ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਅੱਜ ਇੱਥੇ ਜ਼ਿਲੇ ਵਿਚ ਕਰੋਨਾ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਲਈ ਬੈਠਕ ਕੀਤੀ। ਬੈਠਕ ਦੌਰਾਨ ਉਨਾਂ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਹਰ ਚੁਣੌਤੀ ਨਾਲ ਨੱਜਿਠਣ ਲਈ ਤਿਆਰ ਰਹਿਣ ਦਾ ਸੱਦਾ ਦਿੰਦਿਆਂ ਜ਼ਿਲਾ ਵਾਸੀਆਂ ਨੂੰ ਭਰੋਸਾ ਦਿੱਤਾ ਕਿ ਜੇਕਰ ਉਹ ਜਰੂਰੀ ਸਾਵਧਾਨੀਆਂ ਦਾ ਪਾਲਣ ਕਰਨ ਤਾਂ ਇਸ ਮਹਾਮਾਰੀ ਨੂੰ ਅਸੀਂ ਆਪਣੇ ਜ਼ਿਲੇ ਵਿਚ ਹੋਰ ਫੈਲਣ ਤੋਂ ਰੋਕ ਸਕਦੇ ਹਾਂ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਸ ਬਿਮਾਰੀ ਦੇ ਪਸਾਰ ਨੂੰ ਰੋਕਣ ਲਈ ਜਰੂਰੀ ਹੈ ਕਿ ਪਾਜਿਟਿਵ ਆਏ ਕੇਸਾਂ ਦੇ ਸੰਪਰਕਾਂ ਦੀ ਪਹਿਚਾਣ ਕੀਤੀ ਜਾਵੇ ਅਤੇ ਨਿਰਧਾਰਤ ਨਿਯਮਾਂ ਅਨੁਸਾਰ ਉਨਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾਣ। ਇਸੇ ਤਰਾਂ ਜਿੰਨਾਂ ਲੋਕਾਂ ਨੂੰ ਇਸ ਬਿਮਾਰੀ ਦੇ ਲੱਛਣ ਵਿਖਾਈ ਦੇਣ ਉਹ ਤੁਰੰਤ ਆਪਣਾ ਟੈਸਟ ਸਰਕਾਰੀ ਹਸਪਤਾਲ ਤੋਂ ਕਰਵਾਉਣ।ਡਿਪਟੀ ਕਮਿਸ਼ਨਰ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਇਲਾਜ ਦੌਰਾਨ ਕਿਸੇ ਮਰੀਜ ਦੇ ਅੰਗ ਕੱਢਣ ਦੀਆਂ ਝੂਠੀਆਂ ਅਫਵਾਹਾਂ ਤੇ ਲੋਕ ਯਕੀਨ ਨਾ ਕਰਨ। ਉਨਾਂ ਨੇ ਕਿਹਾ ਕਿ ਅਜਿਹੀਆਂ ਅਫਵਾਹਾਂ ਫੈਲਾਣ ਵਾਲਿਆਂ ਖਿਲਾਫ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇਗੀ। ਉਨਾਂ ਨੇ ਸਮੂਹ ਉਪਮੰਡਲ ਮੈਜਿਸਟੇ੍ਰਟਾਂ ਨੂੰ ਕਿਹਾ ਕਿ ਉਹ ਸਿਹਤ ਵਿਭਾਗ ਦੇ ਸਹਿਯੋਗ ਨਾਲ ਯਕੀਨੀ ਬਣਾਉਣ ਕਿ ਜਿੱਥੇ ਕਿਤੇ ਸੈਂਪਿਗ ਦੀ ਜਰੂਰਤ ਹੈ ਉਥੇ ਹੀ ਤੁਰੰਤ ਹੋਵੇ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਪੇਂਡੂ ਵਿਕਾਸ ਵਿਭਾਗ ਅਤੇ ਖੁਸ਼ਹਾਲੀ ਦੇ ਰਾਖਿਆਂ ਨੂੰ ਵੀ ਕਿਹਾ ਕਿ ਉਹ ਪਿੰਡਾਂ ਵਿਚ ਲੋਕਾਂ ਨੂੰ ਜਾਗਰੂਕ ਕਰਨ। ਉਨਾਂ ਨੇ ਕਿਹਾ ਕਿ ਇਸ ਕੰਮ ਵਿਚ ਸਰਪੰਚ ਅਹਿਮ ਭੂਮਿਕਾ ਨਿਭਾਅ ਸਕਦੇ ਹਨ। ਉਨਾਂ ਨੇ ਕਿਹਾ ਕਿ ਜੇਕਰ ਮਰੀਜ ਪਾਜਿਟਿਵ ਪਾਇਆ ਜਾਂਦਾ ਹੈ ਤਾਂ ਹੁਣ ਸਧਾਰਨ ਹਲਾਤਾਂ ਵਿਚ ਉਸਨੂੰ ਘਰ ਵਿਚ ਹੀ ਇਕਾਂਤਵਾਸ ਕੀਤਾ ਜਾਂਦਾ ਹੈ ਤੇ ਜਰੂਰੀ ਹੋਣ ਤੇ ਹੀ ਹਸਪਤਾਲ ਭਰਤੀ ਕਰਵਾਇਆ ਜਾਂਦਾ ਹੈ। ਉਨਾਂ ਨੇ ਕਿਹਾ ਕਿ ਇਸ ਸਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਲੋਕ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਕਾਲ ਕਰ ਸਕਦੇ ਹਨ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਜ਼ਿਲੇ ਵਿਚ ਰੈਪਿਡ ਐਕਸ਼ਨ ਟੈਸਟ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਹੋ ਰਹੇ ਹਨ ਪਰ ਜਲਦ ਹੀ ਇੰਨਾਂ ਥਾਂਵਾਂ ਦੀ ਗਿਣਤੀ 7 ਕੀਤੀ ਜਾਵੇਗੀ। ਜਦ ਕਿ ਆਰਟੀਪੀਸੀਆਰ ਟੈਸਟ ਦੇ ਸਂਪਲ ਫਾਜ਼ਿਲਕਾ, ਅਬੋਹਰ, ਜਲਾਲਾਬਾਦ, ਖੂਈਖੇੜਾ, ਸੀਤੋਗੁਨੋ, ਜੰਡਵਾਲਾ ਭੀਮੇਸ਼ਾਹ ਅਤੇ ਡੱਬਵਾਲਾ ਕਲਾਂ ਵਿਖੇ ਲਏ ਜਾਂਦੇ ਹਨ ਅਤੇ ਇਹ ਸਾਰੇ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਂਦੇ ਹਨ।ਬੈਠਕ ਵਿਚ ਏਡੀਸੀ ਵਿਕਾਸ ਸ੍ਰੀ ਨਵਲ ਕੁਮਾਰ, ਐਸ.ਪੀ.ਸ੍ਰੀ ਮੋਹਨ ਲਾਲ, ਐਸ.ਡੀ.ਐਮ. ਸ: ਸੂਬਾ ਸਿੰਘ, ਸਹਾਇਕ ਕਮਿਸ਼ਨਰ ਜਨਰਲ ਸ: ਕੰਵਰਜੀਤ ਸਿੰਘ, ਸਿਵਲ ਸਰਜਨ ਡਾ: ਭੁਪਿੰਦਰ ਕੌਰ, ਡੀਡੀਪੀਓ ਸ: ਸੁਖਪਾਲ ਸਿੰਘ ਆਦਿ ਵੀ ਹਾਜਰ ਸਨ।