ਸਪੀਕਰ ਪੰਜਾਬ ਵਿਧਾਨ ਸਭਾ ਰਾਣਾ ਕੇ.ਪੀ. ਸਿੰਘ ਦੀ ਪ੍ਰਧਾਨਗੀ ਹੈਠ ਅੱਜ ਵੱਖ ਵੱਖ ਵਿਭਾਗ ਦੇ ਅਧਿਕਾਰੀਆਂ ਦੀ ਉਚ ਪਧਰੀ ਮੀਟਿੰਗ ਦੌਰਾਨ ਨੰਗਲ, ਸ੍ਰੀ ਆਨੰਦਪੁਰ ਸਾਹਿਬ ਤੇ ਸ੍ਰੀ ਕੀਰਤਪੁਰ ਸਾਹਿਬ ਵਿਚ ਚਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਸਮੀਖਿਆ ਕੀਤੀ ਗਈ। ਮੀਟਿੰਗ ਵਿਚ ਸ੍ਰੀਮਤੀ ਸੋਨਾਲੀ ਗਿਰੀ ਡਿਪਟੀ ਕਮਿਸ਼ਨਰ ਰੂਪਨਗਰ ਤੇ ਸ੍ਰੀਮਤੀ ਕੰਨੂ ਗਰਗ ਐਸ.ਡੀ.ਐਮ. ਵੀ ਵਿਸ਼ੈਸ਼ ਤੌਰ ਤੇ ਹਾਜ਼ਰ ਸਨ।ਇਹ ਜਾਣਕਾਰੀ ਦਿੰਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਭਨੁਪਲੀ ਤੋਂ ਬਿਲਾਸਪੁਰ ਤੱਕ ਬਣਾਈ ਜਾਣ ਵਾਲੀ ਨਵੀਂ ਰੇਲਵੇ ਲਾਈਨ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਕੀਤੇ ਜਾਣ ਵਾਲੇ ਕੰਮ ਜਿਵੇਂ ਜ਼ਮੀਨ ਦੀ ਨਿਸ਼ਾਨਦੇਹੀ, ਜ਼ਮੀਨ ਨੂੰ ਅਕਵਾਇਰ ਕੀਤੇ ਜਾਣ ਤੋਂ ਇਲਾਵਾ ਸਬੰਧਤ ਲੋਕਾਂ ਨੂੰ ਮੁਆਵਜ਼ਾ ਦੇਣ ਸਬੰਧੀ ਅਧਿਕਾਰੀਆਂ ਤੋਂ ਜਾਣਕਾਰੀ ਲਈ ਗਈ। ਦੱਸਿਆ ਗਿਆ ਕਿ ਜ਼ਿਆਦਾਤਰ ਕੰਮ ਨੇਪਰੇ ਚਾੜਿਆ ਜਾ ਚੁੱਕਿਆ ਹੈ। ਇਸ ਤੋਂ ਇਲਾਵਾ ਸ੍ਰੀ ਕੀਰਤਪੁਰ ਸਾਹਿਬ ਤੋਂ ਨੇਰ ਚੌਂਕ ਤੱਕ ਨੈਸ਼ਨਲ ਹਾਈਵੇ ਆਥਰਟੀ ਆਫ ਇੰਡੀਆ ਵਲੋਂ ਬਣਾਈ ਜਾਣ ਵਾਲੀ ਸੜਕ ਦਾ ਜਾਇਜ਼ਾ ਵੀ ਲਿਆ ਗਿਆ।ਬੁਲਾਰੇ ਨੇ ਅੱਗੇ ਦੱਸਿਆ ਕਿ ਅਗੰਮਪੁਰ ਤੋਂ ਝੱਜ ਚੌਂਕ ਤੱਕ ਬਣਾਈ ਜਾਣ ਵਾਲੀ ਸੜਕ ਤੋਂ ਇਲਾਵਾ ਇਸ ਮੀਟਿੰਗ ਵਿਚ ਅਜ਼ੋਲੀ ਮੌੜ ਤੇ ਬਣਾਏ ਜਾ ਰਹੇ ਰੇਲਵੇ ਅੰਡਰ ਬ੍ਰਿਜ ਦੀ ਪ੍ਰਗਤੀ ਅਤੇ ਨੰਗਲ ਵਿਚ ਬਣਾੲੈ ਜਾਣ ਵਾਲੇ ਫਲਾਈ ਓਵਰ ਦੀ ਪ੍ਰਗਤੀ ਦਾ ਜਾਇਜ਼ਾ ਵੀ ਇਸ ਮੀਟਿੰਗ ਦੌਰਾਨ ਸਪੀਕਰ ਸਾਹਿਬ ਵਲੋਂ ਲਿਆ ਗਿਆ। ਮੀਟਿੰਗ ਵਿਚ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਦੇ 15 ਪਿੰਡਾਂ ਵਿਚ ਚਲਾਈਆਂ ਜਾਣ ਵਾਲੀਆਂ ਵਾਟਰ ਸਪਲਾਈ ਦੀਆਂ ਸਕੀਮਾਂ ਦੀ ਜਾਣਕਾਰੀ ਵੀ ਅਧਿਕਾਰੀਆਂ ਤੋਂ ਪ੍ਰਾਪਤ ਕੀਤੀ ਗਈ ਅਤੇ ਉਨ੍ਹਾਂ ਨੂੰ ਇਹ ਲੋਕ ਹਿੱਤ ਦੀਆਂ ਸਕੀਮਾਂ ਨੂੰ ਮਿੱਥੇ ਸਮੇਂ ਵਿਚ ਨੇਪਰੇ ਚਾੜਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ। ਰਾਣਾ ਕੇ.ਪੀ. ਸਿੰਘ ਨੇ ਅਗਲੇ ਵਰ੍ਹੇ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨਾਲ ਸਬੰਧਤ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਗਿਆ।