ਸ਼ਾਹਿਬਜਾਂਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਨੂੰ ਨਮੂਨੇ ਦਾ ਜ਼ਿਲ੍ਹਾ ਬਣਾਇਆ ਜਾਵੇਗਾ ਅਤੇ ਵਿਕਾਸ ਕਾਰਜਾਂ ਲਈ ਧੰਨ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਸ ਗੱਲ ਦੀ ਜਾਣਕਾਰੀ ਜ਼ਿਲ੍ਹਾ ਯੋਜਨਾ ਕਮੇਟੀ ਦੀ ਚੇਅਰਪਰਸ਼ਨ ਬੀਬੀ ਅਮਨਜੋਤ ਕੌਰ ਰਾਮੂਵਾਲੀਆ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਥਿਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਦਫ਼ਤਰ ਵਿਖੇ ਲੋਕ ਨਿਰਮਾਣ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ। ਬੀਬੀ ਰਾਮੂਵਾਲੀਆਂ ਨੇ ਦੱਸਿਆ ਕਿ ਮੋਹਾਲੀ ਹਲਕੇ ਦੀਆਂ 79 ਕਿਲੋਮੀਟਰ ਲਿੰਕ ਸੜਕਾ ਦੀ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਜਿਸ ਲਈ ਟੈਂਡਰ ਲੱਗ ਚੁੱਕੇ ਹਨ ਅਤੇ ਜਿਹੜੀਆਂ ਲਿੰਕ ਸੜਕਾਂ ਦੀ ਖਸਤਾ ਹਾਲਤ ਹੈ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਮੁਰੰਮਤ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਗਡਾਂਣਾ ਤੋਂ ਦੇਵੀਨਗਰ ਅਬਰਾਵਾਂ ਲਿੰਕ ਸੜਕ ਜਿਸ ਦੀ ਹਾਲਤ ਖਸਤਾ ਹੈ ਦੀ ਮੁਰੰਮਤ ਦਾ ਕੰਮ ਜਲਦੀ ਹੀ ਸ਼ੁਰੂ ਹੋ ਜਾਵੇਗਾ। ਬੀਬੀ ਰਾਮੂਵਾਲੀਆਂ ਨੇ ਇਸ ਮੇਕੇ ਅਧਿਕਾਰੀਆਂ ਨੂੰ ਇਹ ਵੀ ਹਦਾਇਤਾਂ ਦਿੱਤੀਆਂ ਕਿ ਮੋਹਾਲੀ 'ਚ ਜਿਹੜੀਆਂ ਸੜਕਾਂ ਤੇ ਪੈਚ ਵਰਕ ਹੋਣ ਵਾਲਾ ਹੈ ਉਨ੍ਹਾਂ ਸੜਕਾਂ ਤੇ ਪੈਚ ਵਰਕ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਚੇਅਰਪਰਸ਼ਨ ਜ਼ਿਲ੍ਹਾ ਯੋਜਨਾ ਕਮੇਟੀ ਨੇ ਦੱਸਿਆ ਕਿ ਜੁਝਾਰ ਨਗਰ, ਨਿਊ ਲਾਂਡਰਾਂ, ਕੈਲੋਂ, ਸੈਦਪੁਰ, ਰਾਏਪੁਰ ਖੁਰਦ, ਮਢੋਲੀ ਕਲਾਂ, ਨਗਾਰੀ, ਸਹੌੜਾ, ਬਰਾਲੀ ਆਦਿ ਪਿੰਡਾਂ ਵਿੱਚ ਵਾਟਰ ਸਪਲਾਈ ਦੀਆਂ ਟੈਂਕੀਆਂ ਬਣਾਉਣ ਦੀ ਮਨਜੂਰੀ ਮਿਲ ਚੁੱਕੀ ਹੈ ਅਤੇ ਜਲਦੀ ਹੀ ਟੈਂਡਰ ਪਾਸ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਟੈਂਕੀਆਂ ਬਣਨ ਨਾਲ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਸਮੇਂ ਸਿਰ ਨਿਰੰਤਰ ਹੋ ਸਕੇਗੀ। ਉਨ੍ਹਾਂ ਅਧਿਕਾਰੀਆਂ ਨੂੰ ਵਾਟਰ ਸਪਲਾਈ ਸਕੀਮਾਂ ਤੇ ਜਲਦੀ ਤੋਂ ਜਲਦੀ ਟੈਂਕੀਆਂ ਬਣਾਉਣ ਦੇ ਕੰਮ ਦੀ ਸੁਰੂਆਤ ਕਰਨ ਲਈ ਆਦੇਸ਼ ਵੀ ਦਿੱਤੇ। ਉਨ੍ਹਾਂ ਇਸ ਮੋਕੇ ਅਧਿਕਾਰੀਆਂ ਨੂੰ ਪਿੰਡਾਂ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ। ਇਸ ਮੌਕੇ ਸੀਨੀਅਰ ਅਕਾਲੀ ਆਗੂ ਸ੍ਰੀ ਅਰਵਿੰਦਰ ਸਿੰਘ ਭੁੱਲਰ, ਵਧੀਕ ਡਿਪਟੀ ਕਮਿਸ਼ਨ (ਵਿਕਾਸ) ਸ੍ਰੀ ਪੁਨੀਤ ਗੋਇਲ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਗੁਰਵਿੰਦਰ ਸਿੰਘ ਸਰਾਓ, ਉਪ ਕਾਰਜਕਾਰੀ ਅਫ਼ਸਰ ਜ਼ਿਲ੍ਹਾ ਪ੍ਰੀਸ਼ਦ ਸ੍ਰੀ ਸੰਜੀਵ ਕੁਮਾਰ, ਉਪ ਅਰਥ ਅੰਕੜਾ ਸਲਾਹਾਕਾਰ ਸ੍ਰੀਮਤੀ ਅਮਰਜੀਤ ਕੌਰ ਅਤੇ ਲੋਕ ਨਿਰਮਾਣ ਵਿਭਾਗ , ਪੰਚਾਇਤ ਰਾਜ ਅਤੇ ਮੰਡੀ ਬੋਰਡ ਦੇ ਅਧਿਕਾਰੀ ਵੀ ਮੌਜੂਦ ਸਨ।