ਮੁੱਖ ਪਾਰਲੀਮਾਨੀ ਸਕੱਤ ਨਰਿੰਦਰ ਸ਼ਰਮਾ ਨੇ ਅੱਜ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਜ਼ਿਲ੍ਹਾ ਪੱਧਰ 'ਤੇ ਪਲਸ ਪੋਲੀਓ ਮੁਹਿੰਮ ਦਾ ਉਦਘਾਟਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ 'ਚ ਆਧੁਨਿਕ ਮਸ਼ੀਨਾਂ ਅਤੇ ਡਾਕਟਰਾਂ ਦੀ ਕਮੀ ਨੂੰ ਪੂਰਾ ਕੀਤਾ ਜਾ ਰਿਹਾ ਹੈ। ਇਸ ਮੌਕੇ ਸ਼੍ਰੀ ਐਨ.ਕੇ. ਸ਼ਰਮਾ ਨੇ ਡੇਰਾਬੱਸੀ ਸਿਵਲ ਹਸਪਤਾਲ ਦਾ ਦਰਜਾ ਵਧਾਉਣ ਅਤੇ ਇਥੇ ਡਾਕਟਰਾਂ ਦੀ ਕਮੀ ਨੂੰ ਛੇਤੀ ਪੂਰਾ ਕਰਨ ਦਾ ਭਰੋਸਾ ਵੀ ਦਿਵਾਇਆ। ਇਸ ਮੌਕੇ ਸੰਸਦੀ ਸਕੱਤਰ ਨੇ ਸ਼ਹਿਰ ਦੇ ਇੱਕ ਮਾਸੂਮ ਨੂੰ ਪੋਲੀਓ ਰੋਕੂ ਦਵਾਈ ਦੀਆਂ ਬੂੰਦਾਂ ਪਿਲਾ ਕੇ ਜ਼ਿਲ੍ਹਾ ਪੱਧਰੀ ਮੁਹਿੰਮ ਦਾ ਰਸਮੀ ਉਦਘਾਟਨ ਕੀਤਾ।
ਇਸ ਮੌਕੇ ਸਿਵਲ ਸਰਜਨ ਅਜੀਤਗੜ੍ਹ ਡਾ. ਊਸ਼ਾ ਬੰਸਲ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ 2 ਲੱਖ 38 ਹਜ਼ਾਰ 584 ਘਰਾਂ 'ਚ ਕੁੱਲ 1 ਲੱਖ 32 ਹਜ਼ਾਰ 968 ਬੱਚਿਆਂ ਪੋਲੀਓ ਦੀਆਂ ਬੂੰਦਾਂ ਪਿਲਾਉਣ ਦਾ ਟੀਚਾ ਹੈ। ਇਸ ਕੰਮ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਨ ਲਈ 1062 ਟੀਮਾਂ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ 'ਚ 2 ਹਜ਼ਾਰ ਤੋਂ ਵੱਧ ਮੁਲਾਜ਼ਮ ਕੰਮ ਕਰ ਰਹੇ ਹਨ। ਇਸ ਮੌਕੇ ਐਸ.ਐਮ.ਓ. ਡਾ. ਜੇ.ਕੇ. ਬੰਸਲ, ਬਲਜੀਤ ਸਿੰਘ ਕਾਰਕੌਰ ਐਮ.ਡੀ. ਸਹਿਕਾਰੀ ਬੈਂਕ ਜ਼ਿਲ੍ਹਾ ਮੋਹਾਲੀ, ਸ: ਜਸਵਿੰਦਰ ਸਿੰਘ ਨਈਅਰ ਜ਼ਿਲ੍ਹਾ ਸਿੱਖਿਆ ਅਫ਼ਸਰ, ਰੋਟੇਰੀਅਨ ਭੁਪਿੰਦਰ ਸਿੰਘ ਸੈਣੀ, ਹਰਵਿੰਦਰ ਸਿੰਘ ਪਿੰਕਾ, ਗੁਰਦੀਪ ਸਿੰਘ ਚਹਿਲ, ਹਰੀਓਮ ਧੀਮਾਨ, ਵਿਪਨ ਥੰਮਨ, ਧਨਵੰਤ ਸਿੰਘ ਭਗਵਾਸ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਭੁਪਿੰਦਰ ਸਿੰਘ ਲੱਕੀ ਆਦਿ ਹਾਜ਼ਰ ਸਨ।