ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਮੁਹਾਲੀ ਹਲਕੇ ਦੇ ਪਿੰਡਾਂ ਦੇ ਸਰਵਪੱਖੀ ਵਿਕਾਸ ਅਤੇ ਹਲਕੇ ਨੂੰ ਨਮੂਨੇ ਦੇ ਹਲਕਾ ਬਣਾਉਣ ਲਈ ਜ਼ਿਲ੍ਹਾ ਪਰਿਸ਼ਦ ਅਤੇ ਪੰਚਾਇਤ ਸਮਿਤੀ ਚੋਣਾਂ ਵਿੱਚ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣ ਦੀ ਅਪੀਲ ਕੀਤੀ ਹੈ। ਉਹ ਅੱਜ ਦੁਪਹਿਰ੍ਹੇ ਪਿੰਡ ਚਿੱਲਾ ਵਿਖੇ ਬਲਾਕ ਸਮਿਤੀ ਦੇ ਉਮੀਦਵਾਰ ਹਰਜਸ ਸਿੰਘ ਬੈਦਵਾਣ ਅਤੇ ਜ਼ਿਲ੍ਹਾ ਪਰਿਸ਼ਦ ਦੇ ਮਨੌਲੀ ਜ਼ੋਨ ਤੋਂ ਉਮੀਦਵਾਰ ਠੇਕੇਦਾਰ ਮੋਹਣ ਸਿੰਘ ਬਠਲਾਣਾ ਦੇ ਇਕੱਠ ਵਿੱਚ ਹੋਏ ਭਰਵੇਂ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਸਿੱਧੂ ਨੇ ਆਖਿਆ ਕਿ ਮੁਹਾਲੀ ਹਲਕੇ ਦੇ ਨਾਲ ਪੰਜਾਬ ਵਿੱਚੋਂ ਅਕਾਲੀ-ਭਾਜਪਾ ਗਠਜੋੜ ਦਾ ਪੰਚਾਇਤੀ ਚੋਣਾਂ ਵਿੱਚ ਸਫ਼ਾਇਆ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕੀਂ ਪੰਜਾਬ ਨੂੰ ਕਰਜ਼ੇ ਦੀ ਭਾਰੀ ਪੰਡ ਹੇਠ ਦੱਬਣ,ਪੰਜਾਬ ਨੂੰ ਨਸ਼ਿਆਂ ਦੀ ਦਲ-ਦਲ ਵਿੱਚ ਫਸਾਉਣ,ਪੰਜਾਬ ਨੂੰ ਵਿਕਾਸ ਦੀ ਲੀਹ ਤੋਂ ਉਤਾਰਨ ਦੇ ਨਾਲ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਅਤੇ ਬੇਗੁਨਾਹੇ ਨੌਜਵਾਨਾਂ ਦੀ ਮੌਤ ਲਈ ਅਕਾਲੀ ਦਲ ਨੂੰ ਜ਼ਿੰਮੇਵਾਰ ਮੰਨ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਮੁੱਚੇ ਵਰਗਾਂ ਵਿੱਚ ਅਕਾਲੀ-ਭਾਜਪਾ ਗਠਜੋੜ ਖਿਲਾਫ਼ ਭਾਰੀ ਗੁੱਸਾ ਹੈ ਤੇ ਲੋਕੀਂ ਅਕਾਲੀਆਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦੇ ਰਹੇ।
ਸ੍ਰੀ ਸਿੱਧੂ ਨੇ ਇਸ ਮੌਕੇ ਪਿੰਡ ਵਾਸੀਆਂ ਵੱਲੋਂ ਰੱਖੀਆਂ ਵੱਖ-ਵੱਖ ਮੰਗਾਂ ਨੂੰ ਚੋਣ ਜ਼ਾਬਤੇ ਮਗਰੋਂ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਮੌਕੇ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ,ਭਗਤ ਸਿੰਘ ਨਾਮਧਾਰੀ,ਜ਼ਿਲ੍ਹਾ ਪਰਿਸ਼ਦ ਉਮੀਦਵਾਰ ਠੇਕੇਦਾਰ ਮੋਹਣ ਸਿੰਘ ਬਠਲਾਣਾ,ਪੰਚਾਇਤ ਸਮਿਤੀ ਉਮੀਦਵਾਰ ਹਰਜਸ ਸਿੰਘ ਬੈਦਵਾਣ ਨੇ ਸੰਬੋਧਨ ਕਰਦਿਆਂ 19 ਸਤੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਹੱਥ ਪੰਜੇ ਨੂੰ ਵੋਟਾਂ ਪਾਕੇ ਕਾਂਗਰਸ ਨੂੰ ਜਿਤਾਉਣ ਦੀ ਅਪੀਲ ਕੀਤੀ। ਪਿੰਡ ਵਾਸੀਆਂ ਵੱਲੋਂ ਹਰਮੀਤ ਸਿੰਘ ਗਿੱਲ,ਅਮਰਜੀਤ ਸਿੰਘ ਗਿੱਲ,ਮੇਵਾ ਸਿੰਘ ਗਿੱਲ,ਗੁਰਚੈਨ ਸਿੰਘ,ਨੰਬਰਦਾਰ ਮੇਵਾ ਸਿੰਘ,ਸਰਪੰਚ ਕੁਲਦੀਪ ਸਿੰਘ,ਨਾਜ਼ਰ ਸਿੰਘ,ਪ੍ਰੋ ਜਗਤਾਰ ਗਿੱਲ ਚਿੱਲਾ,ਕੁਲਵੰਤ ਸਿੰਘ,ਗੁਰਦੀਪ ਸਿੰਘ,ਬਲਦੇਵ ਸਿੰਘ,ਨਛੱਤਰ ਸਿੰਘ,ਦਰਬਜੀਤ ਸਿੰਘ ਕਾਲਾ, ਬਹਾਦਰ ਸਿੰਘ ਗਿੱਲ ਆਦਿ ਨੇ ਕੈਬਨਿਟ ਮੰਤਰੀ ਸ੍ਰੀ ਸਿੱਧੂ ਤੇ ਹੋਰਨਾਂ ਨੂੰ ਸਿਰੋਪੇ ਭੇਂਟ ਕਰਕੇ ਸਨਮਾਨਿਤ ਕੀਤਾ। ਪਿੰਡ ਵਾਸੀਆਂ ਨੇ ਕਾਂਗਰਸੀ ਉਮੀਦਵਾਰ ਦੀ ਹਮਾਇਤ ਦਾ ਐਲਾਨ ਕੀਤਾ। ਸ੍ਰੀ ਸਿੱਧੂ ਨੇ ਪਿੰਡ ਬਾਕਰਪੁਰ ਤੇ ਹੋਰਨਾਂ ਪਿੰਡਾਂ ਵਿੱਚ ਪਾਰਟੀ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ।