ਜਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਸਫਾਈ ਕਮਿਸਨ ਭਾਰਤ ਸਰਕਾਰ ਦੇ ਮੈਂਬਰ ਜਗਦੀਸ਼ ਹੀਰੇਮਾਨੀ ਨੇ ਸਪੱਸ਼ਟ ਕੀਤਾ ਕਿ ਸਫਾਈ ਕਰਮਚਾਰੀਆਂ ਦੀਆਂ ਮੁਸ਼ਿਕਲਾਂ ਦਾ ਪਹਿਲ ਦੇ ਅਧਾਰ ਉਤੇ ਹੱਲ ਕਰਨ। ਉਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕਮਿਸ਼ਨ ਬਹੁਤ ਗੰਭੀਰ ਹੈ। ਸ੍ਰੀ ਹੀਰੇਮਾਨੀ ਨੇ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਹੈ ਕਿ ਅਸੀਂ ਵੀ ਸਫਾਈ ਕਰਮਚਾਰੀਆਂ ਨੂੰ ਆਉਂਦੀਆਂ ਮੁਸ਼ਕਲਾਂ ਦਾ ਹੱਲ ਪਹਿਲ ਦੇ ਅਧਾਰ 'ਤੇ ਕਰੀਏ। ਸ੍ਰੀ ਜਗਦੀਸ਼ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਦੀ ਸੁਰੱਖਿਆ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਸੀਵਰੇਜ ਦੀ ਸਫਾਈ ਮਸ਼ੀਨਾਂ ਨਾਲ ਹੀ ਕਰਵਾਈ ਜਾਵੇ। ਜੇਕਰ ਕਿਸੇ ਕਾਰਨ ਸਫਾਈ ਲਈ ਕਿਸੇ ਕਰਮਚਾਰੀ ਨੂੰ ਅੰਦਰ ਭੇਜਣ ਦੀ ਲੋੜ ਹੋਵੇ ਤਾਂ ਸਾਰੇ ਸੁਰੱਖਿਆ ਮਾਨਕਾਂ ਨੂੰ ਅਪਨਾਇਆ ਜਾਵੇ। ਉਨਾਂ ਕਿਹਾ ਕਿ ਸਫਾਈ ਕਰਮਚਾਰੀਆਂ ਦੀਆਂ ਸਾਰੀਆਂ ਅਦਾਇਗੀਆਂ ਆਨ ਲਾਈਨ ਕਰਨ ਨੂੰ ਯਕੀਨੀ ਬਣਾਇਆ ਜਾਵੇ ਅਤੇ ਮੈਡੀਕਲ ਸੇਵਾਵਾਂ ਵੀ ਦਿੱਤੀਆਂ ਜਾਣ। ਉਨਾਂ ਸਪੱਸ਼ਟ ਕੀਤਾ ਕਿ ਸਫਾਈ ਕਰਮਚਾਰੀਆਂ ਨੂੰ ਹੱਥਾਂ ਉਤੇ ਪਾਉਣ ਲਈ ਦਸਤਾਨੇ, ਮੂੰਹ ਲਈ ਮਾਸਕ, ਯੂਨੀਫਾਰਮ ਆਦਿ ਵੀ ਸਮੇਂ-ਸਮੇਂ ਸਿਰ ਮਹੁੱਈਆ ਕਰਵਾਏ ਜਾਣ, ਤਾਂ ਜੋ ਉਹ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋਣ। ਉਨਾਂ ਕਿਹਾ ਕਿ ਉਹ ਕਮਿਸ਼ਨ ਵੱਲੋਂ ਸਰਕਾਰ ਨੂੰ ਸ਼ਿਫਾਰਸ਼ ਕਰਨਗੇ ਕਿ ਸਫਾਈ ਕਰਮਚਾਰੀਆਂ ਨੂੰ ਸਿਹਤ ਬੀਮਾ ਯੋਜਨਾ ਵਿਚ ਸ਼ਾਮਿਲ ਕੀਤਾ ਜਾਵੇ।ਸ੍ਰੀ ਜਗਦੀਸ਼ ਨੇ ਕਿਹਾ ਕਿ ਮ੍ਰਿਤਕ ਸਫਾਈ ਕਰਮਚਾਰੀਆਂ ਦੇ ਵਾਰਸਾਂ ਨੂੰ ਨੌਕਰੀ ਤੁਰੰਤ ਦਿੱਤੀ ਜਾਵੇ, ਤਾਂ ਜੋ ਉਨਾਂ ਦੇ ਪਰਿਵਾਰਾਂ ਦਾ ਗੁਜ਼ਾਰਾ ਅਸਾਨੀ ਨਾਲ ਚੱਲਦਾ ਰਹੇ। ਉਨਾਂ ਨੇ ਸਫਾਈ ਕਰਮਚਾਰੀਆਂ ਦੀਆਂ ਤਨਖਾਹਾਂ ਨੂੰ ਸਮੇ ਸਿਰ ਦੇਣਾ ਯਕੀਨੀ ਬਨਾਉਣ ਤੇ ਬਣਦੀਆਂ ਤਰੱਕੀਆਂ ਅਤੇ ਮਹਿੰਗਾਈ ਭੱਤੇ ਵੀ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਾਲੋ-ਨਾਲ ਦੇਣੇ ਯਕੀਨੀ ਬਨਾਉਣ ਦੀ ਹਦਾਇਤ ਕੀਤੀ। ਉਨਾਂ ਇਸ ਤੋਂ ਇਲਾਵਾ ਕਾਮਿਆਂ ਦੀਆਂ ਛੁੱਟੀਆਂ ਆਦਿ ਦੇ ਵੇਰਵੇ ਵੀ ਲਏ ਅਤੇ ਸਫਾਈ ਕਰਮਚਾਰੀਆਂ ਦੀਆਂ ਮੰਗਾਂ ਵੀ ਸੁਣੀਆਂ। ਉਨਾਂ ਕਰਮਚਾਰੀਆਂ ਨੂੰ ਭਰੋਸਾ ਦਿੱਤਾ ਕਿ ਕਮਿਸ਼ਨ ਤੁਹਾਡੇ ਹੱਕਾਂ ਲਈ ਦ੍ਰਿੜ ਹੈ। ਇਸ ਮੌਕੇ ਵਧੀਕ ਕਮਿਸ਼ਨਰ ਕਾਰਪੋਰੇਸ਼ਨ ਸ੍ਰੀ ਸੰਦੀਪ ਰਿਸ਼ੀ, ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਲਵੀ ਚੌਧਰੀ, ਡਿਪਟੀ ਡਾਇਰੈਕਟਰ ਲੋਕਲ ਬਾਡੀ ਸ੍ਰੀ ਰਜਤ ਉਬਰਾਏ, ਸਹਾਇਕ ਕਮਿਸ਼ਨਰ ਸ੍ਰੀਮਤੀ ਅਲਕਾ ਕਾਲੀਆ, ਡੀ ਐਸ ਪੀ ਸੋਹਨ ਸਿੰਘ, ਏ ਸੀ ਪੀ ਸ. ਰਿਪੁਤਪਨ ਸਿੰਘ, ਜ਼ਿਲ੍ਹਾ ਭਲਾਈ ਅਫਸਰ ਸ੍ਰੀ ਪਲਵ ਸਰੇਸ਼ਟਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।