ਪੰਜਾਬ ਦੇ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ, ਰੋਜਗਾਰ ਉਤਪੱਤੀ ਤੇ ਟ੍ਰੇਨਿੰਗ, ਸੈਰ ਸਪਾਟਾ ਅਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਵਿਭਾਗ ਮੁੱਖੀਆਂ ਨੂੰ ਕਿਹਾ ਕਿ ਪੰਜਾਬ ਸਰਕਾਰ ਦਾ ਇਕੋ ਇਕ ਨਿਸ਼ਾਨਾ ਲੋਕਾਂ ਨੂੰ ਪਾਰਦਰਸ਼ੀ, ਭ੍ਰਿਸ਼ਟਾਚਾਰ ਮੁਕਤ ਅਤੇ ਲੋਕਾਂ ਪ੍ਰਤੀ ਜਵਾਬਦੇਹ ਪ੍ਰਸਾਸ਼ਨ ਮੁਹਈਆ ਕਰਵਾਉਣਾ ਹੈ ਅਤੇ ਅਧਿਕਾਰੀ ਇਸ ਟੀਚੇ ਦੀ ਪ੍ਰਾਪਤੀ ਲਈ ਤਨਦੇਹੀ ਨਾਲ ਆਪਣੇ ਫਰਜਾਂ ਦੀ ਪੂਰਤੀ ਕਰਨ।ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਅਧਿਕਾਰੀਆਂ ਨੂੰ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸਰਕਾਰ ਦੀਆਂ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਲਾਭ ਹਰੇਕ ਲੋੜਵੰਦ ਨੂੰ ਮਿਲਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਸੋਚ ਹੈ ਕਿ ਸੂਬੇ ਦੇ ਸਰਬਤ ਦਾ ਵਿਕਾਸ ਹੋਵੇ ਅਤੇ ਸਰਕਾਰ ਇਸੇ ਨੀਤੀ ਤਹਿਤ ਯੋਜਨਾਵਾਂ ਬਣਾ ਕੇ ਲਾਗੂ ਕਰ ਰਹੀ ਹੈ।ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਬੈਠਕ ਦੌਰਾਨ ਕਿਹਾ ਕਿ ਮਹਾਤਮਾ ਗਾਂਧੀ ਦਿਹਾਤੀ ਰੋਜਗਾਰ ਗਾਰੰਟੀ ਕਾਨੂੰਨ ਤਹਿਤ ਜੋ ਵੀ ਲੋੜਵੰਦ ਵਿਅਕਤੀ ਜਾਬ ਕਾਰਡ ਬਣਾਉਣਾ ਚਾਹੁੰਦਾ ਹੈ ਉਸਦਾ ਕਾਰਡ ਬਣਾਇਆ ਜਾਵੇ। ਇਸੇ ਤਰਾਂ ਉਨ੍ਹਾਂ ਨੇ ਦੱਸਿਆ ਕਿ ਜਿਹੜੀਆਂ ਪੰਚਾਇਤਾਂ ਮਤੇ ਪਾਸ ਕਰਕੇ ਭੇਜਣਗੀਆਂ ਉਨ੍ਹਾਂ ਪਿੰਡਾਂ ਵਿਚ ਬੇਘਰੇ ਲੋਕਾਂ ਨੂੰ 5-5 ਮਰਲੇ ਦੇ ਪਲਾਟ ਦਿੱਤੇ ਜਾਣਗੇ। ਉਨ੍ਹਾਂ ਨੇ ਦਫ਼ਤਰਾਂ ਵਿਚ ਆਉਣ ਵਾਲੇ ਦਿਵਿਆਂਗ ਲੋਕਾਂ ਨੂੰ ਪਹਿਲ ਦੇ ਅਧਾਰ ਤੇ ਸੁਣਨ ਦੇ ਹੁਕਮ ਵੀ ਦਿੱਤੇ। ਬਿਜਲੀ ਵਿਭਾਗ ਸਬੰਧੀ ਸ਼ਿਕਾਇਤਾਂ ਸਬੰਧੀ ਉਨ੍ਹਾਂ ਨੇ ਸਖ਼ਤੀ ਨਾਲ ਤਾੜਨਾ ਕੀਤੀ ਕਿ ਲੋਕਾਂ ਨੂੰ ਨਿਰਵਿਘਨ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਦੱਸਿਆ ਕਿ ਪਿੱਛਲੀ ਬੈਠਕ ਦੌਰਾਨ ਜੋ ਸ਼ਿਕਾਇਤ ਆਈ ਸੀ ਉਸਦੀ ਪੜਤਾਲ ਤੋਂ ਬਾਅਦ ਬਿਜਲੀ ਨਿਗਮ ਦੇ ਇਕ ਜੇ.ਈ. ਨੂੰ ਮੁਅੱਤਲ ਕੀਤਾ ਗਿਆ ਹੈ ਜਦ ਕਿ ਇਕ ਐਸ.