ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਉਤਸ਼ਾਹਤ ਕਰਨ ਅਤੇ ਡੀ.ਬੀ.ਈ.ਈ. ਦੀ ਕਾਰਗੁਜ਼ਾਰੀ ਸਬੰਧੀ ਫੀਡਬੈਕ ਲੈਣ ਲਈ ਕੌਫ਼ੀ ਚੈਟ ਐਟ ਡੀ.ਬੀ.ਈ.ਈ. ਪ੍ਰੋਗਰਾਮ ਕੀਤਾ ਜਾਂਦਾ ਹੈ, ਜਿਸ 'ਚ ਅੱਜ ਵਿਦਿਆਰਥੀਆਂ ਦੇ ਰੂਬਰੂ ਡੀ.ਐਸ.ਪੀ. ਸਿਟੀ-2 ਸੌਰਭ ਜਿੰਦਲ ਹੋਏ ਅਤੇ ਵੱਖ-ਵੱਖ ਕਾਲਜਾਂ ਤੋਂ ਆਏ ਵਿਦਿਆਰਥੀਆਂ ਨੇ ਗੈਰ ਰਸਮੀ ਤੌਰ 'ਤੇ ਕੀਤੀ ਗੱਲਬਾਤ ਦੌਰਾਨ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ।ਡੀ.ਐਸ.ਪੀ. ਸੌਰਭ ਜਿੰਦਲ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਕਈ ਮਹੱਤਵਪੂਰਨ ਵਿਸ਼ਿਆਂ ਜਿਵੇਂ ਕਿ ਪੁਲਿਸ ਵਿਚ ਭਰਤੀ ਹੋਣ ਸਬੰਧੀ, ਸਮੇਂ ਦੀ ਸੁਚੱਜੀ ਵਰਤੋਂ, ਸਵੈ ਪ੍ਰੇਰਣਾ ਅਤੇ ਸਵੈ ਅਨੁਸ਼ਾਸਨ ਬਾਰੇ ਵਿਚਾਰ ਚਰਚਾ ਕੀਤੀ। ਵਿਦਿਆਰਥੀਆਂ ਨੇ ਇਸ ਸੁਹਿਰਦਪੂਰਨ ਮਾਹੌਲ ਵਿਚ ਡੀ.ਬੀ.ਈ.ਈ. ਬੁੱਕ ਕੈਫ਼ੇ ਵਿਖੇ ਡੀ.ਐਸ.ਪੀ. ਸੌਰਭ ਜਿੰਦਲ ਨਾਲ ਗੱਲਬਾਤ ਕਰਦੇ ਹੋਏ ਮੁਕਾਬਲੇ ਦੀਆਂ ਪ੍ਰੀਖਿਆਵਾਂ ਸਮੇਂ ਧਿਆਨ ਦੇਣਯੋਗ ਨੁਕਤਿਆਂ ਸਬੰਧੀ ਗੱਲਬਾਤ ਕੀਤੀ।ਜ਼ਿਲ੍ਹਾ ਰੋਜ਼ਗਾਰ ਅਫਸਰ ਸ਼੍ਰੀਮਤੀ ਸਿੰਪੀ ਸਿੰਗਲਾ ਵੱਲੋਂ ਕੌਫ਼ੀ ਚੈਟ ਐਟ ਡੀ.ਬੀ.ਈ.ਈ ਵਿਚ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕ ਅਤੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ ਅਤੇ ਵਿਦਿਆਰਥੀਆਂ ਨੂੰ ਪ੍ਰੋਤਸਾਹਿਤ ਕਰਦੇ ਹੋਏ ਕਿਹਾ ਕਿ ਡੀ.ਬੀ.ਈ.ਈ. ਪਟਿਆਲਾ ਵੱਲੋਂ ਆਉਣ ਵਾਲੇ ਸਮੇਂ ਵਿਚ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰਹਿਣਗੇ।