ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲਾਂ ਦੇ ਨਿਆਣੇ ਅਧਿਆਪਕਾਂ ਵੱਲੋਂ ਲਗਾਏ ਜਾ ਰਹੇ ਸਮਰ ਕੈਂਪਾਂ ਵਿਚ ਆਪਣੀ ਸਖਸ਼ੀਅਤ ਨੂੰ ਨਵਾਂ ਰੂਪ ਦੇ ਰਹੇ ਹਨ। ਇੰਨਾਂ ਸਮਰ ਕੈਂਪਾਂ ਵਿਚ ਅਧਿਆਪਕਾਂ ਦੀ ਦੇਖਰੇਖ ਵਿਚ ਵਿਦਿਆਰਥੀਆਂ ਦੇ ਪ੍ਰਤਿਭਾ ਦੇ ਨਵੇਂ ਰੰਗ ਉੱਭਰ ਕੇ ਸਾਹਮਣੇ ਆ ਰਹੇ ਹਨ। ਸਕੱਤਰ ਸਕੂਲ ਸਿੱਖਿਆ ਪੰਜਾਬ ਸ੍ਰੀ ਕ੍ਰਿਸ਼ਨ ਕੁਮਾਰ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਦੇ ਪ੍ਰਾਈਮਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਪੱਧਰ ਤੇ ਆਪਣੇ ਵਿਦਿਆਰਥੀਆਂ ਦੀ ਸਖ਼ਸੀਅਤ ਨੂੰ ਹੋਰ ਨਿਖਾਰਨ ਦੇ ਉਦੇਸ਼ ਨਾਲ ਇਹ ਕੈਂਪ ਆਰੰਭ ਕੀਤੇ ਗਏ ਹਨ। ਜ਼ਿਲਾ ਸਿੱਖਿਆ ਅਫ਼ਸਰ ਸ: ਮਲਕੀਤ ਸਿੰਘ ਨੇ ਦੱਸਿਆ ਕਿ ਇੰਨਾਂ ਕੈਂਪਾਂ ਵਿਚ 2850 ਵਿਦਿਆਰਥੀ ਸਿਰਕਤ ਕਰ ਰਹੇ ਹਨ ਅਤੇ ਜ਼ਿਲੇ ਦੇ 65 ਸਕੂਲਾਂ ਵਿਚ 265 ਅਧਿਆਪਕਾਂ ਵੱਲੋਂ ਇਹ ਸਮਰ ਕੈਂਪ ਆਯੋਜਿਤ ਕੀਤੇ ਗਏ ਹਨ।ਜ਼ਿਲਾ ਸਿੱਖਿਆ ਅਫ਼ਸਰ ਸ੍ਰੀ ਮਲਕੀਤ ਸਿੰਘ ਨੇ ਦੱਸਿਆ ਕਿ ਇੰਨਾਂ ਕੈਂਪਾਂ ਵਿਚ ਵਿਦਿਆਰਥੀਆਂ ਵੱਲੋਂ ਜਿੱਥੇ ਪੰਜਾਬ ਦੀ ਵਿਰਾਸਤੀ ਖੇਡਾਂ ਜਿਵੇਂ ਲੰਗੜਾ ਸ਼ੇਰ, ਪੀਚੋ, ਸ਼ੇਰ ਬੱਕਰੀ, ਕੁਰਸੀ ਦੌੜ, ਕੋਟਲਾਂ ਛਪਾਕੀ ਖੇਡੀਆਂ ਜਾ ਰਹੀਆਂ ਹਨ ਉੱਥੇ ਹੀ ਨੰਨੇ ਹੱਥਾਂ ਵਾਲੇ ਇਹ ਬਾਲ ਕਲਾਕਾਰ ਆਪਣੇ ਮਨਾਂ ਦੇ ਕੋਮਲ ਭਾਵਾਂ ਨੂੰ ਚਿੱਤਰਕਲਾ ਰਾਹੀਂ ਵੀ ਸਾਕਾਰ ਰੂਪ ਦੇ ਰਹੇ ਹਨ। ਕਲੇਅ ਮਾਡਲਿੰਗ ਰਾਹੀਂ ਇੰਨਾਂ ਨਿਆਣਿਆਂ ਵੱਲੋਂ ਕੀਤੀ ਜਾ ਰਹੀ ਸਿਰਜਣਾ ਇੰਨਾਂ ਦੇ ਮਨਾਂ ਦੇ ਵਲਵਲਿਆਂ ਦਾ ਪ੍ਰਗਟਾਵਾਂ ਕਰਦੀ ਹੈ ਅਤੇ ਇਹ ਵੀ ਦੱਸਦੀ ਹੈ ਕਿ ਇਹ ਬੱਚੇ ਆਪਣੇ ਆਲੇ ਦੁਆਲੇ ਪ੍ਰਤੀ ਕਿਸ ਤਰਾਂ ਦੀ ਸਮਝ ਰੱਖਦੇ ਹਨ।
