ਮੈਬਰ ਪਾਰਲੀਮੈਂਟ ਸ਼੍ਰੀ ਆਨੰਦਪੁਰ ਸਾਹਿਬ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਵਿਧਾਨ ਸਭਾ ਹਲਕਾ ਸ਼੍ਰੀ ਚਮਕੌਰ ਸਾਹਿਬ ਵਿੱਚ ਚੱਲ ਰਹੇ ਵੱਖ ਵੱਖ ਵਿਕਾਸ ਕਾਰਜਾਂ ਦੀ ਪ੍ਰਗਤੀ ਦਾ ਜ਼ਾਇਜਾ ਲੈਣ ਲਈ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਬਡਵਾਲੀ ਵਿਖੇ 70 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਕਮਿਊਨਟੀ ਸੈਂਟਰ ਦਾ ਨੀਂਹ ਪੱਥਰ ਰੱਖਿਆ।ਇਸ ਮਗਰੋਂ ਉਨ੍ਹਾਂ ਨੇ ਮੋਰਿੰਡਾ ਵਿਖੇ ਬਣ ਰਹੇ ਰੇਲਵੇ ਅੰਡਰ ਬ੍ਰਿਜ਼ ਦੀ ਪ੍ਰਗਿਤੀ ਦਾ ਜ਼ਾਇਜਾ ਲਿਆ ਅਤੇ ਮੋਰਿੰਡਾ ਤੋਂ ਕਾਈਨੋਰ ਤੱਕ ਬਣਨ ਵਾਲੀ 5 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਦਾ ਕਾਰਜ ਵੀ ਸ਼ੁਰੂ ਕਰਵਾਇਆ ।ਇਸ ਦੌਰੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਕੈਬਨਿਟ ਮੰਤਰੀ ਪੰਜਾਬ ਸਰਕਾਰ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਆਉਣ ਵਾਲੇ ਇੱਕ ਸਾਲ ਵਿੱਚ ਇਸ ਹਲਕੇ ਦੇ ਚੱਲ ਰਹੇ ਜ਼ਿਆਦਾਤਰ ਵਿਕਾਸ ਕਾਰਜਾਂ ਨੂੰ ਨਪੇਰੇ ਚਾੜ੍ਹ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸ਼੍ਰੀ ਚਮਕੌਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ 6 ਕਮਿਊਨਟੀ ਸੈਂਟਰ ਬਣਾਏ ਜਾ ਰਹੇ ਹਨ। ਹਰ ਕਮਿਊਨਟੀ ਸੈਂਟਰ `ਤੇ ਤਕਰੀਬਨ 70 ਲੱਖ ਰੁਪਏ ਦਾ ਖਰਚਾ ਆਵੇਗਾ। ਉਨ੍ਹਾਂ ਦੱਸਿਆ ਕਿ 5 ਕਮਿਊਨਟੀ ਸੈਂਟਰ ਹਲਕੇ ਦੇ ਪਿੰਡਾਂ ਵਿੱਚ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਕਮਿਊਨਟੀ ਸੈਂਟਰ ਬਣਨ ਨਾਲ ਲੋਕਾਂ ਨੂੰ ਬਹੁਤ ਵੱਡੀ ਸੁਵਿਧਾ ਹੋਵੇਗੀ ਕਿਉਂਕਿ ਵਿਆਹ ਸ਼ਾਦੀ ਤੋਂ ਇਲਾਵਾ ਕਿਸੇ ਵੀ ਹੋਰ ਘਰੇਲੂ ਪੋ੍ਰਗਰਾਮ ਨੂੰ ਕਰਨ ਸਬੰਧੀ ਉਨ੍ਹਾਂ ਨੂੰ ਮੈਰਿਜ ਪੈਲਸਾਂ ਵਿੱਚ ਲੱਖਾ ਰੁਪਏ ਖਰਚਣੇ ਪੈਂਦੇ ਸਨ। ਪਰ ਹੁਣ ਬਹੁਤ ਮਾਮੂਲੀ ਸਰਕਾਰੀ ਰੇਟ `ਤੇ ਪਿੰਡ ਵਾਸੀ ਆਪਣੇ ਵਿਆਹ ਸ਼ਾਦੀ ਦੇ ਪੋ੍ਰਗਰਾਮ ਜਾਂ ਹੋਰ ਘਰੇਲੂ ਪ੍ਰੋਗਰਾਮ ਇਨ੍ਹਾਂ ਉੱਤਮ ਦਰਜੇ ਦੇ ਕਮਿਊਨਟੀ ਸੈਂਟਰਾਂ ਵਿੱਚ ਕਰ ਸਕਣਗੇ। ਇਨ੍ਹਾਂ ਕਮਿਊਨਟੀ ਸੈਂਟਰਾਂ ਵਿੱਚ 500 ਵਿਅਕਤੀਆਂ ਦੇ ਇਕੱਠ ਦੀ ਸਮਰੱਥਾ ਹੋਵੇਗੀ। ਉਨ੍ਹਾਂ ਦੱਸਿਆ ਕਿ ਇੱਕ ਕਮਿਊਨਟੀ ਸੈਂਟਰ ਮੋਰਿੰਡਾ ਸ਼ਹਿਰ ਵਿੱਚ 2 ਕਰੋੜ ਦੀ ਲਾਗਤ ਨਾਲ ਉਸਾਰਿਆ ਜਾ ਰਿਹਾ ਹੈ।
ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਐਮ.ਪੀ. ਸ਼੍ਰੀ ਮਨੀਸ਼ ਤਿਵਾੜੀ ਨੇ ਕਿਹਾ ਕਿ ਕਰੋਨਾ ਬਿਮਾਰੀ ਦੇ ਪ੍ਰਕੋਪ ਨਾਲ ਅਰਥ ਵਿਵਸਥਾ ਵਿੱਚ ਪੂਰੀ ਤਰ੍ਹਾਂ ਠਹਿਰਾਅ ਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਔਕੜ ਦੀ ਘੜੀ ਵਿੱਚ ਕੇਂਦਰ ਸਰਕਾਰ ਨੂੰ ਸੂਬਿਆਂ ਦੀ ਬਾਂਹ ਫੜਨੀ ਚਾਹੀਦੀ ਸੀ ਪਰ ਇਹ ਮੰਦਭਾਗੀ ਗੱਲ ਹੈ ਕਿ ਕੇਂਦਰ ਸਰਕਾਰ ਨੇ ਸੂਬਿਆਂ ਦਾ ਬਣਦਾ ਜੀ.ਐਸ.ਟੀ ਬਕਾਇਆ ਵੀ ਰੋਕ ਲਿਆ ਹੈ। ਜਿਸ ਨਾਲ ਵਿਕਾਸ ਕਾਰਜ ਰੁਕ ਗਏ ਹਨ। ਉਨ੍ਹਾਂ ਕਿਹਾ ਕਿ ਬਾਵਜੂਦ ਇਸ ਦੇ ਪੰਜਾਬ ਸਰਕਾਰ ਨੇ ਸੂਬੇ ਵਿੱਚ ਰੁਕੇ ਵਿਕਾਸ ਕਾਰਜ ਆਪਣੇ ਪੱਧਰ ਤੇ ਫੰਡ ਜੁਟਾ ਕੇ ਮੁੜ ਸ਼ੁਰੂ ਕਰਨ ਦੀ ਚੰਗੀ ਸ਼ੁਰੂਆਤ ਆਰੰਭੀ ਹੋਈ ਹੈ।ਮੋਰਿੰਡਾ ਵਿਖੇ ਬਣ ਰਹੇ ਰੇਲਵੇ ਅੰਡਰ ਬ੍ਰਿਜ਼ ਦੇ ਚਲ ਰਹੇ ਕੰਮ ਦਾ ਜ਼ਾਇਜਾਂ ਲੈਂਦੇ ਹੋਏ ਮੈਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੰਤੁਸ਼ਟੀ ਜਾਹਿਰ ਕੀਤੀ ।ਸਰਦਾਰ ਚੰਨੀ ਨੇ ਦੱਸਿਆ ਕਿ ਰੇਲਵੇ ਅੰਡਰ ਬ੍ਰਿਜ਼ (ਆਰ.ਓ.