ਵਿਧਾਇਕ ਅੰਗਦ ਸਿੰਘ ਨੇ ਅੱਜ ਤਾਜੋਵਾਲ ਮੰਢਾਲਾ ਬੰਨ੍ਹ ਦਾ ਦੌਰਾ ਕਰਕੇ ਉੱਥੇ ਚੱਲ ਰਹੇ ਮਜ਼ਬੂਤੀ ਦੇ ਕਾਰਜ ਦਾ ਜਾਇਜ਼ਾ ਲਿਆ। ਉਨ੍ਹਾਂ ਇਸ ਮੌਕੇ ਬੰਨ੍ਹ ਨੇੜਲੇ ਪਿੰਡਾਂ ਦੇ ਲੋਕਾਂ ਨਾਲ ਗੱਲਬਾਤ ਵੀ ਕੀਤੀ ਅਤੇ ਉਨ੍ਹਾਂ ਵੱਲੋਂ ਬੰਨ੍ਹ ਦੇ ਮੌਜੂਦਾ ਕੰਮ ਦਾ ਘੇਰਾ ਵਧਾਉਣ ਦੀ ਰੱਖੀ ਮੰਗ ’ਤੇ ਸਰਕਾਰ ਪਾਸੋਂ ਹੋਰ ਫੰਡ ਜਾਰੀ ਕਰਵਾਉਣ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਮੌਜੂਦਾ ਡਰੇਨੇਜ ਵਿਭਾਗ ਦੇ ਐਸ ਡੀ ਓ ਕੇਹਰ ਚੰਦ ਨੇ ਦੱਸਿਆ ਕਿ ਤਾਜੋਵਾਲ ਮੰਢਾਲਾ ਨੂੰ ਪਿਛਲੇ ਹੜ੍ਹਾਂ ਦੇ ਸੀਜ਼ਨ ਦੌਰਾਨ ਪਾਣੀ ਦੇ ਵਧਣ ਕਾਰਨ ਖਾਸਾ ਨੁਕਸਾਨ ਪੁੱਜਾ ਸੀ, ਜਿਸ ਲਈ ਠੋਕਰਾਂ ਤੇ ਹੋਰ ਮਜ਼ਬੂਤੀ ਕਾਰਜਾਂ ’ਤੇ 60 ਲੱਖ ਰੁਪਏ ਦੇ ਫੰਡ ਜਾਰੀ ਹੋਏ ਹਨ। ਵਿਧਾਇਕ ਅੰਗਦ ਸਿੰਘ ਨੇ ਐਸ ਡੀ ਓ ਡਰੇਨੇਜ ਨੂੰ ਸਥਾਨਕ ਲੋਕਾਂ ਵੱਲੋਂ ਰੱਖੀ ਵਾਧੂ ਫੰਡਾਂ ਦੀ ਮੰਗ ਅਨੁਸਾਰ ਮਜ਼ਬੂਤੀ ਲਈ ਤਖਮੀਨੇ ਤਿਆਰ ਕਰਨ ਲਈ ਆਖਿਆ ਤਾਂ ਜੋ ਸਰਕਾਰ ਪਾਸੋਂ ਲੋਕਾਂ ਦੀ ਮੰਗ ਅਨੁਸਾਰ ਰਾਸ਼ੀ ਜਾਰੀ ਕਰਵਾਈ ਜਾ ਸਕੇ। ਉਨ੍ਹਾਂ ਇਸ ਮੌਕੇ ਆਖਿਆ ਕਿ ਉਹ ਆਪਣੇ ਹਲਕੇ ’ਚ ਦਰਿਆ ਕੰਢੇ ਬੈਠੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਭਲੀ-ਭਾਂਤ ਜਾਣੂ ਹਨ ਅਤੇ ਉਨ੍ਹਾਂ ਪਿਛਲੇ ਹੜ੍ਹਾਂ ਦੇ ਸੀਜ਼ਨ ਦੌਰਾਨ ਖੁਦ ਲੋਕਾਂ ਦੀ ਜਾਨ ’ਤੇ ਬਣੀ ਮੁਸ਼ਕਿਲ ਨੂੰ ਦੇਖਿਆ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਉਹ ਸਰਕਾਰ ਪਾਸੋਂ ਇਸ ਸਬੰਧੀ ਹੋਰ ਫੰਡ ਜਾਰੀ ਕਰਵਾਉਣਗੇ।ਇਸ ਤੋਂ ਪਹਿਲਾਂ ਕਲ੍ਹ ਵਿਧਾਇਕ ਅੰਗਦ ਸਿੰਘ ਵੱਲੋਂ ਰਾਹੋਂ-ਨੀਲੋਵਾਲ ਡਰੇਨ ਦੀ ਸਫ਼ਾਈ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਇਸ ਮੌਕੇ ਮੌਜੂਦ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਡਰੇਨਾਂ ਦੀ ਸਫ਼ਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਇਸ ਕੰਮ ਨੂੰ ਬਾਰਸ਼ਾਂ ਤੋਂ ਪਹਿਲਾਂ-ਪਹਿਲਾਂ ਨੇਪਰੇ ਚਾੜ੍ਹਿਆ ਜਾਵੇ। ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਡਰੇਨ ਤੋਂ ਇਲਾਵਾ ਚਰਾਂਦ, ਰਾਹੋਂ-ਬਾਜ਼ੀਦਪੁਰ ਡਰੇਨਾਂ ਦੀ ਸਫ਼ਾਈ ਵੀ ਕਰਵਾਈ ਜਾ ਰਹੀ ਹੈ, ਇਸ ਕੰਮ ਲਈ 10 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।