ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ ਦੀ ਪ੍ਰਧਾਨਗੀ ਹੇਠ ਬੱਚਤ ਭਵਨ ਵਿਖੇ ਐਗਰੀਕਲਚਰ ਇਨਫਰਾਸਟਰਕਚਰ ਫੰਡ ਸਬੰਧੀ ਜ਼ਿਲ੍ਹੇ ਦੇ ਵੱਖ-ਵੱਖ ਬੈਂਕਾਂ ਦੇ ਅਧਿਕਾਰੀਆਂ ਦੀ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਏ.ਡੀ.ਸੀ. ਜੌਹਲ ਨੇ ਦੱਸਿਆ ਕਿ ਇਸ ਸਕੀਮ ਅਧੀਨ ਭਾਰਤ ਸਰਕਾਰ ਵੱਲੋਂ ਇੱਕ ਲੱਖ ਕਰੋੜ ਰੁਪਏ ਦਾ ਫੰਡ ਬਣਾਇਆ ਗਿਆ ਹੈ, ਜੋ ਕਿ 2020-21 ਤੋਂ 2029-30 ਤੱਕ ਚੱਲੇਗਾ। ਇਸ ਤਹਿਤ ਲਏ ਜਾਣ ਵਾਲੇ 02 ਕਰੋੜ ਰੁਪਏ ਤੱਕ ਦੇ ਕਰਜ਼ੇ ਵਿੱਚ 03 ਫੀਸਦੀ ਵਿਆਜ ਦੀ ਛੋਟ ਦੀ ਸਹੂਲਤ ਵੀ ਉਪਲੱਬਧ ਹੋਵੇਗੀ।ਮੀਟਿੰਗ ਵਿੱਚ ਸਹਾਇਕ ਡਾਇਰੈਕਟਰ ਬਾਗਬਾਨੀ ਸ਼੍ਰੀ ਨਰਿੰਦਰਬੀਰ ਸਿੰਘ ਮਾਨ ਤੇ ਨਾਬਾਰਡ ਦੇ ਡੀ.ਡੀ.ਐਮ. ਸ਼੍ਰੀ ਸੰਜੀਵ ਸ਼ਰਮਾ ਨੇ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸਕੀਮ ਤਹਿਤ ਖੇਤੀਬਾੜੀ ਅਤੇ ਪੇਂਡੂ ਵਿਕਾਸ ਅਤੇ ਕੌਮੀ ਬੈਂਕ (ਨਾਬਾਰਡ) ਨਾਲ ਮਿਲ ਕੇ ਸਾਰੇ ਬੈਂਕ ਜਿਵੇਂ ਕਿ ਵਪਾਰਕ ਬੈਂਕ, ਸਹਿਕਾਰੀ ਬੈਂਕ, ਆਰ.ਆਰ.ਬੀਜ਼, ਛੋਟੇ ਵਿੱਤੀ ਬੈਂਕ ਸਮਝੌਤਾ ਹੋਣ ਉਪਰੰਤ ਇਸ ਵਿੱਤੀ ਸਹੂਲਤ ਪ੍ਰਦਾਨ ਕਰ ਸਕਣਗੇ। ਇਸ ਸਕੀਮ ਤਹਿਤ ਕਿਸਾਨਾਂ ਅਤੇ ਖੇਤੀ ਨਾਲ ਸਬੰਧਤ ਉਦਮੀਆਂ ਨੂੰ ਕਰਜ਼ੇ ਦੀ ਸਹੂਲਤ ਮਿਲ ਸਕੇਗੀ।ਸ. ਮਾਨ ਨੇ ਦੱਸਿਆ ਕਿ ਇਸ ਸਕੀਮ ਰਾਹੀਂ ਫਸਲਾਂ ਦੀ ਕਟਾਈ ਤੋਂ ਬਾਅਦ ਉਸ ਦੇ ਸਹੀ ਪ੍ਰਬੰਧਨ ਲਈ ਜਿਵੇਂ ਕਿ ਸਪਲਾਈ ਚੇਨ ਸੇਵਾਵਾਂ, ਈ-ਮਾਰਕੀਟਿੰਗ, ਗੁਦਾਮ, ਅਨਾਜ ਗੁਣਵੱਧਤਾ ਵਿਸ਼ਲੇਸ਼ਣ ਇਕਾਈਆਂ, ਕੋਲਡ ਸਟੋਰਜ, ਕੁਲੈਕਸ਼ਨ ਸੈਂਟਰ, ਪ੍ਰੋਸੈਸਿੰਗ ਇਕਾਈਆਂ, ਰਾਈਪਨਿੰਗ ਚੈਂਬਰ ਅਤੇ ਪੈਕ ਹਾਊਸ ਬਣਾਏ ਜਾਣਗੇ ਤਾਂ ਜੋ ਫਸਲ ਦੀ ਸਹੀ ਸੰਭਾਲ ਹੋ ਸਕੇ। ਉਨ੍ਹਾਂ ਇਹ ਵੀ ਦੱਸਿਆ ਕਿ ਖੇਤੀਬਾੜੀ ਨੂੰ ਉਤਸ਼ਾਹਤ ਕਰਨ ਲਈ ਚਲਾਈ ਗਈ ਇਸ ਸਕੀਮ ਦਾ ਵੱਧ ਤੋਂ ਵੱਧ ਕਿਸਾਨਾਂ ਨੂੰ ਲਾਹਾ ਲੈਣਾ ਚਾਹੀਦਾ ਹੈ।ਨਾਬਾਰਡ ਦੇ ਡੀ.ਡੀ.ਐਮ. ਸ੍ਰੀ ਸੰਜੀਵ ਸ਼ਰਮਾ ਨੇ ਦੱਸਿਆ ਕਿ ਨਾਬਰਡ ਖੇਤੀਬਾੜੀ ਤੇ ਸਹਾਇਕ ਧੰਦਿਆਂ ਲਈ ਕਰਜ਼ੇ ਮੁਹੱਈਆ ਕਰਵਾਉਂਦਾ ਹੈ ਅਤੇ ਬੈਂਕਾਂ ਨੂੰ ਟੀਚੇ ਮਿਥ ਕੇ ਕਰਜ਼ਾ ਮੁਹੱਈਆ ਕਰਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਮੀਟਿੰਗ ਵਿੱਚ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਸ਼੍ਰੀ ਜਸਵੰਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਤੇਜਿੰਦਰਪਾਲ ਸਿੰਘ ਪੱਟੀ ਤੋਂ ਇਲਾਵਾ ਹੋਰ ਅਧਿਕਾਰੀ ਵੀ ਮੌਜੂਦ ਸਨ।