ਬਰਮਾਂ ਮੁਹਿੰਮ ਦੌਰਾਨ ਫੌਜ ਵਲੋਂ ਹਥਿਆਰਾਂ ਦੀ ਵਰਤੋਂ ਕਾਰਨ ਹਾਸਲ ਹੋਏ ਫੈਸਲਾਕੁੰਨ ਸਿੱਟੇ ਮੌਜੂਦਾ ਦੌਰ ਵਿੱਚ ਵੀ ਬਹੁਤ ਪ੍ਰਸੰਗਿਕ ਤੇ ਵਾਜਬ ਹਨ ਕਿਉਂ ਜੋ ਇਹ ਲੜਾਈ ਭਾਰਤੀ ਫੌਜਾਂ ਵਲੋਂ ਲੜੀਆਂ ਗਈਆਂ ਮੁਸ਼ਕਿਲ ਲੜਾਈਆਂ ਵਿੱਚੋਂ ਇੱਕ ਹੈ।ਇਸ ਤੋਂ ਇਲਾਵਾ ਵਟਾਂਦਰੇ ਦੌਰਾਨ ਪੈਨਲਿਸਟਾਂ ਨੇ 'ਟੈਂਕ ਸੈਟਿੰਗ ਦਿ ਜੰਗਲ ਐਬਲੇਜ਼ - ਇੰਪਲਾਇਮੈਂਟ ਆਫ ਆਰਮਰ ਇਨ ਬਰਮਾ ਕੰਪੇਨ ' ਨੂੰ ਵਿਚਾਰਦਿਆਂ ਕਈ ਹੋਰ ਰਣਨੀਤਕ ਮਸਲਿਆਂ 'ਤੇ ਚਾਨਣਾ ਪਾਇਆ ।ਟੈਂਕ ਮਿਊਜ਼ੀਅਮ ਤੋਂ ਆਏ ਸਟੂਅਰਟ ਵ੍ਹੀਲਰ ਨੇ ਬ੍ਰਿਟਿਸ਼ ਗੱਠਜੋੜ ਦੀਆਂ ਫੌਜਾਂ ਵਲੋਂ ਜਾਪਾਨੀ ਸੈਨਾ ਦੇ ਵਿਰੁੱਧ ਅਪਣਾਈ ਰਣਨੀਤੀ ਅਤੇ ਹਥਿਆਰਾਂ ਦੀ ਵਰਤੋਂ ਬਾਰੇ ਵਿਸਤ੍ਰਿਤ ਪੇਸ਼ਕਾਰੀ ਵੀ ਦਿੱਤੀ।ਇਸ ਦੌਰਾਨ, ਸੰਚਾਲਕ ਮੇਜਰ ਜਨਰਲ ਏ.ਪੀ ਸਿੰਘ ਨੇ ਬਰਮਾ ਯੁੱਧ ਦੀਆਂ ਦਿਲਚਸਪ ਕਹਾਣੀਆਂ ਸਾਂਝੀਆਂ ਕੀਤੀਆਂ ਅਤੇ ਇਕ ਹੋਰ ਪੈਨਲ ਦੇ ਮੈਂਬਰ ਲੈਫਟੀਨੈਂਟ ਜਨਰਲ ਪੀ.ਐਸ ਮਹਿਤਾ ਨੇ ਇਤਿਹਾਸ ਦੀ ਰੱਖਿਆ ਅਤੇ ਜੰਗ ਦੇ ਤਜ਼ਰਬੇ ਸਿੱਖਣ ਦੀ ਜਰੂਰਤ 'ਤੇ ਜ਼ੋਰ ਦਿੱਤਾ। ਪੈਨਲਿਸਟ ਰਿਚਰਡ ਸਮਿਥ ਨੇ ਕਿਹਾ ਕਿ 70 ਸਾਲਾਂ ਤੋਂ ਵੀ ਵੱਧ ਸਮਾਂ ਲੰਘ ਜਾਣ ਬਾਅਦ ਵੀ ਬਰਮਾ ਦੇ ਨਤੀਜੇ ਹਾਲੇ ਵੀ ਸੈਨਾਵਾਂ ਲਈ ਪ੍ਰੇਰਣਾ ਸਰੋਤ ਤੇ ਬਹੁਤ ਲਾਭਦਾਇਕ ਹਨ।ਸੈਨਿਕਾਂ ਦੇ ਹੌਂਸਲੇ ਤੇ ਵੱਕਾਰ ਦੀਆਂ ਕਹਾਣੀਆਂ ਸੁਣਾਉਂਦੇ ਹੋਏ, ਮੇਜਰ ਜਨਰਲ ਏ.