ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਇਆ ਕਰਵਾਉਣ ਦੇ ਨਾਲ-ਨਾਲ ਉਨਾਂ ਦੀ ਊਰਜਾ ਸ਼ਕਤੀ ਨੂੰ ਖੇਡ ਮੈਦਾਨਾਂ ਵਿਚ ਲਗਾਉਣ ਲਈ ਪੰਜਾਬ ਸਰਕਾਰ ਵੱਲੋਂ ਵੱਡੇ ਕਦਮ ਪੁੱਟੇ ਜਾ ਰਹੇ ਹਨ। ਯੂਥ ਵਿਕਾਸ ਬੋਰਡ ਵੱਲੋਂ ਕਰਵਾਏ ਸਮਾਗਮ ਵਿਚ ਇਹ ਪ੍ਰਗਟਾਵਾ ਕਰਦੇ ਕੈਬਨਿਟ ਮੰਤਰੀ ਸ੍ਰੀ ਓ ਪੀ ਸੋਨੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਵੱਖ-ਵੱਖ ਵਿਭਾਗਾਂ ਵੱਲੋਂ ਇਕ ਲੱਖ ਤੋਂ ਵੱਧ ਸਿੱਧੀ ਭਰਤੀ ਕੀਤੀ ਜਾ ਰਹੀ ਹੈ, ਉਥੇ ਪੰਜਾਬ ਦੇ ਜਵਾਨਾਂ ਤੇ ਮੁਟਿਆਰਾਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਯੂਥ ਵਿਕਾਸ ਬੋਰਡ ਵੱਲੋਂ ਵੱਡੇ ਪੱਧਰ ਉਤੇ ਖੇਡ ਕਿੱਟਾਂ ਵੰਡੀਆਂ ਜਾ ਰਹੀਆਂ ਹਨ, ਜਿਸ ਦੀ ਸ਼ੁਰੂਆਤ ਜਨਵਰੀ ਮਹੀਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕੀਤੀ ਸੀ। ਉਨਾਂ ਦੱਸਿਆ ਕਿ ਲੁਧਿਆਣਾ ਸ਼ਹਿਰ ਵਿਚ ਖੇਡ ਕਿੱਟਾਂ ਵੰਡਣ ਤੋਂ ਬਾਅਦ ਅੱਜ ਅੰਮਿ੍ਰਤਸਰ ਵਿਚ ਇਹ ਕਿੱਟਾਂ ਵੰਡੀਆਂ ਜਾ ਰਹੀਆਂ ਹਨ, ਜੋ ਕਿ ਚੰਗਾ ਸ਼ਗਨ ਹੈ। ਉਨਾਂ ਕਿਹਾ ਕਿ ਕੋਰੋਨਾ ਕਾਲ ਵਿਚ ਵੀ ਨੌਜਵਾਨਾਂ ਨੇ ਵੱਡੇ ਪੱਧਰ ਉਤੇ ਸਮਾਜ ਦੀ ਸੇਵਾ ਕੀਤੀ ਸੀ, ਜੋ ਕਿ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੇ ਬੱਚੇ ਦੇਸ਼ ਉਤੇ ਆਏ ਹਰ ਸੰਕਟ ਮੌਕੇ ਅੱਗੇ ਹੋ ਕੇ ਅਗਵਾਈ ਕਰਦੇ ਹਨ, ਚਾਹੇ ਉਹ ਸਰਹੱਦਾਂ ਦੀ ਰਾਖੀ ਦਾ ਵਿਸ਼ਾ ਹੋਵੇ, ਤਾਂ ਆਪਣੇ ਅਧਿਕਾਰ ਲੈਣ ਦਾ। ਸ੍ਰੀ ਸੋਨੀ ਨੇ ਪੰਜਾਬ ਯੂਥ ਵਿਕਾਸ ਬੋਰਡ ਨੂੰ ਇਸ ਉਪਰਾਲੇ ਲਈ ਵਧਾਈ ਦਿੰਦੇ ਕਿਹਾ ਕਿ ਤੁਹਾਡਾ ਇਹ ਉਪਰਾਲਾ ਪੰਜਾਬ ਦੇ ਲੱਖਾਂ ਬੱਚਿਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰੇਗਾ।ਇਸ ਮੌਕੇ ਸੰਬੋਧਨ ਕਰਦੇ ਡਿਪਟੀ ਕਮਿਸ਼ਨਰ ਸ. ਗੁਰਪ੍ਰੀਤ ਸਿੰਘ ਖਹਿਰਾ ਨੇ ਕਿਹਾ ਕਿ ਸਮਾਜ ਦੀ ਦਿਸ਼ਾ ਤੇ ਦਸ਼ਾ ਬਦਲਣ ਲਈ ਨੌਜਵਾਨਾਂ ਦਾ ਅੱਗੇ ਆਉਣਾ ਜ਼ਰੂਰੀ ਹੈ। ਉਨਾਂ ਕਿਹਾ ਕਿ ਅੱਜ ਦਾ ਜਵਾਨ ਪੜਿਆ-ਲਿਖਿਆ ਅਤੇ ਆਲੇ-ਦੁਆਲੇ ਪ੍ਰਤੀ ਸੁਚੇਤ ਹੈ। ਉਨਾਂ ਕਿਹਾ ਕਿ ਜੇਕਰ ਪੰਜਾਬ ਦਾ ਜਵਾਨ ਪਹਿਲਾਂ ਦੀ ਤਰਾਂ ਖੇਡ ਮੈਦਾਨਾਂ ਵਿਚ ਮਿਹਨਤ ਕਰਨ ਲੱਗੇ ਤਾਂ ਉਹ ਦਿਨ ਦੂਰ ਨਹੀਂ, ਜਦੋਂ ਪੰਜਾਬ ਖੇਡਾਂ ਦੇ ਖੇਤਰ ਵਿਚ ਕੇਵਲ ਦੇਸ਼ ਦੀ ਹੀ ਨਹੀਂ ਬਲਕਿ ਦੁਨੀਆਂ ਦੀ ਅਗਵਾਈ ਕਰੇਗਾ।
ਇਸ ਮੌਕੇ ਸੰਬੋਧਨ ਕਰਦੇ ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਇੰਜੀਨੀਅਰ ਸੁਖਵਿੰਦਰ ਸਿੰਘ ਬਿੰਦਰਾ ਨੇ ਦੱਸਿਆ ਕਿ ਪੰਜਾਬ ਦੀ ਜਵਾਨੀ ਨੂੰ ਖੇਡ ਮੈਦਾਨਾਂ ਵੱਲ ਖਿੱਚਣ ਲਈ ਬੋਰਡ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ਭਰ ਵਿਚ 2500 ਖੇਡ ਕਿੱਟਾਂ ਉਦਯੋਗਿਕ ਘਰਾਣਿਆਂ ਦੀ ਮਦਦ ਨਾਲ ਹੀ ਵੰਡੀਆਂ ਜਾ ਰਹੀਆਂ ਹਨ, ਜਿਸ ਨਾਲ ਕਰੀਬ 2 ਲੱਖ ਬੱਚਾ ਖੇਡ ਮੈਦਾਨਾਂ ਤੱਕ ਪਹੁੰਚੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਖ਼ੁਦ ਪੰਜਾਬ ਦੀ ਜਵਾਨੀ ਨੂੰ ਖੇਡ, ਪੜਾਈ ਤੇ ਰੋਜ਼ਗਾਰ ਦੇਣ ਲਈ ਲਗਾਤਾਰ ਯਤਨ ਕਰ ਰਹੇ ਹਨ, ਜਿਸ ਸਦਕਾ ਹਰੇਕ ਜਿਲ੍ਹੇ ਵਿਚ ਰੋਜ਼ਗਾਰ ਬਿਊਰੋ ਦੀ ਸਥਾਪਨਾ ਹੋਈ ਹੈ ਅਤੇ ਲੱਖਾਂ ਲੋਕਾਂ ਨੇ ਇਸ ਤੋਂ ਲਾਹਾ ਲਿਆ ਹੈ। ਉਨਾਂ ਕਿਹਾ ਕਿ ਅਸੀਂ ਇਸ ਮੁਹਿੰਮ ਦੇ ਅਗਲੇ ਪੜਾਅ ਵਿਚ ਹਰ ਪਿੰਡ, ਕਸਬੇ ਤੱਕ ਖੇਡ ਕਿੱਟਾਂ ਦੀ ਵੰਡ ਯਕੀਨੀ ਬਣਾਵਾਂਗੇ। ਉਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਰਾਜ ਦਾ ਜਵਾਨ ਨਸ਼ੇ ਵੱਲ ਜਾਣ ਦੀ ਥਾਂ ਆਪਣੀ ਊਰਜਾ ਖੇਡ ਮੈਦਾਨਾਂ ਵਿਚ ਲਗਾਏ, ਜਿਸ ਦੇ ਚੰਗੇ ਨਤੀਜੇ ਉਸਦੇ ਭਵਿੱਖ ਨੂੰ ਰੌਸ਼ਨ ਕਰ ਸਕਦੇ ਹਨ। ਇਸ ਮੌਕੇ ਬੋਰਡ ਮੈਂਬਰ ਡਾ. ਆਂਚਲ ਅਰੋੜਾ ਨੇ ਬੋਰਡ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣੂੰ ਕਰਵਾਉਂਦੇ ਬੋਰਡ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਸ੍ਰੀ ਬਿੰਦਰਾ ਵੱਲੋਂ ਅੰਤਰਰਾਸ਼ਟਰੀ ਹਾਕੀ ਖਿਡਾਰੀ ਏ. ਡੀ. ਸੀ. ਪੀ. ਜੁਗਰਾਜ ਸਿੰਘ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ ਗਿਆ। ਉਨਾਂ ਕਿਹਾ ਕਿ ਸਾਡੇ ਅਜਿਹੇ ਨੌਜਵਾਨ ਪੰਜਾਬ ਦੀ ਜਵਾਨੀ ਦੇ ਪ੍ਰੇਰਨਾ ਸਰੋਤ ਹਨ ਅਤੇ ਸਾਨੂੰ ਇੰਨਾਂ ਤੋਂ ਪ੍ਰੇਰਣਾ ਲੈ ਕੇ ਖੇਡ ਮੈਦਾਨ ਵਿਚ ਮਿਹਨਤ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਬੀਰ ਸਿੰਘ ਮੂਧਲ, ਸੀਨੀਅਰ ਵਾਈਸ ਚੇਅਰਮੈਨ ਸ੍ਰੀ ਪਿ੍ਰੰਸ ਖੁੱਲਰ, ਵਾਈਸ ਚੇਅਰਮੈਨ ਪਰਮਜੀਤ ਸਿਘ ਬੱਤਰਾ, ਜਿਲ੍ਹਾ ਪ੍ਰਧਾਨ ਕਾਂਗਰਸ ਸ਼ਹਿਰੀ ਸ੍ਰੀਮਤੀ ਜਤਿੰਦਰ ਸੋਨੀਆ, ਸ. ਜਸਵਿੰਦਰ ਸਿੰਘ ਧੁੰਨਾ ਮੈਂਬਰ, ਜਿਲ੍ਹਾ ਖੇਡ ਅਧਿਕਾਰੀ ਸ੍ਰੀ ਗੁਰਲਾਲ ਸਿਘ ਅਤੇ ਹੋਰ ਪਤਵੰਤੇ ਹਾਜ਼ਰ ਸਨ।