ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਕੌਮੀ ਜਲ ਮਿਸ਼ਨ ਤਹਿਤ ਪਾਣੀ ਬਚਾਉਣ ਲਈ ਸ਼ੁਰੂ ਕੀਤੀ ਜਾ ਰਹੀ ‘ਕੈਚ ਦਾ ਰੇਨ’ ਮੁਹਿੰਮ ਸਬੰਧੀ ਜਾਗਰੂਕਤਾ ਲਈ ਪੋਸਟਰ ਜਾਰੀ ਕੀਤਾ ਗਿਆ। ਇਸ ਸਬੰਧੀ ਯੁਵਾ ਪ੍ਰੋਗਰਾਮ ਬਾਰੇ ਜ਼ਿਲਾ ਸਲਾਹਕਾਰ ਕਮੇਟੀ ਦੀ ਮੀਟਿੰਗ ਮੌਕੇ ਉਨਾਂ ਦੱਸਿਆ ਕਿ ਇਸ ਮੁਹਿੰਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਵੱਲੋਂ 22 ਮਾਰਚ ਨੂੰ ‘ਵਿਸ਼ਵ ਜਲ ਦਿਵਸ’ ਮੌਕੇ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਮੁਹਿੰਮ ਸਬੰਧੀ ਜ਼ਿਲੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪਾਣੀ ਦੀ ਬਰਬਾਦੀ ਰੋਕਣ, ਇਸ ਨੂੰ ਸੰਭਾਲ ਕੇ ਰੱਖਣ ਅਤੇ ਇਸ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਜ਼ਿਲੇ ਭਰ ਵਿਚ ਲਗਾਤਾਰ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਉਨਾਂ ਨਹਿਰੂ ਯੁਵਾ ਕੇਂਦਰ ਨਾਲ ਸਬੰਧਤ ਸਮੂਹ ਯੂਥ ਕਲੱਬਾਂ, ਵਲੰਟੀਅਰਾਂ ਅਤੇ ਵੱਖ-ਵੱਖ ਵਿਭਾਗਾਂ ਨੂੰ ਇਸ ਮੁਹਿੰਮ ਵਿਚ ਪੂਰਾ ਸਹਿਯੋਗ ਦੇਣ ਦੀ ਹਦਾਇਤ ਕੀਤੀ। ਉਨਾਂ ਬੀ. ਡੀ. ਪੀ. ਓਜ਼ ਨੂੰ ਹਦਾਇਤ ਕੀਤੀ ਕਿ ਜ਼ਿਲੇ ਦੀਆਂ ਸਮੂਹ ਗ੍ਰਾਮ ਪੰਚਾਇਤਾਂ ਨੂੰ ਮੁਹਿੰਮ ਦੀ ਸ਼ੁਰੂਆਤ ਮੌਕੇ ਪ੍ਰਧਾਨ ਮੰਤਰੀ ਵੱਲੋਂ ਕੀਤੀ ਜਾਣ ਵਾਲੀ ਵੀਡੀਓ ਕਾਨਫਰੰਸ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ ਅਤੇ ਵੀਡੀਓ ਕਾਨਫਰੰਸਿੰਗ ਤੋਂ ਬਾਅਦ ਗ੍ਰਾਮ ਸਭਾਵਾਂ ਕੀਤੀਆਂ ਜਾਣ। ਉਨਾਂ ਕਿਹਾ ਕਿ ਪਾਣੀ ਹੀ ਜੀਵਨ ਹੈ ਅਤੇ ਇਸ ਦੀ ਸਾਂਭ-ਸੰਭਾਲ ਅਤੇ ਸੰਜਮ ਨਾਲ ਵਰਤੋਂ ਕਰਨਾ ਸਾਡੀ ਸਾਰਿਆਂ ਦੀ ਜਿੰਮੇਵਾਰੀ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਅਦਿੱਤਿਆ ਉੱਪਲ, ਐਸ. ਡੀ. ਐਮ ਬੰਗਾ ਵਿਰਾਜ ਤਿੜਕੇ, ਐਸ. ਡੀ. ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਸਹਾਇਕ ਕਮਿਸ਼ਨਰ ਦੀਪਜੋਤ ਕੌਰ, ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ, ਡੀ. ਡੀ. ਪੀ. ਓ ਦਵਿੰਦਰ ਕੁਮਾਰ, ਜ਼ਿਲਾ ਯੂਥ ਕੋਆਰਡੀਨੇਟਰ ਨਹਿਰੂ ਯੁਵਾ ਕੇਂਦਰ ਵੰਦਨਾ ਲੌਅ, ਵਰਕਸ ਮੈਨੇਜਰ ਮਨਰੇਗਾ ਜੋਗਾ ਸਿੰਘ, ਕੋਚ ਗੁਰਪ੍ਰੀਤ ਸਿੰਘ ਬਾਂਸਲ ਤੇ ਹੋਰ ਹਾਜ਼ਰ ਸਨ।