ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੁਆਰਾ ਹਲਕਾ ਮੋਹਾਲੀ ਵਿਚ ਸਿਹਤ ਅਤੇ ਸਿਖਿਆ ਦੇ ਖੇਤਰਾਂ ਵਿਚ ਵਿਆਪਕ ਸੁਧਾਰਾਂ ਦੇ ਯਤਨ ਲਗਾਤਾਰ ਜਾਰੀ ਹਨ। ਇਸੇ ਦਿਸ਼ਾ ਵਿਚ ਉਨਾਂ ਦੇ ਉਪਰਾਲਿਆਂ ਨੂੰ ਉਦੋਂ ਹੋਰ ਬਲ ਮਿਲਿਆ ਜਦ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਗੀਗੇ ਮਾਜਰਾ ਦੇ ਕਾਇਆਕਲਪ ਲਈ 25 ਲੱਖ ਰੁਪਏ ਦੀ ਗ੍ਰਾਂਟ ਹਾਸਲ ਹੋਈ। ਸਿਹਤ ਮੰਤਰੀ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਇਹ ਗ੍ਰਾਂਟ ਐਮਪੀਲੈਡ ਸਕੀਮ ਤਹਿਤ ਮਿਲੀ ਹੈ। ਉਨਾਂ ਗ੍ਰਾਂਟ ਦਾ ਮਨਜ਼ੂਰੀ ਪੱਤਰ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਰਿੰਦਰ ਕੌਰ ਨੂੰ ਸੌਂਪਿਆ। ਸਿਹਤ ਮੰਤਰੀ ਮੁਤਾਬਕ ਪਿੰਡ ਗੀਗੇ ਮਾਜਰਾ ਦੇ ਸਕੂਲ ਲਈ ਉਹ ਅਪਣੇ ਅਖ਼ਤਿਆਰੀ ਕੋਟੇ ਵਿਚੋਂ ਲੱਖਾਂ ਰੁਪਏ ਦੀ ਗ੍ਰਾਂਟ ਪਹਿਲਾਂ ਹੀ ਜਾਰੀ ਕਰ ਚੁਕੇ ਹਨ ਜਿਸ ਨਾਲ ਸਕੂਲ ਵਿਚ ਕਈ ਕਮਰਿਆਂ ਦੀ ਉਸਾਰੀ ਕੀਤੀ ਜਾ ਚੁਕੀ ਹੈ ਅਤੇ ਹੁਣ ਇਸ ਗ੍ਰਾਂਟ ਨਾਲ ਸਕੂਲ ਦਾ ਮੁਕੰਮਲ ਮੂੰਹ-ਮੁਹਾਂਦਰਾ ਬਦਲ ਜਾਵੇਗਾ।ਹਲਕਾ ਵਿਧਾਇਕ ਨੇ ਆਖਿਆ ਕਿ ਉਨਾਂ ਦਾ ਟੀਚਾ ਹਲਕਾ ਮੋਹਾਲੀ ਦੇ ਸਰਕਾਰੀ ਸਕੂਲਾਂ ਨੂੰ ਨਮੂਨੇ ਦੇ ਸਕੂਲ ਬਣਾਉਣਾ ਹੈ ਜਿਸ ਦੀ ਪ੍ਰਾਪਤੀ ਲਈ ਕਾਫ਼ੀ ਕੰਮ ਪਹਿਲਾਂ ਹੀ ਕੀਤਾ ਜਾ ਚੁਕਾ ਹੈ। ਉਨਾਂ ਦਸਿਆ ਕਿ ਆਉਣ ਵਾਲੇ ਦਿਨਾਂ ਵਿਚ ਪਿੰਡ ਗੋਬਿੰਦਗੜ, ਲਾਂਡਰਾ, ਨਗਾਰੀ, ਸਨੇਟਾ ਆਦਿ ਦੇ ਸਰਕਾਰੀ ਸਕੂਲਾਂ ਵਿਚ ਵਾਧੂ ਕਮਰਿਆਂ ਦੀ ਉਸਾਰੀ, ਫ਼ਰਨੀਚਰ ਦੀ ਖ਼ਰੀਦ ਤੇ ਹੋਰ ਸੁਧਾਰ ਲਈ ਕ੍ਰਮਵਾਰ 50 ਲੱਖ ਰੁਪਏ, 15 ਲੱਖ ਰੁਪਏ, 8 ਲੱਖ ਰੁਪਏ ਅਤੇ 8 ਲੱਖ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ।
ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸੁਚੱਜੀ ਤੇ ਸ਼ਾਨਦਾਰ ਅਗਵਾਈ ਹੇਠ ਕਾਂਗਰਸ ਸਰਕਾਰ ਸੂਬੇ ਵਿਚ ਸਿਖਿਆ ਦਾ ਮਿਆਰ ਉੱਚਾ ਚੁੱਕਣ ਲਈ ਪਹਿਲੇ ਦਿਨ ਤੋਂ ਹੀ ਯਤਨ ਕਰ ਰਹੀ ਹੈ। ਜਿਥੇ ਅਧਿਆਪਕਾਂ ਦੀ ਭਰਤੀ ਦਾ ਕੰਮ ਵੱਡੇ ਪੱਧਰ 'ਤੇ ਜਾਰੀ ਹੈ, ਉਥੇ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਦੀ ਕਵਾਇਦ ਵੀ ਲਗਾਤਾਰ ਚੱਲ ਰਹੀ ਹੈ। ਉਨਾਂ ਕਿਹਾ ਕਿ ਹਲਕਾ ਮੋਹਾਲੀ ਦੇ ਤਮਾਮ ਸਰਕਾਰੀ ਸਕੂਲਾਂ ਦਾ ਕਾਇਆਕਲਪ ਕਰਨਾ ਉਨਾਂ ਦੀਆਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ ਜਿਸ ਲਈ ਉਹ ਪੂਰੀ ਤਰਾਂ ਯਤਨਸ਼ੀਲ ਅਤੇ ਵਚਨਬੱਧ ਹੈ। ਉਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਵਾਸਤੇ ਗ੍ਰਾਂਟਾਂ ਜਾਰੀ ਕੀਤੀਆਂ ਜਾਣਗੀਆਂ। ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਲਾਹਕਾਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਤਰਸੇਮ ਸਿੰਘ ਸਰਪੰਚ ਗੀਗੇ ਮਾਜਰਾ, ਅਧਿਆਪਕਾ ਪੂਨਮ ਰਾਣੀ, ਮਾਸਟਰ ਇੰਦਰ ਕੁਮਾਰ, ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਠੇਕੇਦਾਰ ਮੋਹਨ ਸਿੰਘ ਬਠਲਾਣਾ, ਮਨਜੀਤ ਸਿੰਘ ਤੰਗੋਰੀ-ਵਾਈਸ ਚੇਅਰਮੈਨ ਬਲਾਕ ਸੰਮਤੀ ਖਰੜ, ਗੁਰਚਰਨ ਸਿੰਘ ਗੀਗੇ ਮਾਜਰਾ, ਕੁਲਵੰਤ ਸਿੰਘ ਫ਼ੌਜੀ, ਪੰਡਿਤ ਭੁਪਿੰਦਰ ਕੁਮਾਰ ਸਰਪੰਚ ਨਗਾਰੀ, ਗੁਰਦੀਪ ਸਿੰਘ ਸਰਪੰਚ ਦੈੜੀ, ਸੋਮਨਾਥ ਨਗਾਰੀ, ਸ਼ੇਰ ਸਿੰਘ ਦੈੜੀ, ਸੁਖਵਿੰਦਰ ਸਿੰਘ ਸਰਪੰਚ ਮਿੱਢੇ ਮਾਜਰਾ ਅਤੇ ਹਰਿੰਦਰ ਸਿੰਘ ਜੋਨੀ ਸਰਪੰਚ ਗੁਡਾਣਾ ਆਦਿ ਮੌਜੂਦ ਸਨ।