ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਘਰ-ਘਰ ਹਰਿਆਲੀ ਮਿਸ਼ਨ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਵੱਡੀ ਗਿਣਤੀ ਲੋਕ ਸਰਕਾਰ ਵੱਲੋਂ ਮੁਫਤ ਮੁਹੱਈਆ ਕਰਵਾਏ ਜਾ ਰਹੇ ਬੂਟੇ ਹਾਸਲ ਕਰਕੇ ਵੱਖ-ਵੱਖ ਥਾਵਾਂ ਉਤੇ ਲਾ ਰਹੇ ਹਨ। ਇਸ ਸਬੰਧੀ ਪੰਜਾਬ ਸਰਕਾਰ ਦੀ ਜਿੰਨੀ ਸਲਾਘਾ ਕੀਤੀ ਜਾਵੇ ਓਨੀ ਘੱਟ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਯੂਥ ਕਾਂਗਰਸੀ ਆਗੂ ਐਡਵੋਕੇਟ ਕੰਵਰਵੀਰ ਸਿੰਘ ਸਿੱਧੂ ਨੇ ਸੈਕਟਰ-68 ਵਿਖੇ ਘਰ-ਘਰ ਹਰਿਆਲੀ ਮਿਸ਼ਨ ਤਹਿਤ ਲੋਕਾਂ ਨੂੰ ਬੂਟੇ ਵੰਡਣ ਮੌਕੇ ਕੀਤਾ। ਇਸ ਮੌਕੇ ਸ. ਸਿੱਧੂ ਨੇ ਕਿਹਾ ਕਿ ਵਾਤਾਵਰਨ ਦੀ ਸੰਭਾਲ ਲਈ ਬੂਟੇ ਲਾਉਣ ਦੇ ਨਾਲ-ਨਾਲ ਬੂਟਿਆਂ ਦੀ ਸੁਚੱਜੀ ਦੇਖ-ਰੇਖ ਵੀ ਜ਼ਰੂਰੀ ਹੈ। ਅੱਜ ਲਾਏ ਗਏ ਬੂਟੇ ਆਉਣ ਵਾਲੇ ਸਮੇਂ ਵਿੱਚ ਦਰਖਤ ਬਣ ਕੇ ਆਉਣ ਵਾਲੀਆਂ ਪੀੜੀਆਂ ਲਈ ਸਹਾਈ ਸਿੱਧ ਹੋਣਗੇ ਅਤੇ ਆਲਮੀ ਤਪਸ਼ ਵਰਗੀਆਂ ਸਮੱਸਿਆਵਾਂ ਨੂੰ ਠੱਲ ਪਾਈ ਜਾ ਸਕੇਗੀ। ਇਸ ਮੌਕੇ ਬੂਟੇ ਪ੍ਰਾਪਤ ਕਰਨ ਵਾਲਿਆਂ ਨੇ ਅਹਿਦ ਕੀਤਾ ਕਿ ਉਹ ਵੱਧ ਤੋਂ ਵੱਧ ਬੂਟੇ ਲਾਉਣ ਦੇ ਨਾਲ ਨਾਲ ਉਹਨਾਂ ਦੀ ਸੰਭਾਲ ਵੀ ਕਰਨਗੇ। ਸੈਕਟਰ-68 ਵਿਖੇ ਵੰਡੇ ਗਏ ਬੂਟੇ ਜੰਗਲਾਤ ਵਿਭਾਗ ਦੀ ਖਰੜ ਸਥਿਤ ਨਰਸਰੀ ਤੋਂ ਮੁਹੱਈਆ ਕਰਵਾਏ ਗਏ ਸਨ।