ਬੀ. ) ਦਾ 30 ਫੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਅਤੇ ਪੰਜਾਬ ਸਰਕਾਰ ਵੱਲੋਂ ਬਾਕੀ ਰਹਿੰਦਾ ਕੰਮ ਛੇਤੀ ਹੀ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਮਗਰੋਂ ਮੈਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮੋਰਿੰਡਾ ਤੋਂ ਕਾਈਨੋਰ ਤੱਕ ਬਣਨ ਵਾਲੀ ਤਕਰੀਬਨ 5 ਕਿਲੋਮੀਟਰ ਲੰਬੀ ਸੜਕ ਦੇ ਨਿਰਮਾਣ ਕਾਰਜਾਂ ਦਾ ਫੀਤਾ ਕੱਟ ਕੇ ਆਰੰਭ ਕੀਤਾ। ਸਰਦਾਰ ਚੰਨੀ ਨੇ ਦੱਸਿਆ ਕਿ ਇਸ ਸੜਕ ਦਾ ਨਿਰਮਾਣ ਤੇ ਕੁੱਲ 4 ਕਰੋੜ ਰੁਪਏ ਦੀ ਲਾਗਤ ਆਵੇਗੀ ਅਤੇ ਇਸ ਨਿਰਮਾਣ ਕਾਰਜ ਨੂੰ 6 ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰ ਲਿਆ ਜਾਵੇਗਾ।ਦੌਰੇ ਦੇ ਆਖਿਰ ਵਿੱਚ ਮੈਬਰ ਪਾਰਲੀਮੈਂਟ ਸ਼੍ਰੀ ਮਨੀਸ਼ ਤਿਵਾੜੀ ਅਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮਾਰਕਿਟ ਕਮੇਟੀ ਮੋਰਿੰਡਾ ਦਫਤਰ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਵਿਕਾਸ ਕਾਰਜਾਂ ਦਾ ਵਿਸਥਾਰ ਵਿੱਚ ਜ਼ਾਇਜਾ ਲਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਨੂੰ ਕਰਾਉਂਦੇ ਹੋਏ ਗੁਣਵੱਤਾ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਅਤੇ ਇਨ੍ਹਾਂ ਕਾਰਜਾਂ ਨੂੰ ਮਿੱਥੇ ਸਮੇਂ ਵਿੱਚ ਨੇਪਰੇ ਚਾੜਿਆ ਜਾਵੇ।ਇਸ ਮੌਕੇ ਵਿਸ਼ੇਸ਼ ਤੌਰ ਤੇ ਐਸ.ਡੀ.ਐਮ.ਮੋਰਿੰਡਾ ਸ਼੍ਰੀ ਹਰਬੰਸ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਹਾਜ਼ਰ ਸਨ। ਇਸ ਦੇ ਨਾਲ ਹੀ ਚੈਅਰਮੈਨ ਪਵਨ ਦੀਵਾਨ, ਸਰਪੰਚ ਕੇਸਰ ਸਿੰਘ ਬਡਵਾਲੀ , ਚੈਅਰਮੈਨ ਖੁਸ਼ਹਾਲ ਸਿੰਘ, ਚੈਅਰਮੈਨ ਵਿਜੇ ਕੁਮਾਰ ਟਿੰਕੂ, ਓ.ਐਸ.ਡੀ. ਅਵਤਾਰ ਸਿੰਘ ਸਿੱਧੂ, ਸਰਪੰਚ ਹਰਪਾਲ ਸਿੰਘ, ਸਰਪੰਚ ਬੰਤ ਸਿੰਘ ਕਲਾਰਾਂ, ਪ੍ਰਧਾਨ ਮੋਰਿੰਡਾ ਬਿੱਲਾ ਬਾਜਵਾ, ਮਹਿੰਦਰ ਸਿੰਘ ਐਮ.ਸੀ. , ਹਰਜੋਤ ਸਿੰਘ ਢੰਗਰਾਲੀ, ਚੈਅਰਮੈਨ ਗੁਰਵਿੰਦਰ ਕਕਰਾਲੀ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਵੀ ਇਸ ਮੌਕੇ ਹਾਜ਼ਰ ਸਨ।