀ ਕਾਲਜ, 120 ਏਕੜ ਦੇ ਰਕਬੇ 'ਚ ਫੈਲੀ ਕਰੀਬ 55 ਕਰੋੜ ਰੁਪਏ ਦੀ ਲਾਗਤ ਵਾਲੀ ਪੁੱਡਾ ਕਲੋਨੀ (ਸ਼ੁਗਰ ਮਿੱਲ ਬੁਢਲਾਡਾ) ਅਤੇ ਕਰੀਬ 42 ਲੱਖ ਰੁਪਏ ਦੀ ਲਾਗਤ ਵਾਲੇ 600 ਫੁੱਟ ਗੰਦੇ ਨਾਲੇ ਦੀ ਉਸਾਰੀ ਦੇ ਨੀਂਹ ਪੱਥਰ ਵੀ ਰੱਖੇ। ਉਨ੍ਹਾਂ ਵਲੋਂ ਪਿੰਡ ਬਰ੍ਹੇ, ਗੁਰਨੇ ਖੁਰਦ, ਅਹਿਮਦਪੁਰ, ਕੂਲੈਹਰੀ, ਟਾਹਲੀਆਂ, ਰਾਮਨਗਰ ਭੱਠਲ, ਅੱਕਾਂਵਾਲੀ, ਲਖਮੀਰਵਾਲਾ, ਦਲੇਲਵਾਲਾ, ਆਲਮਪੁਰ ਮੰਦਰਾਂ, ਮੰਢਾਲੀ, ਜੋਈਆਂ, ਮਘਾਣੀਆਂ, ਹਾਕਮਵਾਲਾ, ਮਲਕੋ, ਭਖੜਿਆਲ, ਧਰਮਪੁਰਾ, ਖੁਡਾਲ ਕਲਾਂ, ਟੋਡਰਪੁਰ, ਸੰਘਰੇੜੀ, ਜਲਵੇੜ੍ਹਾ, ਦਰੀਆਪੁਰ ਕਲਾਂ, ਬੀਰੋਕੇ ਕਲਾਂ, ਫੁੱਲੂਵਾਲਾ ਡੋਗਰਾ, ਦਰੀਆਪੁਰ ਖੁਰਦ, ਰਾਮਪੁਰ ਮੰਡੇਰ, ਕਲੀਪੁਰ ਅਤੇ ਗੋਬਿੰਦਪੁਰਾ ਪਿੰਡਾਂ ਦਾ ਸੰਗਤ ਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੀ ਗ੍ਰਾਂਟ ਵੀ ਮਨਜ਼ੂਰ ਕੀਤੀ। ਇਸ ਮੌਕੇ ਤਿੰਨ ਸਰਪੰਚਾਂ ਸਮੇਤ ਕਈ ਵਿਅਕਤੀ ਸ਼੍ਰੋਮਣੀ ਅਕਾਲੀ ਦਲ ਵਿਚ ਵੀ ਸ਼ਾਮਿਲ ਹੋਏ, ਜਿਨ੍ਹਾਂ ਦਾ ਸ੍ਰ. ਬਾਦਲ ਨੇ ਸਿਰੋਪੇ ਪਾ ਕੇ ਸਵਾਗਤ ਕੀਤਾ। ਇਸ ਮੌਕੇ ਹਲਕਾ ਵਿਧਾਇਕ ਬੁਢਲਾਡਾ ਸ਼੍ਰੀ ਚਤਿੰਨ ਸਿੰਘ ਸਮਾਓ, ਡੀ.ਆਈ.ਜੀ. ਸ਼੍ਰੀ ਅਮਰ ਸਿੰਘ ਚਹਿਲ, ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਢਾਕਾ, ਐਸ.ਐਸ.ਪੀ. ਸ਼੍ਰੀ ਭੁਪਿੰਦਰ ਸਿੰਘ ਖੱਟੜਾ, ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਸਾਬਕਾ ਵਿਧਾਇਕ ਤੇ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਹਰਬੰਤ ਸਿੰਘ ਦਾਤੇਵਾਸ, ਚੇਅਰਮੈਨ ਜ਼ਿਲ੍ਹਾ ਯੋਜਨਾ ਕਮੇਟੀ ਸ਼੍ਰੀ ਮੰਗਤ ਰਾਏ ਬਾਂਸਲ, ਹਲਕਾ ਇੰਚਾਰਜ ਸਰਦੂਲਗੜ੍ਹ ਸ਼੍ਰੀ ਦਿਲਰਾਜ ਸਿੰਘ ਭੂੰਦੜ, ਸ਼੍ਰੀ ਸਤਿੰਦਰਜੀਤ ਸਿੰਘ ਮੰਟਾ, ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਸ਼੍ਰੀ ਸੁਖਦੇਵ ਸਿੰਘ ਚੈਨੇਵਾਲਾ, ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ ਸ਼੍ਰੀ ਗੁਰਪ੍ਰੀਤ ਸਿੰਘ ਬਣਾਂਵਾਲੀ, ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਸ਼੍ਰੀ ਸਵਰਨ ਸਿੰਘ ਹੀਰੇਵਾਲਾ, ਯੂਥ ਆਗੂ ਸ਼੍ਰੀ ਜਗਪ੍ਰੀਤ ਸਿੰਘ, ਸ਼੍ਰੀ ਮਲਕੀਤ ਸਿੰਘ ਸਮਾਓ ਤੋਂ ਇਲਾਵਾ ਹੋਰ ਵੀ ਸਖਸ਼ੀਅਤਾਂ ਹਾਜ਼ਰ ਸਨ।