ਉਦਯੋਗ ਤੇ ਵਣਜ ਮੰਤਰੀ ਪੰਜਾਬ ਕਮ ਚੇਅਰਮੈਨ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਸੁੰਦਰ ਸ਼ਾਮ ਅਰੋੜਾ ਨੇ ਅੱਜ ਇੱਥੇ ਆਖਿਆ ਕਿ ਸਰਕਾਰ ਕੋਲ ਵਿਕਾਸ ਫ਼ੰਡਾਂ ਦੀ ਕੋਈ ਕਮੀ ਨਹੀਂ ਅਤੇ ਜ਼ਿਲ੍ਹੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਜਲਦ ਹੀ ਲੋੜੀਂਦੇ ਵਿਕਾਸ ਫ਼ੰਡ ਜਾਰੀ ਕਰ ਦਿੱਤੇ ਜਾਣਗੇ।ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਦੂਸਰੀ ਮੀਟਿੰਗ ਕਰਨ ਆਏ ਸ੍ਰੀ ਅਰੋੜਾ ਨੇ ਇਹ ਪ੍ਰਗਟਾਵਾ ਨਗਰ ਕੌਂਸਲ ਨਵਾਂਸ਼ਹਿਰ ਦੇ ਪ੍ਰਧਾਨ ਲਲਿਤ ਮੋਹਨ ਪਾਠਕ ਅਤੇ ਇੱਕ ਹੋਰ ਮੈਂਬਰ ਵੱਲੋਂ ਵਿਕਾਸ ਗਰਾਂਟਾਂ ਸਬੰਧੀ ਰੱਖੇ ਸੁਆਲਾਂ ਦੇ ਜੁਆਬ ’ਚ ਕੀਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਰਾਜ ਦੀਆਂ ਵਿਕਾਸ ਯੋਜਨਾਵਾਂ ਪ੍ਰਤੀ ਬਹੁਤ ਗੰਭੀਰ ਹਨ ਅਤੇ ਉਨ੍ਹਾਂ ਵੱਲੋਂ ਹਰੇਕ ਪੱਧਰ ’ਤੇ ਖੁਦ ਵਿਕਾਸ ਯੋਜਨਾਵਾਂ ਦਾ ਜਾਇਜ਼ਾ ਲਿਆ ਜਾਂਦਾ ਹੈ।ਉਨ੍ਹਾਂ ਇਸ ਮੌਕੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਰਾਜ ’ਚ ਨਿਵੇਸ਼ ਨੂੰ ਹੁਲਾਰਾ ਦੇਣ ਲਈ ਦਸੰਬਰ ਮਹੀਨੇ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸੰਮੇਲਨ ਕਰਵਾਇਆ ਜਾ ਰਿਹਾ ਹੈ, ਜਿਸ ਲਈ ਦੇਸ਼ ਅਤੇ ਵਿਦੇਸ਼ ਦੇ ਨਾਮੀਂ ਨਿਵੇਸ਼ਕਾਰਾਂ ਅਤੇ ਕੰਪਨੀਆਂ ਨਾਲ ਤਾਲਮੇਲ ਕੀਤਾ ਜਾ ਰਿਹਾ ਹੈ।ਸ੍ਰੀ ਅਰੋੜਾ ਨੇ ਮੀਟਿੰਗ ਦੌਰਾਨ ਸ਼ਹਿਰ ਦੇ ਇਤਿਹਾਸਕ ਬਾਰਾਂਦਰੀ ਬਾਗ਼ ਦੀ ਸਾਂਭ-ਸੰਭਾਲ ਅਤੇ ਵਿਕਾਸ ਲਈ 10 ਲੱਖ ਰੁਪਏ ਦੀ ਗਰਾਂਟ ਦੇਣ ਬਾਰੇ ਦੱਸਦਿਆਂ ਕਿਹਾ ਕਿ ਵਿਧਾਇਕ ਅੰਗਦ ਸਿੰਘ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਗ਼ ਦੀ ਸਾਂਭ-ਸੰਭਾਲ ਲਈ ਬਣਾਈ ਯੋਜਨਾ ਨੂੰ ਜਲਦ ਅਮਲ ਰੂਪ ਮਿਲੇਗਾ।ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਵੱਲੋਂ ਆਸਰੋਂ, ਰੈਲ ਮਾਜਰਾ ਅਤੇ ਟੌਂਸਾ ਨੇੜੇ ਨੈਸ਼ਨਲ ਹਾਈਵੇਅ ਦੇ ਉੱਚਾ ਹੋਣ ਨਾਲ ਬਰਸਾਤ ਦੌਰਾਨ ਇਨ੍ਹਾਂ ਪਿੰਡਾਂ ਦੇ ਪਾਣੀ ਦਾ ਨਿਕਾਸ ਨਾ ਹੋਣ ਦੀ ਸਮੱਸਿਆ ਰੱਖੇ ਜਾਣ ’ਤੇ ਸ੍ਰੀ ਅਰੋੜਾ ਨੇ ਨੈਸ਼ਨਲ ਹਾਈਵੇਅ ਅਤੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਦਾ ਹੱਲ ਲੱਭ ਕੇ ਅਗਲੀ ਮੀਟਿੰਗ ’ਚ ਲੈ ਕੇ ਆਉਣ ਲਈ ਆਖਿਆ। ਉਨ੍ਹਾਂ ਨੇ ਇਸ ਦੇ ਨਾਲ ਹੀ ਚੋਆਂ ਅਤੇ ਸੂਇਆਂ ਦੇ ਕੁਦਰਤੀ ਵਹਾਅ ਨੂੰ ਰੋਕਣ ਦੇ ਕਾਰਨ ਪਿਛਲੇ ਦਿਨਾਂ ’ਚ ਨਾਲ ਲੱਗਦੇ ਜ਼ਿਲ੍ਹੇ ਰੋਪੜ ’ਚ ਹੋਏ ਵੱਡੇ ਨੁਕਸਾਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਜਲਦ ਹੀ ਕੈਬਿਨਟ ’ਚ ਮਤਾ ਲਿਆਂਦਾ ਜਾਵੇਗਾ ਤਾਂ ਜੋ ਕੁਦਰਤੀ ਸੋਮਿਆਂ ਦੇ ਵਹਾਅ ਨੂੰ ਜਾਰੀ ਰੱਖਿਆ ਜਾ ਸਕੇ।