ਡੀ.ਓ. ਦੀ ਬਦਲੀ ਕਰ ਦਿੱਤੀ ਗਈ ਹੈ। ਇਸੇ ਤਰਾਂ ਮਲੋਟ ਸਿਵਲ ਹਸਪਤਾਲ ਸੰਬੰਧੀ ਸ਼ਿਕਾਇਤ ਤੇ ਕੈਬਨਿਟ ਮੰਤਰੀ ਨੇ ਏ.ਡੀ.ਸੀ., ਐਸ.ਡੀ.ਐਮ. ਤੇ ਸਿਵਲ ਸਰਜਨ ਦੀ ਕਮੇਟੀ ਨੂੰ ਪੜਤਾਲ ਕਰਨ ਦੇ ਹੁਕਮ ਵੀ ਦਿੱਤੇ ਅਤੇ ਕਿਹਾ ਕਿ ਜੇਕਰ ਪੜਤਾਲ ਦੌਰਾਨ ਕਿਸੇ ਦੀ ਲਾਪਰਪਵਾਹੀ ਪਾਈ ਗਈ ਤਾਂ ਵਿਭਾਗੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਪਿੰਡਾਂ ਦੇ ਵਾਟਰ ਵਰਕਸਾਂ ਸਬੰਧੀ ਇਕ ਸ਼ਿਕਾਇਤ ਸਬੰਧੀ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਵਾਟਰਵਰਕਸਾਂ ਦੇ ਬਕਾਇਆ ਬਿਜਲੀ ਬਿੱਲ ਅਦਾ ਕਰਨ ਲਈ 300 ਕਰੋੜ ਰੁਪਏ ਖਰਚ ਕਰ ਰਹੀ ਹੈ, ਪਰ ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਲੋਕ ਆਪਣੇ ਪਾਣੀ ਦੇ ਬਿੱਲ ਸਮੇਂ ਸਿਰ ਅਦਾ ਕਰਨ।ਇਸ ਤੋਂ ਪਹਿਲਾਂ ਇੱਥੇ ਪੁੱਜਣ ਤੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ, ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ, ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ, ਸਾਬਕਾ ਵਿਧਾਇਕ ਮੈਡਮ ਕਰਨ ਕੌਰ ਬਰਾੜ ਨੇ ਕੈਬਨਿਟ ਮੰਤਰੀ ਨੂੰ ਜੀ ਆਇਆ ਨੂੰ ਕਿਹਾ।
ਅਧਿਕਾਰੀ ਹਰੇਕ ਪਖਵਾੜੇ ਪਿੰਡਾਂ ਵਿਚ ਜਾਣ
ਬੈਠਕ ਦੌਰਾਨ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਮੁੱਦਾ ਉਠਾਏ ਜਾਣ ਤੇ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨੀ ਨੇ ਵਿਕਾਸ ਏਂਜਸੀਆਂ ਅਤੇ ਲੋਕ ਭਲਾਈ ਦੀਆਂ ਸਕੀਮਾਂ ਨਾਲ ਸਬੰਧਤ ਅਧਿਕਾਰੀਆਂ ਨੂੰ ਹਰੇਕ ਪਖਵਾੜੇ ਪਿੰਡਾਂ ਵਿਚ ਜਾਣ ਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਨੇ ਕਿਹਾ ਕਿ ਇਸ ਤਰਾਂ ਅਧਿਕਾਰੀ ਲੋਕ ਮਸਲਿਆਂ ਨੂੰ ਨੇੜਿਓ ਤੱਕ ਕੇ ਉਨ੍ਹਾਂ ਦੇ ਢੁੱਕਵੇਂ ਹੱਲ ਕਰ ਸਕਨਣਗੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਪਾਬੰਦ ਕੀਤਾ ਕਿ ਉਹ ਲੋਕ ਮਸਲਿਆਂ ਨੂੰ ਵਧੇਰੇ ਤਰਜੀਹੀ ਅਧਾਰ ਤੇ ਹੱਲ ਕਰਨ।
550 ਸਾਲਾ ਗੁਰਪੁਰਬ ਮਨਾਇਆ ਜਾਵੇਗਾ ਵੱਡੇ ਪੱਧਰ ਤੇ
