ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਪਾਣੀ ਤੇ ਹਵਾ ਦੇ ਪ੍ਰਦੂਸ਼ਣ ਤੇ ਮਿਲਾਵਟ ਰੋਕਣ ਦੇ ਕੀਤੇ ਜਾ ਰਹੇ ਯਤਨਾਂ ਤਹਿਤ ਪੰਜਾਬ ਪ੍ਰਦੂਸ਼ਣ ਰੋਕਥਾਮ ਵਿਭਾਗ ਵੱਲੋਂ ਕੀਤੀ ਗਈ ਜਾਂਚ ਦੌਰਾਨ ਜ਼ਿਲ੍ਹੇ ਦੀਆਂ ਦੋ ਸਨਅਤੀ ਇਕਾਈਆਂ ਨੂੰ ਖਤਰਨਾਕ ਪਦਾਰਥਾਂ ਦੇ ਨਿਪਟਾਰੇ ਸਬੰਧੀ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੀ ਐਸ.ਡੀ.ਓ. ਹੁਸ਼ਿਆਰਪੁਰ ਪੂਜਾ ਸ਼ਰਮਾ ਅਨੁਸਾਰ ਸਲੂਜਾ ਇੰਜੀਨੀਅਰਿੰਗ ਲਿਮਟਿਡ (ਐਸ ਈ ਐਲ) ਦੀ ਵਾਤਾਵਰਣ ਇੰਜੀਨੀਅਰ ਅਸ਼ੋਕ ਸ਼ਰਮਾ ਦੀ ਅਗਵਾਈ ’ਚ ਕੀਤੀ ਗਈ ਜਾਂਚ ਦੌਰਾਨ ਮਿੱਲ ਨੂੰ ਖਤਰਨਾਕ ਰਹਿੰਦ-ਖੂੰਹਦ ਦੇ ਨਿਪਟਾਰੇ ਸਬੰਧੀ ਨਿਰਧਾਰਿਤ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ। ਇਸੇ ਤਰ੍ਹਾਂ ਬਹਿਰਾਮ ਸਥਿਤ ਰਾਮ ਕਿ੍ਰਸ਼ਨ ਫਾਊਂਡਰੀ ਦੀ ਚੈਕਿੰਗ ਦੌਰਾਨ ਇਸ ਸਨਅਤੀ ਇਕਾਈ ਨੂੰ ਵਾਟਰ ਐਕਟ ਤੇ ਖਤਰਨਾਕ ਰਹਿੰਦ-ਖੂੰਹਦ ਨਿਯਮਾਂ ਦੀ ਉਲੰਘਣਾ ਕਰਦੇ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਦੋਵਾਂ ਸਨਅਤੀ ਇਕਾਈਆਂ ਵੱਲੋਂ ਕੀਤੀ ਜਾ ਰਹੀ ਉਲੰਘਣਾ ਸਬੰਧੀ ਅਗਲੇਰੀ ਕਾਰਵਾਈ ਕਰਨ ਲਈ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਉੱਚ ਅਧਿਕਾਰੀਆਂ ਨੂੰ ਲਿਖਿਆ ਗਿਆ ਹੈ। ਇਸ ਤੋਂ ਇਲਾਵਾ ਗੁਰਦਿੱਤਾ ਰਾਈਸ ਸ਼ੈਲਰ ਚਣਕੋਆ, ਸ਼ਿਵ ਰਾਮ ਰਾਈਸ ਸ਼ੈਲਰ ਚਣਕੋਆ ਤੇ ਵਿਜ਼ਨ ਐਗਰੋ ਇੰਡਸਟਰੀ ਕਟਾਰੀਆਂ ਦੀ ਚੈਕਿੰਗ ਦੌਰਾਨ ਇਹ ਇਕਾਈਆਂ ’ਚ ਕੰਮ ਬੰਦ ਪਾਇਆ ਗਿਆ ਜਦਕਿ ਦੋਆਬਾ ਕੋਲਡ ਸਟੋਰੇਜ ਕਰੀਹਾ ’ਚ ਵਾਟਰ ਐਕਟ ਦੀ ਪਾਲਣਾ ਸਹੀ ਪਾਈ ਗਈ।