ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ 62 ਲੱਖ 60 ਹਜਾਰ ਦੀ ਲਾਗਤ ਨਾਲ ਵਿਧਾਨ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਪੈਂਦੀਆਂ ਪਿੰਡ ਰਾਮਪੁਰ ਤੋਂ ਮਨਹੇੜਾ ਜੱਟਾਂ ਜਾਂਦੀ 1.53 ਕਿਲੋਮੀਟਰ ਲੰਮੀ ਸੜਕ, ਪਿੰਡ ਤਿੰਬਰਪੁਰ ਤੋਂ ਭਗੜਾਣਾ ਜਾਂਦੀ 1.40 ਕਿਲੋਮੀਟਰ ਨੰਮੀ ਸੜਕ ਅਤੇ ਪਿੰਡ ਝਾਮਪੁਰ ਤੋਂ ਰਾਮਪੁਰ ਜਾਂਦੀ 2.70 ਕਿਲੋਮੀਟਰ ਲੰਮੀ ਸੜਕ ਦੀ ਸਪੈਸ਼ਲ ਮੁਰੰਮਤ ਸ਼ੁਰੂ ਕਰਵਾਈ। ਇਸ ਉਪਰੰਤ ਮੀਡੀਆ ਨਾਲ ਗੈਰ ਰਸਮੀ ਗੱਲਬਾਤ ਕਰਦਿਆਂ ਨਾਗਰਾ ਨੇ ਕਿਹਾ ਕਿ ਪਿਛਲੇ 10 ਸਾਲਾਂ ਵਿੱਚ ਹਲਕੇ ਦੀਆਂ ਲਿੰਕ ਸੜਕਾਂ ਵੱਲ ਪਿਛਲੀ ਸਰਕਾਰ ਨੇ ਕੋਈ ਧਿਆਨ ਨਹੀਂ ਦਿੱਤਾ ਜਿਸ ਕਾਰਨ ਇਨ੍ਹਾਂ ਸੜਕਾਂ ਦੀ ਹਾਲਤ ਮਾੜੀ ਹੁੰਦੀ ਚਲੀ ਗਈ ਜਦੋਂ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਹਲਕੇ ਦੀਆਂ 265 ਕਿਲੋਮੀਟਰ ਲਿੰਕ ਸੜਕਾਂ ਦੀ ਸਪੈਸ਼ਲ ਮੁਰੰਮਤ ਦੀ ਮਨਜੂਰੀ ਦਿੱਤੀ ਹੈ ਤਾਂ ਜੋ ਪਿੰਡਾਂ ਦੇ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਵਿਧਾਇਕ ਨਾਗਰਾ ਨੇ ਕਿਹਾ ਕਿ ਕੈਪਟਨ ਸਰਕਾਰ ਪੰਜਾਬ ਦੇ ਹਰੇਕ ਵਰਗ ਦੇ ਲੋਕਾਂ ਨੂੰ ਮੁਢਲੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਰਾਜ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾਂ ਤੋਂ ਲੋਕ ਹਿੱਤਾਂ ਦੀ ਰਾਖੀ ਕਰਦੀ ਰਹੀ ਹੈ ਜਦੋਂ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਲੋਕਾਂ ਦੀਆਂ ਸਹੂਲਤਾਂ ਦੀ ਕਦੇ ਵੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਫ਼ਤਹਿਗੜ੍ਹ ਸਾਹਿਬ ਹਲਕੇ ਦੀ ਪਵਿੱਤਰ ਧਰਤੀ ਦੀ ਇਤਿਹਾਸਕ ਮਹੱਤਤਾ ਨੂੰ ਵੇਖਦੇ ਹੋਏ ਹਮੇਸ਼ਾਂ ਇਸ ਧਰਤੀ ਦੇ ਵਿਕਾਸ ਲਈ ਵਿਸ਼ੇਸ਼ ਪ੍ਰੋਜੈਕਟ ਉਲੀਕੇ ਹਨ ਜਿਨ੍ਹਾਂ ਤੇ ਆਉਣ ਵਾਲੇ ਕੁਝ ਹੀ ਸਮੇਂ ਬਾਅਦ ਕੰਮ ਸ਼ੁਰੂ ਹੋ ਜਾਵੇਗਾ। ਸ. ਨਾਗਰਾ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਅਤੇ ਨਸ਼ਿਆਂ ਤੋਂ ਆਜ਼ਾਦੀ ਸਿਰਲੇਖ ਹੇਠ ਜੋ ਮੁਹਿੰਮ ਸ਼ੁਰੂ ਕੀਤੀ ਹੈ ਉਸ ਵਿੱਚ ਹਰੇਕ ਵਰਗ ਦੇ ਲੋਕਾਂ ਨੂੰ ਆਪਣਾ ਉਸਾਰੂ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਤੇ ਨਰੋਆ ਬਣਾਇਆ ਜਾ ਸਕੇ। ਇਸ ਮੌਕੇ ਐਸ.ਡੀ.ਓ. ਮਨਦੀਪ ਸਿੰਘ, ਸਹਾਇਕ ਇੰਜਨੀਅਰ ਗੁਰਦਿਆਲ ਸਿੰਘ ਤੇ ਬਲਜਿੰਦਰ ਸਿੰਘ, ਪੰਜਾਬ ਕਾਂਗਰਸ ਦੇ ਸਕੱਤਰ ਬਲਵਿੰਦਰ ਸਿੰਘ ਮਾਵੀ, ਬਲਾਕ ਪ੍ਰਧਾਨ ਬਲਰਾਮ ਸ਼ਰਮਾ, ਰਣਧੀਰ ਸਿੰਘ ਝਾਮਪੁਰ, ਸਰਪੰਚ ਸਰਬਜੀਤ ਸਿੰਘ, ਦਿਲਬਾਗ ਸਿੰਘ, ਜਸਵੀਰ ਸਿੰਘ, ਹਰਦੀਪ ਸਿੰਘ, ਸ਼ੈਂਟੀ ਜਮੀਤਗੜ੍ਹ, ਬੀਰਦਵਿੰਦਰ ਸਿੰਘ, ਬਰਿੰਦਰ ਸਿੰਘ, ਕੁਲਵੰਤ ਸਿੰਘ, ਸੁਰਮੁੱਖ ਸਿੰਘ, ਨਰਾਇਣ ਦਾਸ ਜੀ, ਸੱਜਣ ਸਿੰਘ, ਮੋਹਣ ਸਿੰਘ, ਤਰੱਕੀ ਲਾਲ, ਭੁਪਿੰਦਰ ਸਿੰਘ, ਕੁਲਵਿੰਦਰ ਕੌਰ, ਜਸਵਿੰਦਰ ਸਿੰਘ, ਹਰਬੰਸ ਸਿੰਘ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ।