ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ 2019 ਦੀਆਂ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੂੰ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਨਾਲ ਮੁਲਾਕਾਤ ਕਰਨ ਲਈ ਐਤਵਾਰ ਰਾਤ ਨੂੰ ਭੇਜਿਆ ਅਤੇ ਭਗਵੰਤ ਮਾਨ ਨੇ ਇਸ ਗੱਲ ਨੂੰ ਸਿਰੇ ਚਾੜ੍ਹਨ ਲਈ ਜਥੇਦਾਰ ਬ੍ਰਹਮਪੁਰਾ ਨਾਲ ਉਨ੍ਹਾਂ ਦੇ ਗ੍ਰਹਿ ਅੰਮ੍ਰਿਤਸਰ ਵਿਖੇ ਆਕੇ ਮੀਟਿੰਗ ਕੀਤੀ ਅਤੇ ਰਾਤ ਦਾ ਭੋਜਨ ਕੀਤਾ। ਇਸ ਮੀਟਿੰਗ ਵਿੱਚ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੀ ਮੌਜੂਦ ਸਨ।ਇਹ ਮੀਟਿੰਗ ਕਰੀਬ 1 ਘੰਟਾ ਚਲਦੀ ਰਹੀ ਅਤੇ ਇਸ ਮੀਟਿੰਗ ਦੌਰਾਨ ਇਸ ਗੱਲ ਉੱਤੇ ਚਰਚਾ ਕੀਤੀ ਗਈ ਕਿ ਕਾਂਗਰਸ ਅਤੇ ਬਾਦਲ ਪਰਿਵਾਰ ਦੋਵਾਂ ਧਿਰਾਂ ਦੀਆਂ ਗ਼ਲਤ ਨੀਤੀਆਂ ਦੇ ਵਿਰੁੱਧ ਇਕੱਠੇ ਹੋਕੇ ਰਣਨੀਤੀ ਤਿਆਰ ਕੀਤੀ ਜਾਵੇ ਅਤੇ ਪੰਜਾਬ ਦੀ ਜਨਤਾ ਨੂੰ ਰਾਹਤ ਅਤੇ ਸ਼ਾਂਤੀ ਦਾ ਮਾਹੌਲ ਦਿੱਤਾ ਜਾਵੇ । ਸ੍ਰ. ਬ੍ਰਹਮਪੁਰਾ ਨੇ ਕਿਹਾ ਕਿ ਹਮਖਿਆਲ ਪਾਰਟੀਆਂ ਨੂੰ ਇੱਕੋ ਪਲੇਟਫਾਰਮ ਨੂੰ ਕੱਠਾ ਕਰਕੇ ਪੰਜਾਬ ਦੀ ਜਨਤਾ ਨੂੰ ਬਚਾਉਣ ਲਈ 2019 ਦੀਆਂ ਲੋਕ ਸਭਾ ਚੋਣਾਂ ਅਤੇ ਇਸ ਦੇ ਮਗਰੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਵਿੱਚ ਗ਼ਲਤ ਬੰਦਿਆਂ ਨੂੰ ਨਕਾਰਿਆ ਜਾਵੇ ਅਤੇ ਸੂਝਵਾਨ ਪੰਜਾਬ ਦੀ ਜਨਤਾ ਦੀ ਭਲਾਈ ਕਰਨ ਵਾਲਿਆਂ ਨੂੰ ਸ਼ਾਸਨ ਦੀ ਡੋਰ ਦਿੱਤੀ ਜਾਵੇ।ਉਨ੍ਹਾਂ ਇਸ ਗੱਲ ਵੱਲ ਵੀ ਧਿਆਨ ਦਵਾਇਆ ਕਿ "ਪੁਰਾਣੀ ਕਹਾਵਤ ਹੈ ਕਿ ਚੋਰਾਂ ਨੂੰ ਸਾਰੇ ਚੋਰ ਹੀ ਨਜ਼ਰ ਆਉਂਦੇ ਹਨ ਇਸੇ ਲਈ ਬਾਦਲਾਂ ਨੇ ਟਕਸਾਲੀਆਂ ਨੂੰ ਕਾਂਗਰਸ ਦੀ ਬੀ-ਟੀਮ ਆਖਿਆ ਹੈ ਜਦ ਕਿ ਇਹ ਬਾਦਲ ਪਰਿਵਾਰ ਖ਼ੁਦ ਸਾਲੇ ਸਮੇਤ ਕਾਂਗਰਸ ਦੀ ਬੀ-ਟੀਮ ਵਜੋਂ ਕੰਮ ਕਰ ਰਹੇ ਹਨ ਅਤੇ ਸਿੱਖ ਕੌਮ ਨੂੰ ਵੱਡਾ ਧੱਕਾ ਅਤੇ ਪਹੁੰਚਾ ਰਹੇ ਹਨ।ਉਨ੍ਹਾਂ ਇਹ ਵੀ ਸਾਂਝੇ ਤੌਰ ਤੇ ਕਿਹਾ ਕਿ ਅੱਜ ਪੰਜਾਬ ਦਾ ਬੱਚਾ ਬੱਚਾ ਪੰਜਾਬ ਵਿੱਚ ਸਿਆਸੀ ਬਦਲਾਅ ਚਾਹੁੰਦਾ ਹੈ ਅਤੇ ਇਹ ਬਦਲਾਅ ਹਮਖਿਆਲ ਪਾਰਟੀਆਂ ਮਿਲਕੇ ਹੀ ਲਿਆ ਸਕਦੀਆਂ ਹਨ।