ਕੋਰੋਨਾ ਵਾਇਰਸ ਦੀ ਬਿਮਾਰੀ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਖ-ਵੱਖ ਸਮਾਜ ਸੇਵੀ ਸੰਗਠਨਾਂ ਦੇ ਸਹਿਯੋਗ ਨਾਲ ਸੁੱਕੇ ਰਾਸ਼ਨ ਦੀਆਂ ਕਿੱਟਾਂ ਅਤੇ ਫੂਡ ਪੈਕਟ ਸਮੇਤ ਸਬਜ਼ੀਆਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੇ ਘਰ ਪਹੁੰਚਾਏ ਜਾ ਰਹੇ ਹਨ ਤਾਂ ਕਰਫ਼ਿਊ ਦੇ ਦੌਰਾਨ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ ਨੇ ਦੱਸਿਆ ਕਿ ਕਰਫ਼ਿਊ ਕਾਰਨ ਜਿਹੜੇ ਦਿਹਾੜੀਦਾਰ ਆਪਣੀ ਆਜੀਵਕਾ ਕਮਾਉਣ ਵਿੱਚ ਅਸਮਰੱਥ ਹਨ, ਉਨ੍ਹਾਂ ਦਿਹਾੜੀਦਾਰਾਂ ਅਤੇ ਗਰੀਬ ਜ਼ਰੂਰਤਮੰਦ ਲੋਕਾਂ ਦੇ ਘਰ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਰਾਸ਼ਨ ਤੇ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਵੀਰਵਾਰ ਨੂੰ ਪਿੰਡ ਮਣਕਿਆਂ ਵਾਲੀ ਪੰਚਾਇਤ ਦੇ ਗਰੀਬ ਤੇ ਜ਼ਰੂਰਤਮੰਦ 56 ਪਰਿਵਾਰਾਂ ਤੇ ਨਵਾਂ ਮੱਲੂਵਾਲਾ ਬਲਾਕ ਫਿਰੋਜ਼ਪੁਰ ਦੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਇਸ ਤੋਂ ਇਲਾਵਾ ਕਰਨ ਸਿੰਘ ਪੰਚਾਇਤ, ਗ੍ਰਾਮ ਪੰਚਾਇਤ ਬਹਿਕ ਗੁੱਜਰਾਂ, ਬਸਤੀ ਗਾਮੇ ਵਾਲੀ, ਬਸਤੀ ਗੱਜਣ ਸਿੰਘ, ਬਸਤੀ ਬੂਟੇ ਵਾਲੀ ਵਿਖੇ ਘਰ-ਘਰ ਜਾ ਕੇ ਗਰੀਬ ਵਿਅਕਤੀਆਂ ਦੇ ਘਰਾਂ ਦਾ ਮੁਆਇਨਾ ਕੀਤਾ ਗਿਆ ਤੇ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਣ ਸਬੰਧੀ ਜਾਗਰੂਕ ਵੀ ਕੀਤਾ ਗਿਆ ਤੇ ਰਾਸ਼ਨ ਵੀ ਵੰਡਿਆ ਗਿਆ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਇਲਾਕਿਆਂ ਦੀ ਸੂਚੀ ਤਿਆਰ ਕੀਤੀ ਗਈ ਸੀ, ਜਿੱਥੇ ਅਧਿਕਾਰੀਆਂ ਨੇ ਖ਼ੁਦ ਜਾ ਕੇ ਲੋਕਾਂ ਦਾ ਦਰਵਾਜਾ ਖਟ-ਖਟਾਕੇ ਕੇ ਉਨ੍ਹਾਂ ਨੂੰ ਫੂਡ ਪੈਕੇਟ ਸੌਂਪੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਸ ਸੰਕਟ ਦੀ ਸਥਿਤੀ ਵਿੱਚ ਲੋਕਾਂ ਦੇ ਨਾਲ ਹਨ।