ਕੋਰੋਨਾ ਤੋਂ ਬਚਾਅ ਲਈ ਜਾਗਰੂਕ ਤੇ ਸੁਚੇਤ ਹੋਣ ਦੀ ਲੋੜ ਹੈ, ਖਾਸ ਕਰਕੇ ਜੇਕਰ ਕੋਈ ਮੈਡੀਕਲ ਕੰਡੀਸ਼ਨ, ਜਿਵੇਂ ਹਾਈਪਰਟੈਂਸ਼ਨ, ਸ਼ੂਗਰ ਅਤੇ ਦਿਲ ਸਬੰਧੀ ਕੋਈ ਬਿਮਾਰੀ ਆਦਿ, ਹੋਵੇ ਤਾਂ ਇਸ ਵਾਇਰਸ ਦਾ ਪ੍ਰਭਾਵ ਜ਼ਿਆਦਾ ਗੰਭੀਰ ਹੋ ਸਕਦਾ ਹੈ। ਇਹ ਪ੍ਰਗਟਾਵਾ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਵਿਸ਼ਵ ਹਾਈਪਰਟੈਂਸ਼ਨ ਦਿਵਸ ਸਬੰਧੀ ਕਰਵਾਏ ਜਾਗਰੂਕਤਾ ਸਮਾਗਮ ਦੌਰਾਨ ਕੀਤਾ। ਇਸ ਦੌਰਾਨ ਉਨਾਂ ਸਿਵਲ ਹਸਪਤਾਲ ਦੀ ਓ. ਪੀ. ਡੀ ਅਤੇ ਫਲੂ ਕਾਰਨਰ ’ਤੇ ਵੀ ਮਰੀਜ਼ਾਂ ਨੂੰ ਹਾਈਪਰਟੈਂਸ਼ਨ ਸਬੰਧੀ ਜਾਗਰੂਕ ਕੀਤਾ। ਉਨਾਂ ਦੱਸਿਆ ਕਿ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਵਿਚ ਰੱਖਣਾ ਬੇਹੱਦ ਜ਼ਰੂਰੀ ਹੈ ਅਤੇ ਜੇਕਰ ਸਮੇਂ ਸਿਰ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਬਿਮਾਰੀਆਂ, ਜਿਵੇਂ ਦਿਲ ਦੇ ਦੌਰੇ, ਅਧਰੰਗ, ਅੰਨਾਪਣ, ਗੁਰਦਿਆਂ ਦੀਆਂ ਬਿਮਾਰੀਆਂ, ਗੁਪਤ ਰੋਗ, ਮਾਨਸਿਕ ਤਣਾਅ ਆਦਿ ਦਾ ਕਾਰਨ ਬਣ ਸਕਦਾ ਹੈ। ਉਨਾਂ ਕੋਰੋਨਾ ਦੇ ਮੱਦੇਨਜ਼ਰ ਲੋਕਾਂ ਨੂੰ ਘਰਾਂ ਵਿਚ ਰਹਿਣ, ਹੱਥਾਂ ਦੀ ਸਫ਼ਾਈ ਰੱਖਣ ਅਤੇ ਬਜੁਰਗਾਂ ਦਾ ਖ਼ਾਸ ਖਿਆਲ ਰੱਖਣ ਲਈ ਵੀ ਕਿਹਾ।ਜ਼ਿਲਾ ਪਰਿਵਾਰ ਭਲਾਈ ਅਫ਼ਸਰ-ਕਮ-ਪ੍ਰੋਗਰਾਮ ਅਫ਼ਸਰ ਐਨ. ਸੀ. ਡੀ ਡਾ. ਰਾਜਕਰਨੀ ਨੇ ਇਸ ਮੌਕੇ ਦੱਸਿਆ ਕਿ ਜੀਵਨ ਸ਼ੈਲੀ ਵਿਚ ਬਦਲਾਅ, ਕਸਰਤ ਅਤੇ ਸੰਤੁਲਿਤ ਖ਼ੁਰਾਕ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਉਨਾਂ ਯੋਗਾ ਅਤੇ ਮੈਡੀਟੇਸ਼ਨ ਨੂੰ ਵੀ ਮਾਨਸਿਕ ਤਣਾਅ ਘੱਟ ਕਰਨ ਦਾ ਜ਼ਰੀਆ ਦੱਸਿਆ। ਡਾ. ਰਾਜਕਰਨੀ ਨੇ ਸਰੀਰਕ ਵਜ਼ਨ ’ਤੇ ਵੀ ਕੰਟਰੋਲ ਰੱਖਣ ਅਤੇ ਤੰਬਾਕੂਨੋਸ਼ੀ ਤੋਂ ਪਰਹੇਜ ਕਰਨ ਨੂੰ ਕਿਹਾ।ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਡਾ. ਮੋਹਨਪ੍ਰੀਤ ਸਿੰਘ ਨੇ ਆਏ ਮਰੀਜ਼ਾਂ ਨੂੰ ਸਮੇਂ-ਸਮੇਂ ’ਤੇ ਡਾਕਟਰੀ ਸਲਾਹ ਲੈਣ ਲਈ ਕਿਹਾ। ਉਨਾਂ ਇਹ ਵੀ ਕਿਹਾ ਕਿ ਡਾਕਟਰੀ ਸਲਾਹ ਅਨੁਸਾਰ ਹੀ ਹਾਈਪਰਟੈਂਸ਼ਨ ਦੀ ਦਵਾਈ ਲਈ ਜਾਵੇ ਅਤੇ ਬਿਨਾਂ ਡਾਕਟਰੀ ਸਲਾਹ ’ਤੇ ਆਪਣੀ ਮਰਜ਼ੀ ਨਾਲ ਬੀ. ਪੀ ਦੀ ਦਵਾਈ ਬੰਦ ਨਾ ਕੀਤੀ ਜਾਵੇ। ਉਨਾਂ ਲੋਕਾਂ ਨੂੰ ਤਲੇ ਤੇ ਚਿਕਨਾਹਟ ਯੁਕਤ ਭੋਜਨ ਪਦਾਰਥ ਘੱਟ ਖਾਣ, ਮਿੱਠੇ ਅਤੇ ਨਮਕ ਦੀ ਵਰਤੋਂ ਘੱਟ ਕਰਨ ’ਤੇ ਵੀ ਜ਼ੋਰ ਦਿੱਤਾ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਾ. ਮੋਹਿਤ, ਸੁਪਰਡੈਂਟ ਸ੍ਰੀ ਰਾਮ ਅਵਤਾਰ, ਸ੍ਰੀ ਰਵਿੰਦਰ ਜੱਸਲ ਤੇ ਹੋਰ ਹਾਜ਼ਰ ਸਨ।