ਇਸੇ ਤਰਾਂ ਅਧਿਆਪਕਾਂ ਵੱਲੋਂ ਸੁੰਦਰ ਲਿਖਾਈ ਦੇ ਗੁਰ ਵੀ ਵਿਦਿਆਰਥੀਆਂ ਨੂੰ ਸਮਝਾਏ ਜਾ ਰਹੇ ਹਨ। ਪੜੋ ਪੰਜਾਬ ਪੜਾਓ ਪੰਜਾਬ ਦੇ ਜ਼ਿਲਾ ਕੋਆਰਡੀਨੇਟਰ ਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਇੰਨਾਂ ਸਮਰ ਕੈਂਪਾਂ ਵਿਚ ਬੱਚੇ ਲੋਕ ਕਲਾਵਾਂ ਵੀ ਸਿੱਖ ਰਹੇ ਹਨ। ਭੰਗੜੇ ਗਿੱਧੇ ਤੋਂ ਇਲਾਵਾ ਗੀਤ, ਕਵਿਤਾਵਾਂ, ਚੁੱਟਕਲੇ ਆਦਿ ਰਾਹੀਂ ਬੱਚੇ ਆਪਣੇ ਸਾਥੀਆਂ ਨਾਲ ਗਰਮੀਆਂ ਦੀਆਂ ਛੁੱਟੀਆਂ ਦਾ ਸਾਰਥਕ ਇਸਤੇਮਾਲ ਕਰ ਰਹੇ ਹਨ।ਇਸੇ ਤਰਾਂ ਰੰਗੋਲੀ, ਸਲਾਦ ਕੱਟ ਕੇ ਸਜਾਉਣਾ, ਮਹਿੰਦੀ ਲਗਾਉਣ ਵਰਗੇ ਮੁਕਾਬਲਿਆਂ ਵਿਚ ਕੁੜੀਆਂ ਆਪਣੀ ਵੱਖਰੀ ਮੁਹਾਰਤ ਦਾ ਮੁਜਾਹਿਰਾ ਇੰਨਾਂ ਸਮਰ ਕੈਂਪਾਂ ਵਿਚ ਕਰ ਰਹੀਆਂ ਹਨ। ਇਸੇ ਤਰਾਂ ਬੱਚਿਆਂ ਨੂੰ ਵਾਤਾਵਰਨ ਦੀ ਸੰਭਾਲ ਨਾਲ ਜੋੜਨ ਅਤੇ ਉਨਾਂ ਨੂੰ ਸਾਡੇ ਚੌਗਿਰਦੇ ਨੂੰ ਦਰਪੇਸ਼ ਮੁਸਕਿਲਾਂ ਤੋਂ ਜਾਣੂ ਕਰਵਾਉਣ ਲਈ ਉਨਾਂ ਨੂੰ ਪੌਦੇ ਲਗਾਉਣ ਅਤੇ ਉਨਾਂ ਦੀ ਸਾਂਭ ਸੰਭਾਲ ਲਈ ਵੀ ਇੰਨਾਂ ਸਮਰ ਕੈਂਪਾਂ ਵਿਚ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸੇ ਤਰਾਂ ਪੇਪਰ ਕਟਿੰਗ ਅਤੇ ਫਲਾਵਰ ਮੇਕਿੰਗ ਕਰਦੇ ਇਹ ਬੱਚੇ ਸਰਕਾਰੀ ਸਕੂਲਾਂ ਦੀਆਂ ਰੰਗਲੀਆਂ ਤਸਵੀਰਾਂ ਪੇਸ਼ ਕਰ ਰਹੇ ਹਨ। ਉੁਨਾਂ ਨੇ ਅਧਿਆਪਕਾਂ ਵੱਲੋਂ ਸਵੈ ਇੱਛਾ ਨਾਲ ਆਪਣੇ ਵਿਦਿਆਰਥੀਆਂ ਲਈ ਲਗਾਏ ਜਾ ਰਹੇ ਇੰਨਾਂ ਸਮਰ ਕੈਂਪਾਂ ਦੀ ਸਫਲਤਾ ਲਈ ਵਿਖਾਏ ਜਾ ਰਹੇ ਜੋਸ, ਜ਼ਜਬੇ ਅਤੇ ਜਨੂੰਨ ਨੂੰ ਸਲਾਮ ਕਰਦਿਆਂ ਕਿਹਾ ਕਿ ਹੁਣ ਸਰਕਾਰ ਸਕੂਲ ਕਿਸੇ ਤਰਾਂ ਵੀ ਕਿਸੇ ਵੀ ਹੋਰ ਸਕੂਲ ਤੋਂ ਪਿੱਛੇ ਨਹੀਂ ਹਨ।