ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਦੀ ਪ੍ਰਧਾਨਗੀ ਹੇਠ ਇੱਥੇ ਜ਼ਿਲਾ ਰੈਡ ਕਰਾਸ ਸੁਸਾਇਟੀ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੀ ਕਾਰਜਕਾਰੀ ਕਮੇਟੀ ਦੀ ਤਿਮਾਹੀ ਮੀਟਿੰਗ ਹੋਈ। ਇਸ ਦੌਰਾਨ ਉਨਾਂ ਸੁਸਾਇਟੀ ਵਲੋਂ ਜਿੱਥੇ ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ ਵੱਖ-ਵੱਖ ਕੰਮਾਂ ਦੀ ਸਮੀਖਿਆ ਕੀਤੀ, ਉੱਥੇ ਹੋਰ ਭਲਾਈ ਹਿੱਤ ਕੀਤੇ ਜਾਣ ਵਾਲੇ ਕਾਰਜਾਂ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ। ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਹਾਜ਼ਰੀਨ ਮੈਂਬਰਾਂ ਨੂੰ ਕਿਹਾ ਕਿ ਸੁਸਾਇਟੀ ਵਲੋਂ ਲੋਕ ਭਲਾਈ ਹਿੱਤ ਕੀਤੇ ਜਾ ਰਹੇ ਕੰਮਾਂ ਵਿਚ ਵੱਧ ਚੜ ਕੇ ਹਿੱਸਾ ਲਿਆ ਜਾਵੇ। ਉਨਾਂ ਦਾਨੀ ਸੱਜਣਾਂ ਨੂੰ ਵੀ ਅਪੀਲ ਕੀਤੀ ਕਿ ਰੈਡ ਕਰਾਸ ਸੁਸਾਇਟੀ ਵਲੋਂ ਲੋਕ ਭਲਾਈ ਹਿੱਤ ਕੀਤੇ ਜਾ ਰਹੇ ਕੰਮਾਂ ਲਈ ਵੱਧ ਤੋਂ ਵੱਧ ਸਹਿਯੋਗ ਦਿੱਤਾ ਜਾਵੇ। ਸੁਸਾਇਟੀ ਵਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਦੇ ਗੂੰਗੇ ਅਤੇ ਬੋਲੇ ਬੱਚਿਆਂ ਦੀ ਭਲਾਈ ਲਈ ਆਰਥਿਕ ਮੱਦਦ ਲਈ ਸ਼ੁਰੂ ਕੀਤੀ ਗਈ ਇੱਕ ਨਿਵੇਕਲੀ ਸਪੌਂਸਰਸ਼ਿਪ ਸਕੀਮ ਬਾਰੇ ਵਿਚਾਰ ਚਰਚਾ ਕਰਦਿਆਂ ਉਨਾਂ ਦੱਸਿਆ ਕਿ ਇਸ ਸਕੀਮ ਤਹਿਤ ਹੁਣ ਦਾਨੀ ਸੱਜਣ ਆਪਣੀ ਹੈਸੀਅਤ ਅਨੁਸਾਰ ਇਸ ਸਕੂਲ ਨੂੰ ਦਾਨ ਕਰ ਸਕਦੇ ਹਨ। ਇਸ ਸਕੀਮ ਤਹਿਤ ਦਾਨ ਦੇਣ ਲਈ ਵੱਖ-ਵੱਖ ਕੈਟਾਗਿਰੀਆਂ ਬਣਾ ਦਿੱਤੀਆਂ ਗਈਆਂ ਹਨ। ਜਿਸ ਅਨੁਸਾਰ ਦਾਨੀ ਸੱਜਣ ਇੱਕ ਡੈਫ ਐਂਡ ਡੰਬ ਬੱਚੇ ਦਾ ਸਾਰੇ ਸਾਲ ਦਾ ਖਰਚਾ 21,000 ਰੁਪਏ, ਇੱਕ ਬੱਚੇ ਦਾ ਕੇਵਲ ਹੋਸਟਲ ਦਾ ਖਰਚਾ 11,000 ਰੁਪਏ ਵੀ ਦਾਨ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਹੋਸਟਲ ਵਿੱਚ ਰਹਿ ਰਹੇ ਸਾਰੇ ਹੀ ਬੱਚਿਆਂ ਦੇ ਇੱਕ ਦਿਨ ਦੇ ਖਾਣੇ ਦਾ ਖਰਚਾ 5100 ਰੁਪਏ, ਸਾਰੇ ਬੱਚਿਆਂ ਦੇ ਇੱਕ ਸਮੇਂ ਦੇ ਖਾਣੇ ਦਾ ਖਰਚਾ 3100 ਰੁਪਏ ਅਤੇ ਇਕ ਦਿਨ ਦੇ ਨਾਸ਼ਤੇ ਦਾ ਖਰਚਾ 2100 ਰੁਪਏ ਦਾਨ ਦੇ ਕੇ ਇਨਾਂ ਬੱਚਿਆਂ ਦੀ ਭਲਾਈ ਲਈ ਵਿਸ਼ੇਸ਼ ਯੋਗਦਾਨ ਪਾ ਸਕਦੇ ਹਨ। ਮੀਟਿੰਗ ਦੌਰਾਨ ਰੈੱਡ ਕਰਾਸ ਸੁਸਾਇਟੀ ਵਲੋਂ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਦੀ ਜ਼ਮੀਨ ਗੁਜਰਾਤ ਪੈਟਰੋ ਨੈਟ ਲਿਮਟਿਡ ਨੂੰ ਲੀਜ਼ 'ਤੇ ਦੇਣ ਬਾਰੇ, ਇਸ ਸਕੂਲ ਦੇ ਪਿੱਛੇ ਖਾਲੀ ਪਈ ਕੁਝ ਜ਼ਮੀਨ ਜ਼ਿਲਾ ਰਾਈਫਲ ਐਸ਼ੋਸ਼ੀਏਸ਼ਨ ਨੂੰ ਲੀਜ਼ 'ਤੇ ਦੇਣ ਸਬੰਧੀ, ਸਸਤੀ ਰਸੋਈ ਸਕੀਮ ਅਧੀਨ ਰੈੱਡ ਕਰਾਸ ਸੁਸਾਇਟੀ ਅਤੇ ਸਿਵਲ ਹਸਪਤਾਲ ਲਈ ਸਮਾਨ ਦੀ ਖ਼ਰੀਦ ਕਰਨ, ਸੁਸਾਇਟੀ ਦੀ ਇਮਾਰਤ ਦੇ ਫਰਸ਼ ਨੂੰ ਉੱਚਾ ਚੁੱਕਣ ਬਾਰੇ ਅਤੇ ਰੈਡ ਕਰਾਸ ਸੁਸਾਇਟੀ ਦੇ ਦਫ਼ਤਰ ਲਈ ਛੋਟੀ ਗੱਡੀ ਦੀ ਖ਼ਰੀਦ ਕਰਨ ਬਾਰੇ ਵਿਚਾਰ-ਵਟਾਂਦਰਾਂ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਸੈਕਟਰੀ ਰੈਡ ਕਰਾਸ ਸੁਸਾਇਟੀ ਸ਼੍ਰੀ ਦਰਸ਼ਨ ਕੁਮਾਰ ਤੋਂ ਇਲਾਵਾ ਰੈੱਡ ਕਰਾਸ ਸੁਸਾਇਟੀ ਅਤੇ ਇਸ ਦੀਆਂ ਸਹਿਯੋਗੀ ਸੰਸਥਾਵਾਂ ਦੇ ਨੁਮਾਇੰਦੇ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।