ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕੋਵਿਡ-19 ਮਹਾਂਮਾਰੀ ਦੌਰਾਨ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਅਧੀਨ ਜ਼ਿਲੇ੍ਹ ਅੰਦਰ ਰਾਸ਼ਨ ਵੰਡਣ ਦਾ ਕੰਮ ਜੋਰਾ ਸ਼ੋਰਾਂ ਨਾਲ ਚੱਲ ਰਿਹਾ ਹੈ। ਇਹ ਜਾਣਕਾਰੀ ਜਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਫਾਜਿਲਕਾ ਸ਼੍ਰੀ ਰਾਜ ਰਿਸ਼ੀ ਮਹਿਰਾ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਫਾਜਿਲਕਾ ਵਿੱਚ ਹੁਣ ਤੱਕ ਲਗਭਗ 89000 ਸਮਾਰਟ ਰਾਸ਼ਨ ਕਾਰਡ ਹੋਲਡਰ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਜਾ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਰਾਸ਼ਨ ਵੰਡਣ ਦੀ ਇਸ ਲੜੀ ਤਹਿਤ ਅੱਜ ਪਿੰਡ ਮਾਹੁਆਣਾ ਬੋਦਲਾ ਦੇ ਨਾਲ-ਨਾਲ ਹੋਰਨਾਂ ਪਿੰਡਾਂ ਵਿਖੇ ਕਣਕ ਵੰਡੀ ਜਾ ਰਹੀ ਹੈ।ਉਹਨਾਂ ਦੱਸਿਆ ਕਿ ਰਾਸ਼ਨ ਦੀ ਵੰਡ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੀਤੀ ਜਾ ਰਹੀ ਹੈ ਅਤੇ ਇਸ ਕੰਮ ਵਿੱਚ ਖੁਰਾਕ ਸਪਲਾਈ ਵਿਭਾਗ ਦਾ ਪੂਰਾ ਅਮਲਾ ਅਤੇ ਡਿਪੂ ਹੋਲਡਰ ਤਨਦੇਹੀ ਨਾਲ ਕੰਮ ਕਰ ਰਹੇ ਹਨ। ਉਨਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਰਾਸ਼ਨ ਦੀ ਵੰਡ ਦੌਰਾਨ 15 ਕਿਲੋ ਕਣਕ ਪ੍ਰਤੀ ਜੀਅ ਅਤੇ 3 ਕਿਲੋ ਦਾਲ ਪ੍ਰਤੀ ਕਾਰਡ ਦਿੱਤਾ ਜਾ ਰਿਹਾ ਹੈ।ਉਹਨਾਂ ਇਹ ਵੀ ਦੱਸਿਆ ਕਿ ਜੇਕਰ ਕਿਸੇ ਡਿਪੂ ਹੋਲਡਰ ਵੱਲੋਂ ਲੋਕਾਂ ਨੂੰ ਘੱਟ ਰਾਸ਼ਨ ਦੇਣ ਦੀ ਕੋਈ ਸ਼ਿਕਾਇਤ ਉਹਨਾਂ ਦੇ ਧਿਆਨ ਵਿੱਚ ਆਵੇਗੀ ਤਾਂ ਉਹਨਾਂ ਵੱਲੋ ਦੋਸ਼ੀਆਂ ਵਿਰੁੱਧ ਸਖਤੀ ਨਾਲ ਕਾਰਵਾਈ ਕੀਤੀ ਜਾਵੇਗੀ।