ਕੈਬਿਨਟ ਮੰਤਰੀ ਨੇ ਗੜ੍ਹਸ਼ੰਕਰ ਰੋਡ ’ਤੇ ਵਿਸ਼ਾਲ ਮੈਗਾਮਾਰਟ ਨੇੜੇ ਚਿੱਟੀ ਬੇਈਂ ਕਾਰਨ ਰਿਹਾਇਸ਼ੀ ਇਲਾਕੇ ’ਚ ਪਾਣੀ ਭਰਨ ਅਤੇ ਨਾਲ ਬਾਈਪਾਸ ਬਣਨ ਬਾਅਦ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਵੀ ਨੈਸ਼ਨਲ ਹਾਈਵੇਅ ਅਤੇ ਡਰੇਨੇਜ ਅਧਿਕਾਰੀਆਂ ਨੂੰ ਰਿਪੋਰਟ ਦੇਣ ਲਈ ਆਖਿਆ।ਕਮੇਟੀ ਮੈਂਬਰ ਸਤਬੀਰ ਸਿੰਘ ਪੱਲੀ ਝਿੱਕੀ ਵੱਲੋਂ ਹਕੀਮਪੁਰ ਨੂੰ ਲਗਦੀ ਸੜ੍ਹਕ ਦਾ ਨਾਮਕਰਣ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਕਰਨ ਲਈ ਕੇਸ ਭੇਜਣ ਲਈ ਆਖਿਆ।
ਉਨ੍ਹਾਂ ਨੇ ਇੱਕ ਹੋਰ ਮੈਂਬਰ ਕੁਲਵਿੰਦਰ ਸਿੰਘ ਵੱਲੋਂ ਮੁਕੰਦਪੁਰ ਤੋਂ ਫ਼ਗਵਾੜਾ ਜਾਂਦੀ ਸੜ੍ਹਕ ਦੀ ਹਾਲਤ ’ਚ ਸੁਧਾਰ ਲਿਆਉਣ ਲਈ ਮੀਟਿੰਗ ’ਚ ਮੌਜੂਦ ਕਾਰਜਕਾਰੀ ਇੰਜੀਨੀਅਰ ਨੂੰ ਤੁਰੰਤ ਲੋੜੀਂਦੇ ਕਦਮ ਚੁੱਕਣ ਲਈ ਆਖਿਆ।ਆਸ਼ੀਰਵਾਦ ਸਕੀਮ ਤਹਿਤ ਸ਼ਗਨ ਰਾਸ਼ੀ ਦੀ ਅਦਾਇਗੀ ਲਈ ਆਏ ਸੁਆਲ ’ਤੇ ਜ਼ਿਲ੍ਹਾ ਸਮਾਜਿਕ ਨਿਆਂ ਤੇ ਅਧਿਕਰਤਾ ਅਤੇ ਘੱਟ ਗਿਣਤੀਆਂ ਬਾਰੇ ਅਧਿਕਾਰੀ ਕਮਲਜੀਤ ਰਾਜੂ ਨੇ ਦੱਸਿਆ ਕਿ ਦਸੰਬਰ 2018 ਤੋਂ ਮਈ 2019 ਤੱਕ ਦੇ 933 ਕੇਸਾਂ ਦੀ ਅਦਾਇਗੀ ਹੋ ਚੁੱਕੀ ਹੈ ਜਦਕਿ ਬਾਕੀਆਂ ਦੇ ਕੇਸ ਮੁੱਖ ਦਫ਼ਤਰ ਨੂੰ ਭੇਜੇ ਜਾ ਚੁੱਕੇ ਹਨ ਅਤੇ ਜਲਦ ਹੀ ਆਨਲਾਈਨ ਅਦਾਇਗੀ ਹੋ ਜਾਵੇਗੀ।ਜ਼ਿਲ੍ਹਾ ਕਾਂਗਰਸ ਪ੍ਰਧਾਨ ਪ੍ਰੇਮ ਚੰਦ ਭੀਮਾ ਵੱਲੋਂ ਨਜਾਇਜ਼ ਸ਼ਰਾਬ ਤਸਕਰੀ ਰੋਕਣ ਅਤੇ ਸ਼ਰਾਬ ਠੇਕੇਦਾਰਾਂ ਦੇ ਨਿੱਜੀ ਵਿਅਕਤੀਆਂ ਵੱਲੋਂ ਲੋਕਾਂ ਦੀ ਚੈਕਿੰਗ ਰੋਕਣ ਦੀਆਂ ਸ਼ਿਕਾਇਤਾਂ ’ਤੇ ਈ ਟੀ ਓ ਸੁਖਵਿੰਦਰ ਸਿੰਘ ਨੇ ਕੈਬਿਨਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੂੰ ਦੱਸਿਆ ਕਿ ਜ਼ਿਲ੍ਹੇ ’ਚ ਆਈ ਆਰ ਵੀ ਦੇ 24 ਜੁਆਨ ਚੈਕਿੰਗ ਲਈ ਆ ਚੁੱਕੇ ਹਨ ਅਤੇ ਵਿਭਾਗ ਵੱਲੋਂ ਨਜਾਇਜ਼ ਸ਼ਰਾਬ ਤਸਕਰਾਂ ਵਿਰੁੱਧ ਕੀਤੀ ਜਾਂਦੀ ਕਾਰਵਾਈ ਤਹਿਤ ਹੁਣ ਤੱਕ 90 ਪਰਚੇ ਕਰਵਾਏ ਜਾ ਚੁੱਕੇ ਹਨ।ਕਮੇਟੀ ਮੈਂਬਰ ਕੇਵਲ ਸਿੰਘ ਖਟਕੜ ਵੱਲੋਂ ਨਵਾਂਸ਼ਹਿਰ-ਬੰਗਾ ਰੇਲਵੇ ਲਾਈਨ ’ਤੇ ਬਣਾਏ ਜਾਣ ਵਾਲੇ ਰੇਲਵੇ ਅੰਡਰ ਬਿ੍ਰੱਜਾਂ ਕਾਰਨ ਆਉਣ ਵਾਲੀ ਮੁਸ਼ਕਿਲ ਸਬੰਧੀ ਰੱਖੇ ਸੁਆਲ ’ਤੇ ਦੱਸਿਆ ਗਿਆ ਕਿ ਫ਼ਿਲਹਾਲ ਰੇਲਵੇ ਵੱਲੋਂ ਲਾਈਨਾਂ ਦੇ ਸਮਾਨਾਂਤਰ ਸੜ੍ਹਕ ਬਣਾਉਣਾ ਦਾ ਭਰੋਸਾ ਦਿੱਤਾ ਗਿਆ ਹੈ। ਕਮੇਟੀ ਮੈਂਬਰ ਵਿਪਨ ਤਨੇਜਾ ਵੱਲੋਂ ਸ਼ਗਨ ਸਕੀਮ ਦੇ ਪੁਰਾਣੇ ਕੇਸ ਦੇ ਲੰਬਿਤ ਹੋਣ ’ਤੇ ਜ਼ਿਲ੍ਹਾ ਭਲਾਈ ਅਫ਼ਸਰ ਵੱਲੋਂ ਖਾਮੀਆਂ ਦੂਰ ਕਰਕੇ ਕੇਸ ਦੁਬਾਰਾ ਦੇਣ ਲਈ ਆਖਿਆ ਗਿਆ।ਫ਼ਗਵਾੜਾ-ਰੂਪਨਗਰ ਚਹੁੰਮਾਰਗੀਕਰਣ ਤਹਿਤ ਨਵਾਂਸ਼ਹਿਰ ਦੇ ਕਿਸਾਨਾਂ ਨੂੰ ਮੁਆਵਜ਼ਾ ਰਾਸ਼ੀ ਦੇਣ ’ਚ ਆ ਰਹੀ ਮੁਸ਼ਕਿਲ ਦੇ ਸੁਆਲ ’ਤੇ ਐਸ ਡੀ ਐਮ ਨਵਾਂਸ਼ਹਿਰ ਨੇ ਦੱਸਿਆ ਕਿ ਇਸ ਸਬੰਧੀ ਆ ਰਹੀਆਂ ਔਕੜਾਂ ’ਚੋਂ ਬਹੁਤੀਆਂ ਦੂਰ ਕਰ ਲਈਆਂ ਗਈਆਂ ਹਨ।