ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲੇ ਭਰ ਵਿਚ ਮਿਲਾਵਟੀ ਖਾਣਯੋਗ ਪਦਾਰਥਾਂ ਵੇਚਣ ਵਾਲਿਆਂ ਵਿਰੁੱਧ ਲਗਾਤਾਰ ਚੈਕਿੰਗ ਕਾਰਵਾਈ ਕੀਤੀ ਜਾ ਰਹੀ ਹੈ ਤੇ ਸਿਹਤ ਤੇ ਡੇਅਰੀ ਵਿਭਾਗ ਵਲੋਂ ਕਰਿਆਨੇ, ਮਠਿਆਈ ਤੇ ਫਲਾਂ ਆਦਿ ਦੁਕਾਨਾਂ ਦੀ ਚੈੱਕਿੰਗ ਕੀਤੀ ਜਾ ਰਹੀ ਹੈ।ਡਿਪਟੀ ਕਮਿਸ਼ਨਰ ਵਿਪੁਲ ਉਜਵਲ ਨੇ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਮੁਹਿੰਮ ਤਹਿਤ ਜ਼ਿਲੇ ਅੰਦਰ ਮੁਹਿੰਮ ਵਿੱਢੀ ਗਈ ਹੈ ਤੇ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨਾਂ ਦੱਸਿਆ ਕਿ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਲੋਕਾਂ ਨੂੰ ਖਾਣਯੋਗ ਪਦਾਰਥਾਂ ਦੀ ਸੁਰੱਖਿਆ ਬਾਰੇ ਜਾਗਰੂਕ ਕਰਨਾ ਅਤੇ ਖੁਰਾਕ ਸੁਰੱਖਿਆ ਕਾਨੂੰਨ ਨੂੰ ਖਾਸਕਰਕੇ ਦੁੱਧ ਅਤੇ ਦੁੱਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਬਣਾਉਣ ਲਈ ਅਸਰਦਾਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਉਨਾਂ ਸਖਤ ਲਫਜਾਂ ਵਿਚ ਕਿਹਾ ਕਿ ਮਿਲਾਵਟਖੋਰਾਂ, ਨਕਲੀ ਦਵਾਈਆਂ ਵੇਚਣ ਵਾਲੇ ਤੇ ਦੁੱਧ ਤੇ ਦੁੱਧ ਪਦਾਰਥ ਵੇਚਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਅੱਜ ਡਾ. ਅਮਨਦੀਪ ਸਿੰਘ ਜਿਲਾ ਸਿਹਤ ਅਫਸਰ ਦੀ ਟੀਮ ਵਲੋਂ ਦੀਨਾਨਗਰ ਸ਼ਹਿਰ ਵਿਖੇ ਬੱਸ ਅੱਡੇ ਦੇ ਨਜਦੀਕ ਅਗਮ ਸਵੀਟ ਸ਼ਾਪ ਤੇ ਕਰਿਆਨੇ ਦੀਆਂ ਦੁਕਾਨਾਂ ਚੈੱਕ ਕੀਤੀਆਂ ਗਈਆਂ ਤੇ ਮਠਿਆਈਆਂ ਦੇ 07 ਸੈਂਪਲ ਭਰੇ ਗਏ। ਸੈਂਪਲ ਭਰਨ ਉਪਰੰਤ ਸੀਲ ਕਰਕੇ ਵਿਸ਼ਲੇਸ਼ਣ ਕਰਨ ਲਈ ਸਰਕਾਰੀ ਲੈਬਾਰਟਰੀ ਖਰੜ ਵਿਖੇ ਭੇਜ ਦਿੱਤੇ ਗਏ ਹਨ। ਸੈਂਪਲਾਂ ਦੇ ਨਤੀਜੇ ਆਉਣ ਉਪਰੰਤ ਕਿਸੇ ਵੀ ਤਰ੍ਹਾਂ ਦੀ ਮਿਲਾਵਟਖੋਰੀ ਸਾਬਤ ਹੋਣ ਦੀ ਸੂਰਤ ਵਿੱਚ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।