ਵਿਸ਼ਵ ਦਿਵਿਆਂਗ ਦਿਵਸ ਮੌਕੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰੀ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸ਼ਾਮਿਲ ਹੋਏ ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਆਖਿਆ ਕਿ ਦਿਵਿਆਂਗਾਂ ਨੂੰ ਅੱਗੇ ਵਧਣ ਲਈ ਹੌਂਸਲਾ ਅਫ਼ਜਾਈ ਲਾਜ਼ਮੀ ਹੈ।ਉਨ੍ਹਾਂ ਕਿਹਾ ਕਿ ਦਿਵਿਆਂਗਾਂ ਨੂੰ ਤਰਸ ਦੀ ਨਜ਼ਰ ਨਾਲ ਨਾ ਦੇਖ ਕੇ ਅਸੀਂ ਉਨ੍ਹਾਂ ਦੇ ਸਮਾਜ ’ਚ ਸਨਮਾਨਿਤ ਸਥਾਨ ਲਈ ਯਤਨ ਕਰੀਏ ਅਤੇ ਉਨ੍ਹਾਂ ਦੇ ਸੁਫ਼ਨਿਆਂ ਨੂੰ ਹਕੀਕਤ ’ਚ ਬਦਲੀਏ। ਉਨ੍ਹਾਂ ਕੁੱਝ ਦਿਨ ਪਹਿਲਾਂ ਬਾਲ ਵਿਕਾਸ ਕੌਂਸਲ ਵੱਲੋਂ ਨਵਾਂਸ਼ਹਿਰ ’ਚ ਕਰਵਾਈ ਪੇਂਟਿੰਗ ਪ੍ਰਤੀਯੋਗਿਤਾ ਦੌਰਾਨ ਦਿਵਿਆਂਗ ਬੱਚਿਆਂ ਵੱਲੋਂ ਆਪਣੀ ਕਪਲਨਾ ਦੀ ਉਡਾਰੀ ਨੂੰ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਕੈਨਵਸ ’ਤੇ ਉਤਾਰਨ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਲੋੜ ਸਿਰਫ਼ ਮੰਚ ਪ੍ਰਦਾਨ ਕਰਨ ਦੀ ਹੁੰਦੀ ਹੈ। ਕਲਾ ਅਤੇ ਵਿਲੱਖਣਤਾ ਹਰ ਇੱਕ ਦੇ ਅੰਦਰ ਮੌਜੂਦ ਹੁੰਦੀ ਹੈ।ਡਿਪਟੀ ਕਮਿਸ਼ਨਰ ਨੇ ਅੱਜ ਦੇ ਸਮਾਗਮ ਦੌਰਾਨ ਦਿਵਿਆਂਗ ਬੱਚਿਆਂ ਵੱਲੋਂ ਸਭਿਆਚਾਰਕ ਪੇਸ਼ਕਾਰੀਆਂ ਦੌਰਾਨ ਗਿੱਧਾ, ਭੰਗੜਾ ਅਤੇ ਗੀਤਾਂ ’ਤੇ ਕਰੀਓਗ੍ਰਾਫ਼ੀ ਕਰਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਬੱਚੇ ਬਹੁਤ ਹੀ ਪ੍ਰਤਿਭਾਸ਼ਾਲੀ ਹੁੰਦੇ ਹਨ। ਜੇਕਰ ਅਸੀਂ ਉਨ੍ਹਾਂ ਦੀ ਲੁਕੀ ਪ੍ਰਤਿਭਾ ਨੂੰ ਬਾਹਰ ਲਿਆਉਣ ਦੇ ਸਾਧਨ ਬਣਾਂਗੇ ਤਾਂ ਉਨ੍ਹਾਂ ਨੂੰ ਜ਼ਿੰਦਗੀ ’ਚ ਅੱਗੇ ਵਧਣ ਅਤੇ ਸੁਤੰਤਰ ਬਣਨ ਦੀ ਪ੍ਰੇਰਨਾ ਮਿਲੇਗੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਬੱਚਿਆਂ ਅਤੇ ਲੋਕਾਂ ਲਈ ਹਰ ਤਰ੍ਹਾਂ ਦੀ ਮੱਦਦ ਲਈ ਹਰ ਸਮੇਂ ਤਿਆਰ ਹੈ। ਉਨ੍ਹਾਂ ਇਸ ਮੌਕੇ ਇਨ੍ਹਾਂ ਸਭਿਆਚਾਰਕ ਪੇਸ਼ਕਾਰੀਆਂ ਦੇਣ ਵਾਲੇ ਬੱਚਿਆਂ ਨਾਲ ਯਾਦਗਾਰੀ ਤਸਵੀਰਾਂ ਵੀ ਖਿਚਾਈਆਂ ਅਤੇ ਉਨ੍ਹਾਂ ਨੂੰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਯਾਦ ਚਿੰਨ੍ਹ ਅਤੇ ਸਵੈਟਰ ਵੀ ਵੰਡੇ।ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੁਕੇਸ਼ ਗੌਤਮ ਨੇ ਸਮਾਗਮ ਦੌਰਾਨ ਬੋਲਦਿਆਂ ਆਖਿਆ ਕਿ ਸਰਕਾਰ ਅਤੇ ਸਮਾਜਿਕ ਸੁਰੱਖਿਆ ਵਿਭਾਗ ਦਿਵਿਆਂਗ ਵਿਅਕਤੀਆਂ ਦੀ ਬੇਹਤਰੀ ਲਈ ਯਤਨਸ਼ੀਲ ਹੈ। ਉਨ੍ਹਾਂ ਦੱਸਿਆ ਕਿ ਸਰਕਾਰੀ ਨੌਕਰੀਆਂ ’ਚ ਦਿਵਿਆਂਗ ਰਾਖਵਾਂਕਰਨ 3 ਤੋਂ ਵਧਾ ਕੇ 4 ਫ਼ੀਸਦੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਨੂੰ ਸਰਕਾਰੀ ਸਹੂਲਤਾਂ ਅਤੇ ਰਿਆਇਤਾਂ ਲਈ ਯੂਨੀਕ ਆਈ ਡੀ ਬਣਾ ਕੇ ਦਿੱਤੇ ਜਾ ਰਹੇ ਹਨ। ਸਰਕਾਰ ਵੱਲੋਂ ‘ਰਾਈਟਸ ਆਫ਼ ਪਰਸਨਜ਼ ਵਿਦ ਡਿਸਏਬਿਲਟੀ’ ਐਕਟ 2016 ਰਾਹੀਂ ਜ਼ਿਲ੍ਹਾ ਪੱਧਰ ’ਤੇ ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਦਿਵਿਆਂਗਜਨਾਂ ਨੂੰ ਸਰਕਾਰ ਵੱਲੋਂ 750 ਰੁਪਏ ਪ੍ਰਤੀ ਮਾਹ ਦੀ ਪੈਨਸ਼ਨ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 5596 ਦਿਵਿਆਂਗ ਲਾਭਪਾਤਰੀਆਂ ਨੂੰ 41.17 ਲੱਖ ਰੁਪਏ ਦੀ ਮਾਸਕਿ ਪੈਨਸ਼ਨ ਦਿੱਤੀ ਜਾਂਦੀ ਹੈ।ਦਿਵਿਆਂਗ ਭਲਾਈ ਸਬੰਧੀ ਐਨ ਜੀ ਓ ਦੇ ਪ੍ਰਤੀਨਿਧ ਕਸ਼ਮੀਰ ਸਿੰਘ ਸਨਾਵਾ ਨੇ ਇਸ ਮੌਕੇ ਆਪਣੇ ਸੰਬੋਧਨ ’ਚ ਆਖਿਆ ਕਿ ਕਿਸੇ ਵੀ ਪਰਿਵਾਰ ’ਚ ਜੇਕਰ ਕੋਈ ਦਿਵਿਆਂਗ ਬੱਚਾ ਹੈ ਤਾਂ ਸਹੂਲਤਾਂ ਦੇ ਮਾਮਲੇ ’ਚ ਅਜਿਹੇ ਬੱਚਿਆਂ ਨਾਲ ਕੋਈ ਵਿਤਕਰਾ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਦਿਵਿਆਂਗ ਵਿਅਕਤੀਆਂ/ਬੱਚਿਆਂ ਨੂੰ ਸਮਾਜ ਦਾ ਪੂਰਨ ਅੰਗ ਮੰਨੇ ਬਿਨਾਂ ਸਮਾਜ ਤਰੱਕੀ ਨਹੀਂ ਕਰ ਸਕਦਾ।ਸਮਾਗਮ ਦਾ ਮੰਚ ਸੰਚਾਲਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਦੀ ਵਾਈਸ ਪਿ੍ਰੰਸੀਪਲ ਪੂਜਾ ਸ਼ਰਮਾ ਨੇ ਬਹੁਤ ਹੀ ਬੇਹਤਰੀਨ ਢੰਗ ਨਾਲ ਕੀਤਾ। ਦਿਲਚਸਪ ਤੱਥ ਇਹ ਹੈ ਕਿ ਪੂਜਾ ਸ਼ਰਮਾ ਖੁਦ 80 ਫ਼ੀਸਦੀ ਦਿਵਿਆਂਗ ਹਨ ਪਰ ਉਨ੍ਹਾਂ ਨੇ ਐਮ ਏ ਬੀ ਐਡ ਕਰਕੇ ਆਪਣੇ ਆਪ ਨੂੰ ਜ਼ਿੰਦਗੀ ’ਚ ਸਨਮਾਨਜਨਕ ਅਹੁਦੇ ’ਤੇ ਪਹੁੰਚਾਇਆ।ਇਸ ਮੌਕੇ ਸਭਿਆਚਾਰਕ ਪੇਸ਼ਕਾਰੀਆਂ ਵਾਲੇ ਸਕੂਲਾਂ ’ਚ ਸ. ਤਾਰਾ ਸਿੰਘ ਕਾਹਮਾ ਰੈੱਡ ਕਰਾਸ ਸਕੂਲ ਫ਼ਾਰ ਸਪੈਸ਼ਲ ਚਿਲਡਰਨ, ਸਰਬ ਸਿਖਿਆ ਅਭਿਆਨ ਤਹਿਤ ਦਿਵਿਆਂਗ ਬੱਚਿਆ ਲਈ ਨੌਰਾ ਵੇਲੇ ਚੱਲ ਰਹੇ ਵਿਸ਼ੇਸ਼ ਕੇਂਦਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਿਆਮ, ਸਰਕਾਰੀ ਪ੍ਰਾਇਮਰੀ ਸਕੂਲ ਉੜਾਪੜ ਤੇ ਜੰਡਿਆਲੀ ਦੇ ਵਿਦਿਆਰਥੀ ਸ਼ਾਮਿਲ ਸਨ।ਇਸ ਮੌਕੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਕਮ ਸੀ ਜੇ ਐਮ ਹਰਪ੍ਰੀਤ ਕੌਰ, ਡਿਪਟੀ ਡੀ ਈ ਓ ਨਰਿੰਦਰ ਵਰਮਾ, ਪਿ੍ਰੰਸੀਪਲ ਸਰਬਜੀਤ ਸਿੰਘ, ਸਹਾਇਕ ਸਿਵਲ ਸਰਜਨ ਡਾ. ਬਲਵਿੰਦਰ ਸਿੰਘ, ਸ. ਤਾਰਾ ਸਿੰਘ ਕਾਹਮਾ ਸਕੂਲ ਦੀ ਮੁਖੀ ਲਕਸ਼ਮੀ ਦੇਵੀ, ਕਸ਼ਮੀਰ ਸਿੰਘ ਸਨਾਵਾ, ਦਿਵਿਆਂਗ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਜਸਵਿੰਦਰ ਸਿੰਘ ਲੱਲ੍ਹੀਆਂ, ਜ਼ਿਲ੍ਹਾ ਮੀਤ ਪ੍ਰਧਾਨ ਤਰਲੋਚਨ ਸਿੰਘ ਮੌਜੂਦ ਸਨ।