ਉਦਯੋਗ ਮੰਤਰੀ ਨੇ ਜ਼ਿਲ੍ਹੇ ’ਚ ਸੇਵਾਮੁਕਤ ਪਟਵਾਰੀਆਂ ਦੀ ਭਰਤੀ ਨੂੰ ਲੈ ਕੇ ਪਟਵਾਰੀਆਂ ਵੱਲੋਂ ਕੀਤੇ ਜਾ ਰਹੇ ਇਤਰਾਜ਼ ਦੇ ਮਾਮਲੇ ਨੂੰ ਸਰਕਾਰ ਪੱਧਰ ’ਤੇ ਯੂਨੀਅਨ ਨਾਲ ਗੱਲਬਾਤ ਕਰਕੇ ਹੱਲ ਕਰਨ ਦਾ ਭਰੋਸਾ ਦਿਵਾਇਆ। ਉਨ੍ਹਾਂ ਕਿਹਾ ਕਿ ਇਹ ਭਰਤੀ ਅਸਥਾਈ ਅਤੇ ਠੇਕਾ ਆਧਾਰਿਤ ਹੋਵੇਗੀ ਅਤੇ ਨਵੇਂ ਪਟਵਾਰੀਆਂ ਦੇ ਆਉਣ ਤੱਕ ਬਦਲਵੇਂ ਪ੍ਰਬੰਧ ਤੱਕ ਹੀ ਸੀਮਿਤ ਹੋਵੇਗਾ ਤਾਂ ਜੋ ਲੋਕਾਂ ਨੂੰ ਵਿਭਾਗੀ ਕੰਮਾਂ ’ਚ ਕੋਈ ਮੁਸ਼ਕਿਲ ਨਾ ਆਵੇ।ਸ੍ਰੀ ਅਰੋੜਾ ਨੇ ਇਸ ਮੌਕੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਕਮੇਟੀ ਕੋਲ ਆਉਂਦੀ ਕਿਸੇ ਵੀ ਸ਼ਿਕਾਇਤ ਨੂੰ ਨਿਪਟਾਉਣ ਲਈ ਮੀਟਿੰਗ ਦੀ ਉਡੀਕ ਨਾ ਕਰਕੇ, ਆਪਣੇ ਪੱਧਰ ’ਤੇ ਉਸ ਦਾ ਹੱਲ ਕਰਨ ਦੀ ਕੋਸ਼ਿਸ਼ ਕਰਨ ਅਤੇ ਮੀਟਿੰਗ ’ਚ ਉਸ ਦੀ ਕਾਰਵਾਈ ਰਿਪੋਰਟ ਲੈ ਕੇ ਆਉਣ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਿਕਾਇਤ ਸਬੰਧੀ ਕਾਰਵਾਈ ਜਾਂ ਅੰਤਰਿਮ ਰਿਪੋਰਟ ਲੈ ਕੇ ਆਉਣ ਵਾਲਾ ਅਧਿਕਾਰੀ ਮੀਟਿੰਗ ’ਚ ਪੂਰੀ ਤਿਆਰੀ ਨਾ ਆਵੇ ਤਾਂ ਜੋ ਮੈਂਬਰਾਂ ਦਾ ਸਮਾਂ ਖਰਾਬ ਨਾ ਹੋਵੇ ਅਤੇ ਲੋੜੀਂਦੀ ਕਾਰਵਾਈ ਹੋਣ ’ਚ ਦੇਰੀ ਨਾ ਹੋਵੇ।ਮੀਟਿੰਗ ’ਚ ਐਮ ਐਲ ਏ ਚੌ. ਦਰਸ਼ਨ ਲਾਲ ਮੰਗੂਪੁਰ ਤੋਂ ਇਲਾਵਾ ਐਸ ਐਸ ਪੀ ਸ੍ਰੀਮਤੀ ਅਲਕਾ ਮੀਨਾ, ਐਸ ਡੀ ਐਮ ਨਵਾਂਸ਼ਹਿਰ ਡਾ. ਵਿਨੀਤ ਕੁਮਾਰ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਸ਼ਿਵ ਕੁਮਾਰ, ਸਤਬੀਰ ਸਿੰਘ ਪੱਲੀ ਝਿੱਕੀ, ਲਲਿਤ ਮੋਹਨ ਪਾਠਕ ਪ੍ਰਧਾਨ ਨਗਰ ਕੌਂਸਲ ਅਤੇ ਸਮੂਹ ਵਿਭਾਗਾਂ ਦੇ ਜ਼ਿਲ੍ਹਾ ਮੁਖੀ ਮੌਜੂਦ ਸਨ।