ਪਾਣੀ ਦੀ ਦੁਰਵਰਤੋਂ ਰੋਕਣ ਅਤੇ ਪਾਣੀ ਦੀ ਸੰਭਾਲ ਨੂੰ ਲੈ ਕੇ ਸਰਹੱਦੀ ਕਸਬੇ ਕਲਾਨੋਰ ਦੇ ਨੌਜਵਾਨਾਂ ਤੇ ਵਾਤਾਵਰਣ ਪ੍ਰੇਮੀਆਂ ਨੇ ਨਿਵੇਕਲੀ ਪਹਿਲ ਕਦਮੀ ਕਰਦਿਆਂ ਬਰਸਾਤੀ ਪਾਣੀ ਨੂੰ ਮੁੜ ਧਰਤੀ ਹੇਠਾਂ ਭੇਜਣ ਦਾ ਸ਼ਾਨਦਾਰ ਉਪਰਾਲਾ ਕੀਤਾ ਹੈ। ਕਲਾਨੋਰ ਗੁਰਦਾਸਪੁਰ ਰੋਡ ਤੇ ਸਥਿਤ ਬਾਬਾ ਕਾਰ ਸਿੰਘ ਸਟੇਡੀਅਮ ਵਿਚ ਵਾਤਾਵਰਨ ਪ੍ਰੇਮੀਆਂ ਨੇ ਐਨ.ਆਰ.ਆਈ ਵੀਰਾਂ ਦੀ ਸਹਾਇਤਾਂ ਨਾਲ 'ਰੇਨ ਵਾਟਰ ਹਾਰਵੈਸਟਿੰਗ ਸਿਸਟਮ' ਜਿਸ ਉਪਰ ਕਰੀਬ 60 ਹਜ਼ਾਰ ਰੁਪਏ ਖਰਚ ਕੀਤੇ ਹਨ, ਦੀ ਉਸਾਰੀ ਕੀਤੀ ਗਈ ਹੈ ਜੋ ਪਾਣੀ ਨੂੰ ਸਾਂਭਣ ਲਈ ਦੂਜੇ ਲੋਕਾਂ ਲਈ ਨੂੰ ਜਾਗਰੂਕ ਕਰਨ ਵਿਚ ਸਹਾਈ ਹੋ ਰਿਹਾ ਹੈ।ਕਲਾਨੋਰ ਵਾਸੀ ਮਿਸਤਰੀ ਬਲਵਿੰਦਰ ਸਿੰਘ, ਠੇਕੇਦਾਰ ਚੰਚਲ ਕੁਮਾਰ ਅਗਰਵਾਲ, ਹਰਦੀਪ ਸਿੰਘ ਮਠਾਰੂ, ਮੁਨੀਸ਼ ਕੁਮਾਰ, ਸੰਦੀਪ ਕੁਮਾਰ, ਕਰਮਜੀਤ ਸਿੰਘ ਕਾਹਲੋਂ, ਪ੍ਰਧਾਨ ਰਾਣਾ ਵਿੱਗ, ਮਾਸਟਰ ਦਲਜੀਤ ਸਿੰਘ ਖਾਲਸਾ, ਪਰਮਪ੍ਰੀਤ ਢਿੱਲੋਂ, ਜਾਰਜ ਮਸੀਹ, ਬਾਬਾ ਬੀਤਾ ਜੀ, ਮਨੋਹਰ ਲਾਲ ਤੇ ਪ੍ਰਧਾਨ ਬੂਟਾ ਰਾਮ ਆਨਦ ਨੇ ਦੱਸਿਆ ਕਿ ਪਾਣੀ ਨੂੰ ਸਾਂਭਣ ਲਈ ਐਨ.ਆਰ.ਆਈ ਮਹਿਕਪ੍ਰੀਤ ਬਾਜਵਾ, ਹਰਮਨ ਗੁਰਾਇਆ, ਗੁਰਪ੍ਰੀਤ ਸਿੰਘ ਸਾਈਪ੍ਰਸ ਆਦਿ ਦੇ ਸਹਿਯੋਗ ਨਾਲ ਇਹ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ।ਉਨਾਂ ਦੱਸਿਆ ਕਿ ਬਰਸਾਤੀ ਪਾਣੀ ਸਾਂਭਣ ਲਈ 2 ਡੂੰਘੇ ਟੋਏ ਪੁੱਟੇ ਹਨ, ਜਿਨਾਂ ਦੀ ਡੂੰਘਾਈ 13 ਫੁੱਟ ਤੇ ਚੋੜਾਈ 25 ਫੁੱਟ ਹੈ। ਟੋਇਆਂ ਵਿਚ 50-50 ਫੁੱਟ ਡੂੰਘੇ ਬੋਰ ਕਰਵਾਏ ਗਏ ਹਨ. ਜਿਨਾਂ ਵਿਚ 6 ਇੰਚ ਦੀ ਪਾਈਪ ਪਾਈ ਗਈ ਹੈ। ਇਨਾਂ ਟੋਇਆਂ ਦੀ ਪੰਜ ਪਰਤਾਂ ਵਿਚ ਪਹਿਲੀ ਵਿਚ ਗਟਕਾ, ਦੂਜੀ ਵਿਚ ਕੋਲਾ, ਤੀਜੀ ਵਿਚ ਬੱਜਰੀ, ਚੋਥੀ ਵਿਚ ਰੇਤ ਤੇ ਪੰਜਵੀਂ ਵਿਚ ਗਟਕਾ ਪਾਇਆ ਹੈ। ਉਨਾਂ ਦੱਸਿਆ ਕਿ ਟੋਏ ਵਿਚ ਇਕੱਠਾ ਕਰਕੇ ਪਾਇਆ ਗਿਆ ਪਾਣੀ ਸਾਫ ਹੋ ਕੇ ਧਰਤੀ ਵਿਚ ਜਾਵੇਗਾ। ਟੋਏ ਵਿਚ ਪਾਣੀ ਪੈਣ ਤੋਂ ਪਹਿਲਾਂ ਦੋ ਆਰਜ਼ੀ ਟੋਏ ਬਣਾਏ ਹਨ, ਜਿਸ ਵਿਚ ਪਹਿਲਾਂ ਬਰਸਾਤੀ ਪਾਣੀ ਸਾਫ ਹੋਵੇਗਾ ਤਾਂ ਜੋ ਬੋਰ ਵਾਲੇ ਡੂੰਘੇ ਟੋਏ ਵਿਚ ਸਾਫ ਸੁਥਰਾ ਪਾਣੀ ਦੀ ਦਾਖਲ ਹੋ ਸਕੇ। ਉਨਾਂ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਸਫਲ ਬਣਾਉਣ ਲਈ ਕੈਪਟਨ ਮਹਿੰਦਰ ਸਿੰਘ ਕਾਹਲੋਂ ਵਡਾਲਾ ਬਾਂਗਰ, ਜਾਰਜ ਪਲੰਬਰ ਭੰਡਾਲ, ਸਵਰਨ ਸਿੰਘ ਮਚਾਰੂ ਸਮਾਜ ਸੇਵਕ ਨੇ ਵੀ ਯੋਗਦਾਨ ਪਾਇਆ ਹੈ। ਉਨਾਂ ਅੱਗੇ ਦੱਸਿਆ ਕਿ ਲੋਕਾਂ ਨੂੰ ਪਾਣੀ ਦੀ ਦੁਰਵਰਤੋਂ ਰੋਕਣ ਅਤੇ ਪਾਣੀ ਦੀ ਸੰਭਾਲ ਲਈ ਜਾਗਰੂਕ ਵੀ ਕੀਤਾ ਗਿਆ ਹੈ ਤਾਂ ਜੋ ਅਜਾਈਂ ਜਾਣ ਵਾਲੇ ਪਾਣੀ ਦੀ ਸੰਭਾਲ ਕੀਤੀ ਜਾ ਸਕੇ। ਉਨਾਂ ਕਿਹਾ ਕਿ ਅੱਜ ਸਮੇਂ ਦੀ ਲੋੜ ਹੈ ਕਿ ਧਰਤੀ ਹੇਠਲੇ ਪਾਣੀ ਦੀ ਦੁਰਵਰਤੋਂ ਰੋਕਣ ਲਈ ਠੋਸ ਉਪਰਾਲੇ ਚੁੱਕੇ ਜਾਣ ਅਤੇ ਇਕ ਲੋਕ ਲਹਿਰ ਪੈਦਾ ਕਰਕੇ ਪਾਣੀ ਦੀ ਸੰਭਾਲ ਕੀਤੀ ਜਾ ਸਕਦੀ ਹੈ। ਇਥੇ ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਸ੍ਰੀ ਵਿਪੁਲ ਉਜਵਲ ਦੀ ਅਗਵਾਈ ਹੇਠ ਜ਼ਿਲੇ ਗੁਰਦਾਸਪੁਰ ਅੰਦਰ 'ਜਲ ਸ਼ਕਤੀ ਅਭਿਆਨ' ਤਹਿਤ ਜਿਲੇ ਭਰ ਅੰਦਰ ਜਾਗਰੂਕਤਾ ਮੁਹਿੰਮ ਵਿੱਢੀ ਗਈ ਹੈ, ਜਿਸ ਦਾ ਮੁੱਖ ਮਨੋਰਥ ਬਰਸਾਤੀ ਪਾਣੀ ਨੂੰ ਸਾਂਭਣਾ ਤੇ ਪਾਣੀ ਦੀ ਦੁਰਵਰਤੋਂ ਨੂੰ ਰੋਕਣਾ ਹੈ। ਸਮੂਹ ਵਿਭਾਗਾਂ ਵਲੋਂ ਪਿੰਡਾਂ ਤੇ ਸ਼ਹਿਰਾਂ ਵਿਚ ਜਾ ਕੇ ਜਾਗਰੂਕਤਾ ਸਮਾਗਮ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਪਾਣੀ ਨੂੰ ਸੰਭਾਲਿਆ ਜਾ ਸਕੇ।