ਪਸ਼ੂ ਪਾਲਣ ਵਿਭਾਗ ਵਿਚ ਖੁਰਾਕ ਤੇ ਚਾਰਾ ਦੀ ਮਹੱਤਤਾ ਨੂੰ ਧਿਆਨ ਵਿਚ ਰੱਖਦੇ ਹੋਏ ਸ੍ਰੀ ਬਲਬੀਰ ਸਿੰਘ ਸਿੱਧੂ ਕੈਬਨਿਟ ਮੰਤਰੀ ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਪੰਜਾਬ ਦੀ ਪ੍ਰਧਾਨਗੀ ਹੇਠ ਉੱਚ ਪੱਧਰੀ ਮੀਟਿੰਗ ਅੱਜ ਲਾਈਵਸਟਾਕ ਕੰਪਲੈਕਸ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਹੋਈ। ਮੀਟਿੰਗ ਵਿਚ ਪੰਜਾਬ ਰਾਜ ਦੇ ਸਮੂਹ ਖੇਤੀਬਾੜੀ ਵਿਕਾਸ ਅਫਸਰਾਂ (ਖੁਰਾਕ ਅਤੇ ਚਾਰਾ) ਨੇ ਭਾਗ ਲਿਆ। ਇਸ ਵਿਚ ਵਿਭਾਗੀ ਫਾਰਮਾਂ ਉੱਤੇ ਹਰੇ ਚਾਰੇ ਦੀ ਪੈਦਾਵਾਰ ਨੂੰ ਵਧਾਉਣ ਲਈ ਆ ਰਹੀਆਂ ਮੁਸ਼ਕਿਲਾਂ ਜਿਵੇਂ ਜੰਗਲੀ ਅਤੇ ਅਵਾਰਾ ਪਸ਼ੂਆਂ ਵਲੋਂ ਵੱਡੇ ਪੱਧਰ 'ਤੇ ਹੋ ਰਹੇ ਉਜਾੜੇ ਨੂੰ ਰੋਕਣ ਅਤੇ ਫਾਰਮਾਂ ਦੇ ਕੰਮਾਂ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੇਬਰ ਦੀ ਘਾਟ ਨੂੰ ਪੂਰਾ ਕਰਨ ਸਬੰਧੀ ਵਿਸਥਾਰ-ਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਕੈਬਨਿਟ ਮੰਤਰੀ ਵਲੋਂ ਭਰੋਸਾ ਦਵਾਇਆ ਗਿਆ ਕਿ ਫਾਰਮਾਂ ਤੇ ਰੱਖੇ ਗਏ ਪਸ਼ੂਆਂ ਨੂੰ ਪਹਿਲ ਦੇ ਅਧਾਰ 'ਤੇ ਸਾਰਾ ਸਾਲ ਪੂਰਾ ਹਰਾ ਚਾਰਾ ਉਪਲੱਬਧ ਕਰਵਾਉਣ ਲਈ ਵਿਭਾਗੀ ਫਾਰਮਾਂ ਦੇ ਆਲੇ-ਦੁਆਲੇ ਤਾਰ-ਵਾੜ ਲਗਾ ਕੇ ਚਾਰੇ ਦੀਆਂ ਫਸਲਾਂ ਦੇ ਹੋ ਰਹੇ ਉਜਾੜੇ ਨੂੰ ਰੋਕਿਆ ਜਾਵੇਗਾ। ਉਨ੍ਹਾਂ ਕਿਹਾ ਕਿ ਫਾਰਮਾਂ 'ਤੇ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਆਧੁਨਿਕ ਮਸ਼ੀਨਰੀ ਉਪਲੱਬਧ ਕਰਵਾਕੇ ਚਾਰੇ ਦੇ ਉਤਪਾਦਨ 'ਤੇ ਹੋ ਰਹੇ ਖਰਚੇ ਨੂੰ ਘਟਾਇਆ ਜਾਵੇਗਾ। ਮੀਟਿੰਗ ਵਿਚ ਡਾ. ਇੰਦਰਜੀਤ ਸਿੰਘ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਵਲੋਂ ਦੱਸਿਆ ਗਿਆ ਕਿ ਫਾਰਮਾਂ ਦੇ ਕੰਮਾਂ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਵਿਸ਼ੇਸ਼ ਤੌਰ 'ਤੇ ਦੌਰਾ ਕਰਕੇ ਵਿਭਾਗੀ ਫਾਰਮਾਂ ਤੇ ਆ ਰਹੀਆਂ ਮੁਸ਼ਕਿਲਾਂ ਦਾ ਢੁਕਵਾਂ ਹੱਲ ਕੀਤਾ ਜਾਵੇਗਾ। ਸ੍ਰੀ ਇੰਦਰਜੀਤ ਸਿੰਘ ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਵਲੋਂ ਕੈਬਨਿਟ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਵਿਚ ਡੇਅਰੀ ਦੇ ਕਿੱਤੇ ਨੂੰ ਹੋਰ ਪ੍ਰਫੁਲਿਤ ਕਰਨ ਲਈ ਪਸ਼ੂ ਪਾਲਣ ਵਿਭਾਗ ਦੇ ਖੁਰਾਕ ਤੇ ਚਾਰਾ ਵਿੰਗ ਦੇ ਅਧਿਕਾਰੀ ਡੇਅਰੀ ਵਿਕਾਸ ਵਿਭਾਗ ਦੇ ਡੇਅਰੀ ਸਿਖਲਾਈ ਕੇਂਦਰਾਂ ਅਤੇ ਬਲਾਕ ਪੱਧਰੀ ਦੁੱਧ ਉਤਪਾਦਕ ਜਾਗਰੂਕਤਾ ਕੈਂਪਾਂ ਵਿਚ ਡੇਅਰੀ ਵਿਕਾਸ ਵਿਭਾਗ ਨੂੰ ਰੈਗੂਲਰ ਆਪਣੀਆਂ ਸੇਵਾਵਾਂ ਦੇਣਗੇ। ਜਿਸ ਨਾਲ ਪੰਜਾਬ ਰਾਜ ਦੇ ਪਸ਼ੂ ਪਾਲਕਾਂ ਨੂੰ ਸੰਤੁਲਿਤ ਫੀਡਿੰਗ ਕਰਕੇ ਸਸਤਾ ਦੁੱਧ ਪੈਦਾ ਕੀਤਾ ਜਾਵੇਗਾ ਅਤੇ ਦੁੱਧ ਦੀ ਪੈਦਾਵਾਰ ਵਧਾਈ ਜਾਵੇਗੀ। ਮੀਟਿੰਗ ਵਿਚ ਆਏ ਹੋਏ ਅਧਿਕਾਰੀਆਂ ਦਾ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਵਲੋਂ ਧੰਨਵਾਦ ਕੀਤਾ ਗਿਆ।