ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸ੍ਰੀ ਮੁਕਤਸਰ ਸਾਹਿਬ ਵੱਲੋਂ ਸਾਉਣੀ ਦੀਆਂ ਫਸਲਾਂ ਅਤੇ ਫਸਲੀ ਵਿਭਿੰਨਤਾ ਸਬੰਧੀ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਅੱਜ ਨਵੀਂ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ ਵਿਖੇ ਲਾਇਆ ਗਿਆ। ਇਸ ਦਾ ਉਦਘਾਟਨ ਐਮ ਕੇ ਅਰਾਵਿੰਦ ਕੁਮਾਰ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ ਨੇ ਕੀਤਾ। ਕੈਂਪ ਦੀ ਪ੍ਰਧਾਨਗੀ ਸ. ਸੁਖਦੇਵ ਸਿੰਘ ਸਿੱਧੂ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਪੀ ਪੀ), ਪੰਜਾਬ ਨੇ ਕੀਤੀ।ਇਸ ਮੌਕੇ ਡਾ. ਚੇਤਕ ਬਿਸ਼ਨੋਈ, ਅਸਿਸਟੈਂਟ ਪ੍ਰੋਫੈਸਰ ਬਾਗਬਾਨੀ, ਕੇ ਵੀ ਕੇ ਗੋਨਿਆਣਾ ਨੇ ਕੈਂਪ ਵਿਚ ਹਾਜ਼ਰ ਕਿਸਾਨਾਂ ਨੂੰ ਫਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਸਬੰਧੀ ਜ਼ਰੂਰੀ ਸੁਝਾਅ ਦਿੱਤੇ। ਡਾ. ਸੁਖਵਿੰਦਰ ਸਿੰਘ, ਅਸਿਸਟੈਂਟ ਪ੍ਰੋਫੈਸਰ ਕੇ ਵੀ ਕੇ ਬਠਿੰਡਾ ਨੇ ਫ਼ਸਲਾਂ ਵਿਚ ਖਾਦਾਂ ਦੀ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨਾਂ ਜ਼ਮੀਨ ਦੀ ਸਿਹਤ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜ਼ਮੀਨ ਦੀ ਸਿਹਤ ਦਾ ਖਾਸ ਖਿਆਲ ਰੱਖਿਆ ਜਾਵੇ। ਡਾ. ਮਧੂ ਸ਼ੈਲੀ, ਅਸਿਸਟੈਂਟ ਪ੍ਰੋਫੈਸਰ ਕੇ ਵੀ ਕੇ ਗੋੋਨਿਆਣਾ ਵੱਲੋਂ ਪਸ਼ੂ ਪਾਲਕਾਂ ਨੂੰ ਪਸ਼ੂਆਂ ਨਾਲ ਸਬੰਧਤ ਧਾਤਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ। ਡਾ. ਮਨਦੀਪ ਪਠਾਨੀਆਂ, ਕੇ ਵੀ ਬਠਿੰਡਾ ਵੱਲੋਂ ਨਰਮੇ ਦੀ ਫਸਲ ਉਪਰ ਕੀਟਾਂ ਸਬੰਧੀ ਜਾਣਕਾਰੀ ਦਿੱਤੀ ਗਈ ਤੇ ਉਨਾਂ ਤੋਂ ਹੋਣ ਵਾਲੇ ਨੁਕਸਾਨ ਅਤੇ ਬਚਾਅ ਸਬੰਧੀ ਨੁਕਤੇ ਦੱਸੇ ਗਏ। ਡਾ. ਬਲਕਰਨ ਸਿੰਘ ਸੰਧੂ, ਸਹਾਇਕ ਪ੍ਰੋਫੈਸਰ ਫ਼ਸਲ ਵਿਗਿਆਨ, ਕੇ ਵੀ ਕੇ ਗੋਨਿਆਣਾ ਵੱਲੋਂ ਝੋਨੇ ਦੀ ਪਨੀਰੀ, ਕਾਸ਼ਤ ਤੇ ਸਾਂਭ-ਸੰਭਾਲ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਇਲਾਵਾ ਉਨਾਂ ਝੋਨੇ ਦੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਤੇ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਤੋਂ ਬਚਾਉਣ ਬਾਰੇ ਵੀ ਕੁਝ ਨੁਕਤੇ ਸਾਂਝੇ ਕੀਤੇ। ਉਨਾਂ ਮੂੰਗੀ ਦੀ ਕਾਸ਼ਤ ਬਾਰੇ ਵੀ ਦੱਸਿਆ। ਇਸ ਮੌਕੇ ਸਹਾਇਕ ਪ੍ਰੋਫੈਸਰ ਡਾ. ਰਾਕੇਸ਼ ਅਰੋੜਾ ਵੱਲੋਂ ਨਰਮੇ ਦੀ ਫਸਲ ਦੀ ਕਾਸ਼ਤ ਅਤੇ ਇਸ ਤੋਂ ਲੱਗਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆ ਗਿਆ। ਉਨਾਂ ਇਨਾਂ ਬਿਮਾਰੀਆਂ ਦੀ ਰੋਕਥਾਮ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਬੂਟਾ ਸਿੰਘ, ਪੀਏਯੂ ਲੁਧਿਆਣਾ ਦੇ ਫਸਲ ਵਿਗਿਆਨੀ ਨੇ ਫਸਲੀ ਖ਼ਰਚੇ ਘਟਾਉਣ ਲਈ ਕੁਝ ਮਾਪਦੰਡ ਅਪਣਾਉਣ ਉਤੇ ਜ਼ੋਰ ਦਿੱਤਾ। ਉਨਾਂ ਕਿਸਾਨਾਂ ਨੂੰ ਝੋਨੇ ਦੀਆਂ ਕੁਝ ਨਵੀਆਂ ਕਿਸਮਾਂ ਬਾਰੇ ਦੱਸਿਆ। ਉਨਾਂ ਕਿਸਾਨਾਂ ਨੂੰ ‘ਪੀਏਯੂ ਕਿਸਾਨ ਐਪ’ ਡਾੳਨਲੋਡ ਕਰਨ ਲਈ ਆਖਿਆ ਤਾਂ ਜੋ ਉਹ ਮੋਬਾਈਲ ’ਤੇ ਵੀ ਫਸਲੀ ਜਾਣਕਾਰੀ ਹਾਸਲ ਕਰ ਸਕਣ।ਇਸ ਮੌਕੇ ਡਾ. ਮਨਦੀਪ ਸਿੰਘ, ਵੈਟਰਨਰੀ ਅਫਸਰ, ਪਸ਼ੂ ਪਾਲਣ ਵਿਭਾਗ ਨੇ ਕਿਸਾਨਾਂ ਨੂੰ ਪਸ਼ੂਆਂ ਦੀਆਂ ਬਿਮਾਰੀਆਂ ਅਤੇ ਉਨਾਂ ਦੀ ਰੋਕਥਾਮ ਲਈ ਸਹੀ ਪਹੁੰਚ ਬਾਰੇ ਦੱਸਿਆ। ਪੀਏਯੂ ਲੁਧਿਆਣਾ ਤੋਂ ਸੇਵਾਮੁਕਤ ਡਾ. ਸਤਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਕਿਸਾਨ ਫਸਲਾਂ ’ਤੇ ਜ਼ਹਿਰਾਂ ਦੀ ਘੱਟ ਤੋਂ ਘੱਟ ਵਰਤੋਂ ਕਰਨ ਤਾਂ ਜੋ ਮਨੁੱਖੀ ਜੀਵਨ ਉਪਰ ਮਾੜਾ ਅਸਰ ਨਾ ਪਵੇ।ਇਸ ਮੌਕੇ ਵਿਸ਼ੇਸ਼ ਤੌਰ ’ਤੇ ਪਹੁੰਚੇ ਸੰਯੁਕਤ ਡਾਇਰੈਕਟਰ ਖੇਤੀਬਾੜੀ (ਪਲਾਂਟ ਪ੍ਰੋਟੈਕਸ਼ਨ) ਪੰਜਾਬ ਸ੍ਰ੍ਰੀ ਸੁਖਦੇਵ ਸਿੰਘ ਸਿੱਧੂ ਵੱਲੋਂ ਆਉਣ ਵਾਲੇ ਸੀਜ਼ਨ ਦੌਰਾਨ ਨਰਮੇ, ਕਪਾਹ ਦੀ ਕਾਸ਼ਤ ਬਾਰੇ ਕੁਝ ਨੁਕਤਿਆਂ ’ਤੇ ਗੱਲ ਕੀਤੀ ਗਈ। ਉਨਾਂ ਕਿਹਾ ਕਿ ਇਸ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੋਂ ਬਾਅਦ ਬਲਾਕ ਪੱਧਰ ਤੇ ਫਿਰ ਪਿੰਡ ਪੱਧਰ ’ਤੇ ਕੈਂਪ ਲਾਏ ਜਾਣਗੇ ਤੇ ਕਿਸਾਨ ਇਨਾਂ ਕੇਂਪਾਂ ਦਾ ਵੱਧ ਤੋਂ ਵੱਧ ਲਾਹਾ ਲੈਣ। ਕੈਂਪ ਦੇ ਅੰਤ ਵਿਚ ਡਾ. ਬਲਜਿੰਦਰ ਸਿੰਘ ਬਰਾੜ, ਮੁੱਖ ਖੇਤੀਬਾੜੀ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕਿਸਾਨਾਂ ਤੇ ਪਸ਼ੂ ਪਾਲਕਾਂ ਲਈ ਵੱਖ ਵੱਖ ਸਟਾਲਾਂ ਵੀ ਲਾਈਆਂ ਗਈਆਂ।