ਕੋਰੋਨਾ ਵਾਇਰਸ ਦੀ ਨਾਮੁਰਾਦ ਬਿਮਾਰੀ ਤੋਂ ਹਰੇਕ ਜ਼ਿਲ੍ਹਾ ਵਾਸੀ ਨੂੰ ਸੁਰੱਖਿਅਤ ਰੱਖਣ ਅਤੇ ਜ਼ਿਲ੍ਹੇ ਪੱਧਰ ’ਤੇ 16 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਕਣਕ ਦੇ ਸੀਜ਼ਨ ਨੂੰ ਸੁਚੱਜੇ ਢੰਗ ਨਾਲ ਨੇਪਰੇ ਚੜਾਉਣ ਲਈ ਅੱਜ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਵੱਖ ਵੱਖ ਖਰੀਦ ਏਜੰਸੀਆਂ ਅਤੇ ਖਰੀਦ ਪ੍ਰਬੰਧਾਂ ਨਾਲ ਜੁੜੇ ਹੋਰ ਚੋਣਵੇਂ ਅਧਿਕਾਰੀਆਂ ਨਾਲ ਕੈਂਪ ਆਫ਼ਿਸ ਦੇ ਬਾਹਰ ਖੁੱਲੇ ’ਚ ਟੈਂਟ ਲਗਾ ਕੇ ਸਾਮਾਜਿਕ ਦੂਰੀ ਬਣਾ ਕੇ ਰੱਖਣ ਦੀ ਮਿਸਾਲ ਪੇਸ਼ ਕਰਦਿਆਂ ਅਹਿਮ ਮੀਟਿੰਗ ਕੀਤੀ।ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਸੰਧੂ ਨੇ ਸਮੁੱਚੇ ਖਰੀਦ ਪ੍ਰਬੰਧਾਂ ਨੂੰ ਰਾਜ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਨੇਪਰੇ ਚੜਾਉਣ ਲਈ ਰਹਿੰਦੇ ਪ੍ਰਬੰਧਾਂ ਨੂੰ ਤੁਰੰਤ ਮੁਕੰਮਲ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਜ਼ਿਲ੍ਹਾ ਮੰਡੀ ਅਫ਼ਸਰ ਅਤੇ ਹੋਰਨਾਂ ਸਬੰਧਤ ਅਧਿਕਾਰੀਆਂ ਨੂੰ ਮੰਡੀਆਂ ਅੰਦਰ ਆਪਣੀ ਜਿਣਸ ਲੈ ਕੇ ਆਏ ਕਿਸਾਨਾਂ, ਜਿੰਮੀਦਾਰਾਂ ਅਤੇ ਲੇਬਰ ਨੂੰ ਸਾਮਾਜਿਕ ਦੂਰੀ ਬਣਾਈ ਰੱਖਣ ਲਈ ਪ੍ਰੇਰਿਤ ਕਰਨ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਪ੍ਰਕੋਪ ਤੋਂ ਬਚਣ ਲਈ ਸ਼ੋਸਲ ਡਿਸਟੈਂਸ ਬਾਰੇ ਜਾਗਰੂਕਤਾ ਬੈਨਰ ਹਰੇਕ ਮੰਡੀ ਅੰਦਰ ਆਲੇ ਦੁਆਲੇ ਲਗਾਉਣੇ ਯਕੀਨੀ ਬਣਾਏ ਜਾਣ। ਉਨ੍ਹਾਂ ਖੇਤੀਬਾੜੀ ਵਿਭਾਗ ਅਤੇ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫ਼ਸਰ ਕਿਹਾ ਕਿ ਹੋ ਸਕੇ ਤਾਂ ਕਿਸਾਨਾਂ ਦੇ ਘਰਾਂ ਤੋਂ ਜਿਣਸ ਚੁੱਕਣ ਲਈ ਆੜ੍ਹਤੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ।ਸ. ਸੰਧੂ ਨੇ ਸਮੂਹ ਐਸ.ਡੀ.ਐਮਜ਼ ਕਿਹਾ ਕਿ ਜ਼ਿਲੇ ਅੰਦਰ ਸਥਾਪਤ 117 ਖਰੀਦ ਕੇਂਦਰਾਂ ’ਤੇ ਸੈਨੀਟਾਈਜ਼ੇਸ਼ਨ, ਟੋਆਇਲਟ, ਪੀਣ ਵਾਲੇ ਸਾਫ਼ ਪਾਣੀ, ਬਿਜਲੀ, ਹੱਥ ਥੋਣ ਲਈ ਵਾਸਵੇਸ਼ਨ ਆਦਿ ਦੇ ਪ੍ਰਬੰਧਾਂ ਦਾ ਆਪਣੇ ਪੱਧਰ ’ਤੇ ਜਾਇਜ਼ਾ ਲੈ ਲਿਆ ਜਾਵੇ, ਤਾਂ ਜੋ ਮੰਡੀ ਅੰਦਰ ਆਉਣ ਵਾਲੇ ਕਿਸਾਨਾਂ ਨੂੰ ਕਿਸੇ ਵੀ ਦਰਪੇਸ਼ ਸਮੱਸਿਆ ਦਾ ਸਾਮ੍ਹਣਾ ਨਾ ਕਰਨਾ ਪਵੇ।
ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਮੰਡੀ ਵਿਚ ਕਣਕ ਦੀ ਜਿਣਸ ਨੂੰ ਲਿਆਉਣ ਲਈ ਆੜ੍ਹਤੀਆਂ ਰਾਹੀਂ ਪਾਸ ਜਾਰੀ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜਾਰੀ ਕੀਤੇ ਪਾਸ ਅਨੁਸਾਰ ਹੀ ਕਿਸਾਨਾਂ ਨੂੰ ਮੰਡੀਆਂ ਅੰਦਰ ਕਣਕ ਲਿਆਉਣ ਦੀ ਇਜਾਜਤ ਹੋਵੇਗੀ, ਮਿਆਦ ਲੰਘ ਚੁੱਕੇ ਪਾਸ ਨਾਲ ਕੋਈ ਵੀ ਕਿਸਾਨ ਮੰਡੀਆਂ ਅੰਦਰ ਕਣਕ ਨਹੀ ਲੈ ਕੇ ਆਵੇਗਾ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਜਿਹੜੀਆਂ ਮੰਡੀਆਂ ਅੰਦਰ ਬੈਂਕਾਂ ਦੇ ਏ.ਟੀ.ਐਮ ਸਥਾਪਤ ਹਨ, ਉਨ੍ਹਾਂ ਨੂੰ ਵੀ ਸੈਨੀਟਾਈਜ਼ ਕੀਤਾ ਜਾਵੇ।ਸ. ਸੰਧੂ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਣਕ ਦੀ ਖ਼ਰੀਦ ਦੌਰਾਨ ਆਪਸੀ ਦੂਰੀ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਅਸੀਂ ਇਸ ਭਿਆਨਕ ਬਿਮਾਰੀ ਨੂੰ ਹਰਾਉਣ ’ਚ ਸਫ਼ਲ ਹੋ ਸਕੀਏ। ਉਨ੍ਹਾਂ ਕਿਹਾ ਕਿ ਫ਼ਸਲ ਦੀ ਖਰੀਦ ਪ੍ਰਕਿਰਿਆਂ ਅਤੇ ਅਦਾਇਗੀ ਲਈ ਕਿਸਾਨਾਂ ਨੂੰ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗੀ, ਜਿਸਦੇ ਲਈ ਸਬੰਧਤ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕਣਕ ਦੇ ਸੀਜ਼ਨ ਦੌਰਾਨ ਕਿਸੇ ਕਿਸਮ ਦੀ ਸਮੱਸਿਆ ਸਬੰਧੀ ਜ਼ਿਲ੍ਹਾ ਪੱਧਰ ’ਤੇ ਸਥਾਪਤ ਕੰਟਰੋਲ ਰੂਮ ਨੰਬਰ 01638-260555 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਐਸ.ਐਸ.ਪੀ. ਹਰਜੀਤ ਸਿੰਘ, ਵਧੀਕ ਡਿਪਟੀ ਕਮਿਸ਼ਨਰ ਡਾ. ਆਰ.ਪੀ. ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਲ ਰਾਮ, ਐਸ.ਡੀ.ਐਮ. ਫਾਜ਼ਿਲਕਾ ਸੁਭਾਸ਼ ਖੱਟਕ, ਐਸ.ਡੀ.ਐਮ. ਜਲਾਲਾਬਾਦ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਪੂਨਮ ਸਿੰਘ, ਤਹਿਸੀਲਦਾਰ ਕਮ ਵਾਧੂ ਚਾਰਜ਼ ਐਸ.ਡੀ.ਐਮ. ਅਬੋਹਰ ਜੇ.ਐਸ. ਬਰਾੜ, ਜ਼ਿਲ੍ਹਾ ਮੰਡੀ ਅਫ਼ਸਰ ਸਵਰਨ ਸਿੰਘ, ਖੇਤੀਬਾੜੀ ਅਫ਼ਸਰ ਮਨਜੀਤ ਸਿੰਘ, ਤਹਿਸੀਲਦਾਰ ਜਲਾਲਾਬਾਦ ਆਰ.ਪੀ.ਪਾਂਡੇ ਸਮੇਤ ਖਰੀਦ ਏਜੰਸੀਆਂ ਦੇ ਚੋਣਵੇਂ ਅਧਿਕਾਰੀ ਹਾਜਰ ਸਨ।