ਕੋਵਿਡ-19 ਦੇ ਵੱਧ ਰਹੇ ਖ਼ਤਰੇ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਮਿਸ਼ਨ ਫਤਿਹ ਮੁਹਿੰਮ ਤਹਿਤ ਸਿਹਤ ਵਿਭਾਗ ਵੱਲੋਂ ਦਿੱਤੀਆਂ ਸਾਵਧਾਨੀਆਂ ਦਾ ਪਾਲਣ ਕਰਨ ਲਈ ਪੰਚ-ਸਰਪੰਚਾਂ ਨੂੰ ਘਰ-ਘਰ ਪਹੁੰਚਣ ਦਾ ਸੱਦਾ ਦਿੱਤਾ ਗਿਆ ਹੈ। ਜਿਲ੍ਹੇ ਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਉਲੀਕੀ ਗਈ ਰਣਨੀਤੀ ਦੇ ਇਸ ਪੜਾਅ ਦੀ ਸ਼ੁਰੂਆਤ ਅਜਨਾਲਾ ਬਲਾਕ ਵਿਚ ਰਸਮੀ ਪ੍ਰੋਗਰਾਮ ਕਰਕੇ ਕੀਤੀ ਗਈ। ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਣਧੀਰ ਸਿੰਘ ਮੂਧਲ ਨੇ ਦੱਸਿਆ ਕਿ ਸਾਡੀ ਕੋਸ਼ਿਸ਼ ਹੈ ਕਿ ਹਰੇਕ ਪਿੰਡ ਵਾਸੀ ਨੂੰ ਕੋਵਿਡ ਦੇ ਖ਼ਤਰੇ ਤੋਂ ਚੁਕੰਨਾ ਕਰਕੇ ਕੋਵਿਡ ਦੇ ਪਸਾਰ ਨੂੰ ਰੋਕਿਆ ਜਾਵੇ। ਉਨਾਂ ਕਿਹਾ ਕਿ ਭਾਵੇਂ ਇਸ ਵੇਲੇ ਪੰਜਾਬ ਦੇ ਹਰ ਨਾਗਰਿਕ ਨੂੰ ਕੋਰੋਨਾ ਨੂੰ ਰੋਕਣ ਲਈ ਮਾਸਕ, ਆਪਸੀ ਦੂਰੀ, ਹੱਥਾਂ ਦੀ ਸਫਾਈ ਰੱਖਣ ਵਰਗੇ ਜ਼ਰੂਰੀ ਮਾਪਦੰਡ ਅਪਨਾਉਣ ਦਾ ਪਤਾ ਹੈ, ਪਰ ਕਰਫਿਊ ਤੋਂ ਬਾਅਦ ਦਿੱਤੀ ਢਿੱਲ ਕਾਰਨ ਲੋਕ ਇਸ ਲਾਪਰਵਾਹ ਹੋ ਗਏ ਹਨ, ਉਨਾਂ ਨੂੰ ਦੁਬਾਰਾ ਸੰਭਾਵੀ ਖ਼ਤਰੇ ਤੋਂ ਜਾਣੂੰ ਕਰਵਾਉਣ ਦੀ ਲੋੜ ਮਹਿਸੂਸ ਹੋ ਰਹੀ ਹੈ। ਸ੍ਰੀ ਮੂਧਲ ਨੇ ਦੱਸਿਆ ਕਿ ਅੱਜ ਅਜਨਾਲਾ ਬਲਾਕ ਵਿਚ ਕੀਤੇ ਪ੍ਰੋਗਰਾਮ ਵਿਚ ਸਰਪੰਚਾਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ ਹੈ ਅਤੇ ਨਾਲ ਹੀ ਆਪਣੇ-ਆਪਣੇ ਪਿੰਡ ਨੂੰ ਕੋਵਿਡ ਦੇ ਖ਼ਤਰੇ ਤੋਂ ਦੂਰ ਰੱਖਣ ਦੀ ਅਪੀਲ ਕਰਦੇ ਕਿਹਾ ਹੈ ਕਿ ਉਹ ਆਪਣੇ ਪਿੰਡ ਦੇ ਹਰ ਨਾਗਰਿਕ ਨੂੰ ਮਾਸਕ ਪਾਉਣੇ, ਆਪਸੀ ਦੂਰੀ ਰੱਖਣ ਅਤੇ ਹੱਥਾਂ ਦੀ ਸਫਾਈ ਕਰਦੇ ਰਹਿਣਾ ਜ਼ਰੂਰੀ ਬਨਾਉਣ, ਕਿਉਂਕਿ ਕਿਸੇ ਇਕ ਪਿੰਡ ਵਾਸੀ ਦੇ ਕੋਵਿਡ ਤੋਂ ਪ੍ਰਭਾਵਿਤ ਹੋਣ ਕਾਰਨ ਕਈ ਪਰਿਵਾਰ ਕੋਰੋਨਾ ਦੇ ਖਤਰੇ ਵਿਚ ਪੈ ਸਕਦੇ ਹਨ। ਉਨਾਂ ਕਿਹਾ ਕਿ ਪਿੰਡਾਂ ਦੇ ਪੰਚਾਂ-ਸਰਪੰਚਾਂ ਦੀ ਪਹੁੰਚ ਆਪਣੇ ਪਿੰਡਾਂ ਵਿਚ ਹੋਣ ਕਾਰਨ ਇਸ ਬਹੁਤ ਹੀ ਮਹੱਤਵਪੂਰਨ ਕੰਮ ਦੀ ਜ਼ਿੰਮੇਵਾਰੀ ਉਨਾਂ ਨੂੰ ਦਿੱਤੀ ਗਈ ਹੈ ਅਤੇ ਅਪੀਲ ਕੀਤੀ ਗਈ ਹੈ ਕਿ ਕੇਵਲ ਇਕ ਦਿਨ ਇਸ ਕੰਮ ਵਿਚ ਲਗਾ ਕੇ ਉਹ ਸਾਰੇ ਪਿੰਡ ਵਾਸੀਆਂ ਨੂੰ ਘਰ-ਘਰ ਜਾ ਕੇ ਇਹ ਸੁਨੇਹਾ ਦੇ ਦੇਣ।ਸ੍ਰੀ ਮੂਧਲ ਨੇ ਕਿਹਾ ਕਿ ਅੱਜ ਲੋੜ ਹੈ ਕਿ ਲੋਕ ਕੋਰੋਨਾ ਤੋਂ ਬਚਣ ਦਾ ਹਰ ਉਹ ਉਪਾਅ ਕਰਨ, ਜੋ ਕਿ ਸਿਹਤ ਵਿਭਾਗ ਵੱਲੋਂ ਦਰਸਾਇਆ ਜਾ ਰਿਹਾ ਹੈ। ਅਜਨਾਲਾ ਬਲਾਕ ਵਿਚ ਬੀ ਡੀ ਪੀ ਓ ਸ੍ਰੀ ਮਨਮੋਹਨ ਸਿੰਘ ਵੱਲੋਂ ਵਿਸ਼ੇਸ਼ ਤੌਰ ਉਤੇ ਸਰਪੰਚਾਂ ਨੂੰ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਾਜ਼ਰ ਸਰਪੰਚਾਂ ਨੇ ਵਿਸ਼ਵਾਸ਼ ਦਿਵਾਇਆ ਕਿ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਫਤਿਹ ਤਹਿਤ ਘਰ ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕਰਨਗੇ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕਰਨਗੇ ਅਤੇ ਪਿੰਡਾਂ ਦੇ ਲੋਕਾਂ ਨੂੰ ਵੀ ਇਸ ਮਹਾਂਮਾਰੀ ਤੋ ਬਚਣ ਲਈ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਅਪੀਲ ਕਰਨਗੇ। ਇਸ ਮੌਕੇ ਸਹਾਇਕ ਲੋਕ ਸੰਪਰਕ ਅਫਸਰ ਸ੍ਰੀ ਯੋਗੇਸ਼ ਕੁਮਾਰ, ਸਰਪੰਚ ਪਰਮਿੰਦਰ ਸਿੰਘ, ਰਵਜੀਤ ਸਿੰਘ, ਪ੍ਰਿਥੀਪਾਲ ਸਿੰਘ, ਨਵਪ੍ਰੀਤ ਸਿੰਘ, ਧੀਰ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ, ਸਤਪਾਲ ਸਿੰਘ, ਗੁਰਦੇਵ ਸਿੰਘ, ਪ੍ਰਭ ਸਿੰਘ, ਲਵਜੀਤ ਸਿੰਘ ਵੀ ਹਾਜਰ ਸਨ।