ਪੀ ਸਿੰਘ ਨੇ ਕਿਹਾ ਕਿ ਯੁੱਧ ਦੌਰਾਨ ਇੱਕ ਅਜਿਹਾ ਮੌਕਾ ਵੀ ਆਇਆ ਜਦੋਂ ਪਹਾੜਾਂ ਵਿੱਚ ਬਹੁਤ ਹੀ ਤੰਗ ਗਲੀਆਂ ਸਨ ਅਤੇ ਦੁਸ਼ਮਣ ਦੀ ਭਾਰੀ ਗੋਲੀਬਾਰੀ ਦੇ ਬਾਵਜੂਦ ਕਮਾਂਡਰਾਂ ਨੂੰ ਟੈਂਕ ਦੇ ਅੱਗੇ ਤੁਰਦਿਆਂ ਨੈਵੀਗੇਟ ਕਰਨਾ ਪਿਆ ਸੀ । ਉਨ੍ਹਾਂ ਅੱਗੇ ਕਿਹਾ ਕਿ ਬਹੁਤ ਸਾਰੇ ਜਾਨੀ ਨੁਕਸਾਨ ਦੇ ਬਾਵਜੂਦ, ਸੰਯੁਕਤ ਫੌਜਾਂ ਆਪਣੇ ਟੀਚੇ 'ਤੇ ਪਹੁੰਚਣ ਵਿੱਚ ਸਫਲ ਹੋ ਗਈਆਂ ਸਨ।ਇਕ ਹੋਰ ਕਹਾਣੀ ਸੁਣਾਉਂਦਿਆਂ, ਮੇਜਰ ਜਨਰਲ ਸਿੰਘ ਨੇ ਕਿਹਾ ਕਿ 'ਏ ' 7ਵੀਂ ਹੁਸਾਰ ਸਕੁਐਡਰਨ ਦੇ ਕਮਾਂਡਿੰਗ ਅਧਿਕਾਰੀ, (ਮੇਜਰ ਲੇਲੇਵੈਲਨ ਪਾਲਮਰ) ਨੇ ਇੱਕ ਬੇੜੀ-ਕਿਸ਼ਤੀ ਦੇ ਕਪਤਾਨ ਨੂੰ 'ਸਕਾਟਲੈਂਡ ਦੇ ਸਰਾਪ' ਨਾਮਕ ਇੱਕ ਸਟੂਅਰਟ ਟੈਂਕ, ਟੋਅ ਕਰਨ (ਟੋਚਨ ਪਾਉਣ)ਲਈ ਰਾਜ਼ੀ ਕਰ ਲਿਆ ਸੀ। ਉਨ੍ਹਾਂ ਦਰਿਆ ਵਿੱਚ ਇਸਨੂੰ ਰਾਫਟਿੰਗ ਕਰਕੇ ਪਾਰ ਵੀ ਲਗਾ ਦਿੱਤਾ, ਪਰ ਕਿਸ਼ਤੀ ਦੇ ਚਾਲਕਾਂ ਨੇ ਇੱਕ ਹੋਰ ਟੈਂਕ ਨੂੰ ਟੋਅ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਦੁਸ਼ਮਣਾਂ ਵਲੋਂ ਵਰਤੋਂ ਜਾਣ ਦੇ ਡਰੋਂ ਉਨ੍ਹਾਂ ਨੂੰ ਬਚੇ ਹੋਏ 70 ਟੈਂਕਾਂ ਨੂੰ ਤਬਾਹ ਕਰ ਦੇਣਾ ਪਿਆ ਸੀ। ਉਨ੍ਹਾਂ ਅੱਗੇ ਕਿਹਾ ਕਿ ਬਾਅਦ ਵਿੱਚ, ਇਹ ਟੈਂਕ ਭਾਰਤੀ 7ਵੀਂ ਲਾਈਟ ਕੈਵਲਰੀ ਦਾ ਕਮਾਂਡ ਵਾਹਨ ਬਣ ਗਿਆ।ਪੈਨਲਿਸਟ ਲੈਫਟੀਨੈਂਟ ਜਨਰਲ ਪੀ.ਐਸ ਮਹਿਤਾ ਨੇ ਕਿਹਾ ਕਿ ਜਾਪਾਨੀ ਫੌਜ ਨੂੰ ਟੈਂਕਾਂ ਦੀ ਵਰਤੋਂ ਕੀਤੇ ਬਿਨਾਂ ਜੰਗਲਾਂ ਵਿੱਚ ਲੜਨਾ ਸੁਖਾਲਾ ਸੀ ਕਿਉਂਕਿ ਉਹ ਇਸ ਖੇਤਰ ਬਾਰੇ ਪੂਰੀ ਤਰ੍ਹਾਂ ਜਾਣੂ ਸਨ। ਉਨ੍ਹਾਂ ਕਿਹਾ ਕਿ ਜਾਪਾਨੀ ਫੌਜ ਟੈਂਕਾਂ ਦੀ ਸਿਰਫ ਇੱਕ ਰੈਜੀਮੈਂਟ ਦੀ ਵਰਤੋਂ ਕੀਤੀ ਜਿਸ ਵਿੱਚ ਕੁੱਲ 14 ਟੈਂਕ ਸਨ।