ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲੇ੍ਹ ਅੰਦਰ ਕਣਕ ਦੀ ਖਰੀਦ ਦੇ ਮੱਦੇਨਜ਼ਰ ਕੀਤੀ ਗਈ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਇੰਟਰ ਸਟੇਟ ਨਾਕਿਆਂ ’ਤੇ ਪੂਰੀ ਤਰ੍ਹਾਂ ਚੌਕਸੀ ਵਰਤੀ ਜਾਵੇ। ਇਸ ਦੌਰਾਨ ਰਾਜਸਥਾਨ ਤੋਂ ਜ਼ਿਲੇ੍ਹ ਦੀਆਂ ਮੰਡੀਆਂ ਵਿੱਚ ਵਿਕਣ ਲਈ ਕਣਕ ਦਾ ਇਕ ਦਾਣਾ ਵੀ ਨਾ ਆਉਣ ਦਿੱਤਾ ਜਾਵੇ। ਅਨਾਜ ਮੰਡੀਆਂ ਵਿੱਚ ਕਣਕ ਦੇ ਸੀਜਨ ਦੌਰਾਨ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਪੇਸ਼ ਨਾ ਆਉਣ ਦਿੱਤੀ ਜਾਵੇ। ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਵਿਚ ਪੀਣ ਵਾਲਾ ਪਾਣੀ, ਪਖਾਣੇ, ਬਿਜਲੀ ਆਦਿ ਹੋਰ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ।ਡਿਪਟੀ ਕਮਿਸ਼ਨਰ ਸ. ਸੰਧੂ ਨੇ ਕਣਕ ਦੀ ਖਰੀਦ ਨੂੰ ਲੈ ਕੇ ਕੀਤੇ ਗਏ ਪ੍ਰਬੰਧਾਂ ਦੀ ਸਮੀਖਿਆ ਕਰਦਿਆਂ ਇਹ ਵੀ ਦੱਸਿਆ ਕਿ ਇਸ ਵਾਰ ਕੋਵਿਡ-19 ਮਹਾਂਮਾਰੀ ਨਾਲ ਨਜਿੱਠਣ ਲਈ ਮੰਡੀਆਂ ਵਿੱਚ ਕਿਸਾਨਾਂ ਦੀ ਸਿਹਤ ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਕਣਕ ਦੀ ਖਰੀਦ ਸ਼ਰੀਰਕ ਫਾਂਸਲਾ ਰੱਖਦਿਆਂ ਯਕੀਨੀ ਬਣਾਈ ਜਾਵੇਗੀ। ਇਸ ਦੌਰਾਨ ਅਨਾਜ ਮੰਡੀਆਂ ’ਚ ਕਿਸਾਨਾਂ ਤੇ ਮਜ਼ਦੂਰਾਂ ਨੂੰ ਜਾਗਰੂਕ ਕਰਨ ਹਿੱਤ ਜੀ.ਓ.ਜੀ. ਅਤੇ ਐਨ.ਸੀ.ਸੀ. ਕੈਡਿਟਾਂ ਦੀਆਂ ਸੇਵਾਵਾਂ ਲਈਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਸਬੰਧਤ ਸਕੱਤਰ ਮਾਰਕੀਟ ਕਮੇਟੀ ਵੱਲੋਂ ਆਪਣੇ ਅਧੀਨ ਆਉਂਦੀਆਂ ਮੰਡੀਆਂ ਵਿੱਚ ਕਣਕ ਵੇਚਣ ਲਈ ਆੜਤੀਆਂ ਰਾਹੀਂ ਕਿਸਾਨਾਂ ਨੂੰ 50-50 ਕੁਇੰਟਲ ਦੇ ਹੋਲੋਗਾ੍ਰਮ ਵਾਲੇ ਪਾਸ ਜਾਰੀ ਕੀਤੇ ਜਾਣਗੇ। ਕਿਸਾਨ ਲਈ ਲਾਜ਼ਮੀ ਹੋਵੇਗਾ ਕਿ ਉਹ ਬਿਨ੍ਹਾਂ ਕੂਪਨ ਤੋਂ ਕਣਕ ਮੰਡੀ ਵਿਖੇ ਨਾ ਲਿਆਉਣ। ਟਰੈਕਟਰ/ਟਰਾਲੀ ਤੇ ਇਕ ਜਾਂ ਦੋ ਤੋਂ ਵੱਧ ਵਿਅਕਤੀ ਲਿਆਉਣ ਤੋਂ ਗੁਰੇਜ ਕੀਤਾ ਜਾਵੇ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀ ਵਿਚ ਕਣਕ ਸਾਫ ਸੁਥਰੀ ਅਤੇ ਸੁਕਾ ਕੇ ਹੀ ਲਿਆਂਦੀ ਜਾਵੇ ਤਾਂ ਜੋ ਇਸ ਦੀ ਉਸੇ ਦਿਨ ਹੀ ਵਿਕਰੀ ਹੋ ਸਕੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਵਰੇ੍ਹ 9 ਲੱਖ 11 ਹਜਾਰ ਮੀਟਿ੍ਰਕ ਟਨ ਜ਼ਿਲੇ੍ਹ ਦੀਆਂ ਮੰਡੀਆਂ ਵਿੱਚ ਕਣਕ ਆਉਣ ਦੀ ਸੰਭਾਵਨਾ ਹੈ, ਜਦਕਿ ਪਿਛਲੇ ਸਾਲ 8 ਲੱਖ 79 ਹਜ਼ਾਰ ਮੀਟਿ੍ਰਕ ਟਨ ਕਣਕ ਦੀ ਆਮਦ ਹੋਈ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲੇ੍ਹ ਵਿੱਚ ਖਰੀਦ ਲਈ 3 ਮੁੱਖ ਅਨਾਜ ਮੰਡੀਆਂ (ਫ਼ਾਜ਼ਿਲਕਾ, ਅਬੋਹਰ ਤੇ ਜਲਾਲਾਬਾਦ) ਤੋਂ ਇਲਾਵਾ 9 ਸਬ ਯਾਰਡ, 84 ਪਿੰਡ ਪੱਧਰ ’ਤੇ ਸਥਿਤ ਅਨਾਜ ਮੰਡੀਆਂ ਅਤੇ 21 ਰਾਈਸ ਮਿਲਜ ਵਿਖੇ ਐਫ.ਸੀ. ਆਈ, ਪਨਸਪ, ਵੇਅਰ ਹਾਉਸ, ਪਨਗਰੇਨ, ਪੰਜਾਬ ਐਗਰੋ ਅਤੇ ਮਾਰਕਫੈਡ ਵੱਲੋਂ ਖਰੀਦ ਕੀਤੀ ਜਾਵੇਗੀ। ਉਨ੍ਹਾਂ ਇਸ ਮੌਕੇ ਅਧਿਕਾਰੀਆਂ ਨੂੰ ਖਾਸ ਹਦਾਇਤ ਕੀਤੀ ਕਿ ਕਣਕ ਦੀ ਕਟਾਈ ਤੇ ਖਰੀਦ ਦੌਰਾਨ ਬਾਹਰਲੇ ਜ਼ਿਲੇ੍ਹ ਤੋਂ ਨਾ ਤਾਂ ਲੇਬਰ ਆਉਣ ਦਿੱਤੀ ਜਾਵੇ ਅਤੇ ਨਾ ਹੀ ਜ਼ਿਲੇ੍ਹ ’ਚੋਂ ਲੇਬਰ ਬਾਹਰ ਜਾਣ ਦਿੱਤੀ ਜਾਵੇ।ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿ) ਨਵਲ ਰਾਮ, ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਆਰ.ਪੀ. ਸਿੰਘ, ਐਸ.ਡੀ.ਐਮ. ਫ਼ਾਜ਼ਿਲਕਾ ਸੁਭਾਸ਼ ਖੱਟਕ, ਐਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਮੈਡਮ ਪੂਨਮ ਸਿੰਘ, ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਰਾਜਰਿਸ਼ੀ ਮਹਿਰਾ, ਜ਼ਿਲ੍ਹਾ ਮੰਡੀ ਅਫਸਰ ਸਵਰਨ ਸਿੰਘ ਆਦਿ ਅਧਿਕਾਰੀ ਹਾਜ਼ਰ ਸਨ।