ਆਪਣੇ ਸ੍ਰੀ ਮੁਕਤਸਰ ਸਾਹਿਬ ਦੌਰੇ ਦੌਰਾਨ ਇੱਥੇ ਪੌਦੇ ਲਗਾਉਣ ਦੀ ਮੁਹਿੰਮ ਦੀ ਵੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨ੍ਹੀ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਪੰਜਾਬ ਸਰਕਾਰ ਗੁਰਮਤਿ ਰਹਿਤ ਮਰਿਆਦਾ ਅਨੁਸਾਰ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਵੱਡੇ ਪੱਧਰ ਤੇ ਮਨਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਹਿਤ ਹਰੇਕ ਪਿੰਡ ਵਿਚ 550-550 ਪੌਦੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਸਮੂਹ ਲੋਕਾਂ ਨੂੰ ਗੁਰਪੁਰਬ ਦੇ ਸਮਾਗਮਾਂ ਵਿਚ ਸ਼ਿਰਕਤ ਦਾ ਸੱਦਾ ਦਿੱਤਾ।
ਨਸ਼ਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਸ: ਚਰਨਜੀਤ ਸਿੰਘ ਚੰਨ੍ਹੀ ਨੇ ਸਾਫ ਸ਼ਬਦਾਂ ਵਿਚ ਕਿਹਾ ਕਿ ਸਰਕਾਰ ਵੱਲੋਂ ਨਸ਼ੇ ਦੀ ਅਲਾਮਤ ਨੂੰ ਜੜ੍ਹ ਤੋਂ ਖਤਮ ਕਰਨ ਦਾ ਤਹਈਆ ਕੀਤਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਨਸ਼ੇ ਦੀ ਵਿਕਰੀ ਨਾਲ ਸਬੰੰਧਤ ਕਿਸੇ ਨੂੰ ਵੀ ਬਖਸ਼ਿਆਂ ਨਹੀਂ ਜਾਵੇਗਾ ਜਦ ਕਿ ਜੋ ਇਸ ਤੋਂ ਪੀੜਤ ਹਨ ਉਨ੍ਹਾਂ ਦੇ ਇਲਾਜ ਲਈ ਸਰਕਾਰ ਵੱਲੋਂ ਹਰ ਮਦਦ ਮੁਹਈਆ ਕਰਵਾਈ ਜਾ ਰਹੀ ਹੈ।
ਇਹ ਰਹੇ ਹਾਜਰ
ਕੈਬਨਿਟ ਮੰਤਰੀ ਦੇ ਇਸ ਦੌਰੇ ਦੌਰਾਨ ਗਿੱਦੜਬਾਹਾ ਦੇ ਵਿਧਾਇਕ ਸ: ਅਮਰਿੰਦਰ ਸਿੰਘ ਰਾਜਾ ਵੜਿੰਗ, ਸ੍ਰੀ ਮੁਕਤਸਰ ਸਾਹਿਬ ਦੇ ਸਾਬਕਾ ਵਿਧਾਇਕ ਮੈਡਮ ਕਰਨ ਕੌਰ ਬਰਾੜ, ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ, ਐਸ.ਐਸ.ਪੀ. ਸ: ਮਨਜੀਤ ਸਿੰਘ ਢੇਸੀ, ਸ: ਅਮਨਪ੍ਰੀਤ ਸਿੰਘ ਭੱਟੀ, ਐਸ.ਡੀ.ਐਮ. ਕ੍ਰਮਵਾਰ ਸ੍ਰੀ ਗੋਪਾਲ ਸਿੰਘ, ਸ੍ਰੀ ਰਣਦੀਪ ਸਿੰਘ ਹੀਰ, ਸ੍ਰੀ ਓਮ ਪ੍ਰਕਾਸ਼, ਸਹਾਇਕ ਕਮਿਸ਼ਨਰ ਜਨਰਲ ਸ੍ਰੀਮਤੀ ਵੀਰਪਾਲ ਕੌਰ, ਸ: ਹਰਚਰਨ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ ਕਾਂਗਰਸ, ਸ: ਗੁਰਮੀਤ ਸਿੰਘ ਖੁੱਡੀਆਂ, ਸ੍ਰੀ ਨਰਿੰਦਰ ਸਿੰਘ ਕੋਣੀ, ਮਾਸਟਰ ਜਸਪਾਲ ਸਿੰਘ, ਸ੍ਰੀ ਕਾਕਾ ਬਰਾੜ, ਸ੍ਰੀ ਰਾਜੇਸ ਪਠੇਲਾ ਸਮੇਤ ਕਮੇਟੀ ਦੇ ਵੱਖ ਵੱਖ ਮੈਂਬਰ ਵੀ ਹਾਜਰ ਸਨ।